ਕਾਬੁਲ ਵਿੱਚ ਦੋਹਰੇ ਆਤਮਘਾਤੀ ਹਮਲਿਆਂ ਵਿੱਚ 25 ਹਲਾਕ


*ਮਰਨ ਵਾਲਿਆਂ ਵਿੱਚ 9 ਰਿਪੋਰਟਰ ਵੀ ਸ਼ਾਮਲ
ਕਾਬੁਲ, 30 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਦੋ ਇਸਲਾਮਿਕ ਸਟੇਟ ਆਤਮਘਾਤੀ ਹਮਲਾਵਰਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹਮਲਾ ਕਰਕੇ 25 ਲੋਕਾਂ ਦੀ ਜਾਨ ਲੈ ਲਈ, ਇਨ੍ਹਾਂ ਵਿੱਚੋਂ 9 ਰਿਪੋਰਟਰ ਵੀ ਸਨ। 2001 ਵਿੱਚ ਤਾਲਿਬਾਨ ਦੇ ਪਤਨ ਸਮੇਂ ਤੋਂ ਲੈ ਕੇ ਹੁਣ ਤੱਕ ਪੱਤਰਕਾਰਾਂ ਉੱਤੇ ਹੋਇਆ ਇਹ ਸੱਭ ਤੋਂ ਵੱਡਾ ਹਮਲਾ ਹੈ। ਇਹ ਸਾਰੇ ਪੱਤਰਕਾਰ ਪਹਿਲੇ ਹਮਲੇ ਦੀ ਖਬਰ ਕਵਰ ਕਰਨ ਲਈ ਮੌਕੇ ਉੱਤੇ ਪਹੁੰਚੇ ਸਨ ਜਦੋਂ ਦੂਜੇ ਹਮਲੇ ਵਿੱਚ ਖੁਦ ਵੀ ਮਾਰੇ ਗਏ।
ਪੁਲਿਸ ਨੇ ਦੱਸਿਆ ਕਿ ਏਜੰਸੇ ਫਰਾਂਸ ਪ੍ਰੈਸੇ ਦਾ ਫੋਟੋਗ੍ਰਾਫਰ ਤੇ ਲੋਕਲ ਟੋਲੋ ਟੀਵੀ ਸਟੇਸ਼ਨ ਦਾ ਕੈਮਰਾਮੈਨ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ। ਰੇਡੀਓ ਫਰੀ ਯੂਰਪ ਦੀ ਅਫਗਾਨ ਬ੍ਰਾਂਚ ਦੇ ਦੋ ਰਿਪੋਰਟਰ ਤੇ ਜਲਦ ਹੀ ਉਨ੍ਹਾਂ ਦੇ ਨਾਲ ਕੰਮ ਸ਼ੁਰੂ ਕਰਨ ਜਾ ਰਿਹਾ ਇੱਕ ਹੋਰ ਪੱਤਰਕਾਰ ਵੀ ਇਸ ਹਮਲੇ ਵਿੱਚ ਮਾਰੇ ਗਏ। ਇਨ੍ਹਾਂ ਹਮਲਿਆਂ ਵਿੱਚ 45 ਲੋਕ ਜ਼ਖ਼ਮੀ ਹੋ ਗਏ। ਕਾਬੁਲ ਪੁਲਿਸ ਦੇ ਬੁਲਾਰੇ ਹਸ਼ਮਤ ਸਟੇਨਕਜ਼ਈ ਅਨੁਸਾਰ ਮਾਰੇ ਗਏ ਲੋਕਾਂ ਵਿੱਚ ਚਾਰ ਪੁਲਿਸ ਵਾਲੇ ਵੀ ਸ਼ਾਮਲ ਹਨ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਤੋਂ ਕੁੱਝ ਘੰਟੇ ਬਾਅਦ ਹੀ ਦੱਖਣੀ ਕੰਧਾਰ ਪ੍ਰੋਵਿੰਸ ਵਿੱਚ ਨਾਟੋ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਆਤਮਘਾਤੀ ਕਾਰ ਬੰਬ ਧਮਾਕੇ ਵਿੱਚ ਨੇੜਲੇ ਧਾਰਮਿਕ ਸਕੂਲ ਦੇ 11 ਬੱਚੇ ਮਾਰੇ ਗਏ। ਕੰਧਾਰ ਤੋਂ ਵਿਧਾਇਕ ਅਬਦੁਲ ਰਹੀਮ ਅਯੂਬੀ ਨੇ ਦੱਸਿਆ ਕਿ ਬੱਚੇ ਮੌਜ ਮਸਤੀ ਕਰਨ ਲਈ ਨਾਟੋ ਦੇ ਕਾਫਲੇ ਦੇ ਦੁਆਲੇ ਇੱਕਠੇ ਹੋਏ ਸਨ ਜਦੋਂ ਬੰਬ ਧਮਾਕਾ ਹੋਇਆ। ਇਸ ਹਮਲੇ ਵਿੱਚ ਅੱਠ ਰੋਮਾਨੀਅਨ ਨਾਟੋ ਸੈਨਿਕ ਵੀ ਜ਼ਖ਼ਮੀ ਹੋ ਗਏ।
ਆਨਲਾਈਨ ਜਾਰੀ ਕੀਤੇ ਬਿਆਨ ਵਿੱਚ ਇਸਲਾਮਿਕ ਸਟੇਟ ਗਰੁੱਪ ਨੇ ਕਾਬੁਲ ਵਿੱਚ ਹੋਏ ਧਮਾਕਿਆਂ ਦੀ ਜਿ਼ੰਮੇਵਾਰੀ ਲਈ ਹੈ। ਇਹ ਵੀ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਅਫਗਾਨ ਦੀ ਖੁਫੀਆ ਏਜੰਸੀ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ। ਬਿਆਨ ਵਿੱਚ ਇਹ ਕਿਤੇ ਵੀ ਨਹੀਂ ਆਖਿਆ ਗਿਆ ਕਿ ਇਨ੍ਹਾਂ ਹਮਲਿਆਂ ਵਿੱਚ ਪੱਤਰਕਾਰਾਂ ਨੂੰ ਉਚੇਚੇ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ।