ਕਾਬੁਲ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਲੋਕਾਂ ਵਿੱਚ ਆਤਮਘਾਤੀ ਹਮਲੇ ਕਾਰਨ 29 ਮਰੇ


ਕਾਬੁਲ, 22 ਮਾਰਚ (ਪੋਸਟ ਬਿਊਰੋ)- ਅਫਗਾਨਿਸਤਾਨ ਵਿੱਚ ਪਾਰਸੀ ਲੋਕਾਂ ਦੇ ਨਵੇਂ ਸਾਲ ਦੇ ਜਸ਼ਨ ਦੇ ਦੌਰਾਨ ਸ਼ੀਆ ਮਸਜਿਦ ਵੱਲ ਜਾਂਦੀ ਸੜਕ ‘ਤੇ ਇਸਲਾਮਕ ਸਟੇਟ ਦੇ ਆਤਮਘਾਤੀ ਹਮਲੇ ਵਿੱਚ 29 ਲੋਕ ਮਾਰੇ ਗਏ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪੈਦਲ ਆਏ ਆਤਮਘਾਤੀ ਹਮਲਾਵਰ ਦੇ ਇਸ ਹਮਲੇ ਵਿੱਚ 52 ਲੋਕ ਜ਼ਖਮੀ ਵੀ ਹੋਏ ਹਨ।
ਜੇਹਾਦੀ ਵੈੱਬਸਾਈਟਾਂ ‘ਤੇ ਨਜ਼ਰ ਰੱਖਣ ਵਾਲੇ ਐਸ ਆਈ ਟੀ ਈ ਗਰੁੱਪ ਦੇ ਮੁਤਾਬਕ ਇਸਲਾਮਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈ ਐਸ ਨੇ ਦਾਅਵਾ ਕੀਤਾ ਕਿ ਹਮਲੇ ਦਾ ਲਕਸ਼ ‘ਨਵਰੋਜ ਦਾ ਜਸ਼ਨ ਮਨਾਉਣ ਆਏ ਸ਼ੀਆ’ ਨੂੰ ਨਿਸ਼ਾਨਾ ਬਣਾਉਣਾ ਸੀ। ਅਫਗਾਨਿਸਤਾਨ ਵਿੱਚ ਪਾਰਸੀ ਨਵੇਂ ਸਾਲ ‘ਨਵਰੋਜ; ਉਤੇ ਰਾਸ਼ਟਰੀ ਛੁੱਟੀ ਹੁੰਦੀ ਅਤੇ ਦੇਸ਼ ਵਿੱਚ ਘੱਟ ਗਿਣਤੀ ਸ਼ੀਆ ਆਮ ਤੌਰ ‘ਤੇ ਜਸ਼ਨ ਮਨਾਉਣ ਮਸਜਿਦ ਜਾਂਦੇ ਹਨ। ਆਈ ਐੱਸ ਦੇ ਸੁੰਨੀ ਅੱਤਵਾਦੀ ਵਾਰ-ਵਾਰ ਸ਼ੀਆ ਨੂੰ ਨਿਸ਼ਾਨਾ ਬਣਾਉਂਦੇ ਹਨ। ਕਾਬੁਲ ਦੇ ਪੁਲਸ ਮੁਖੀ ਜਨਰਲ ਦਾਊਦ ਅਮੀਨ ਨੇ ਕਿਹਾ ਕਿ ਇਹ ਹਮਲਾ ਸਾਖੀ ਮਸਜਿਦ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕਾਬੁਲ ਯੂਨੀਵਰਸਿਟੀ ਅਤੇ ਇੱਕ ਸਰਕਾਰੀ ਹਸਪਤਾਲ ਦੇ ਨੇੜੇ ਹੋਇਆ ਜਿੱਥੇ ਪਾਰਸੀ ਨਵੇਂ ਸਾਲ ਨਵਰੋਜ ਦੇ ਮੌਕੇ ‘ਤੇ ਵੱਡੀ ਗਿਣਤੀ ਵਿੱਚ ਅਫਗਾਨ ਨਾਗਰਿਕ ਇਕੱਠੇ ਹੋਏ ਸਨ।