ਕਾਂਟਰੈਕਟ ਵੋਟ ਤੋਂ ਪਹਿਲਾਂ ਓਨਟਾਰੀਓ ਕਾਲਜ ਤੇ ਫੈਕਲਟੀ ਵਿੱਚ ਟਕਰਾਅ ਵਧਿਆ


ਹੜਤਾਲ 5ਵੇਂ ਹਫਤੇ ਹੋਈ ਦਾਖਲ
ਟੋਰਾਂਟੋ, 13 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਕਾਲਜ ਤੇ ਹੜਤਾਲ ਉੱਤੇ ਚੱਲ ਰਹੇ ਫੈਕਲਟੀ ਮੈਂਬਰਾਂ ਦੀ ਅਗਵਾਈ ਕਰ ਰਹੀ ਯੂਨੀਅਨ ਵੱਲੋਂ ਕਾਂਟਰੈਕਟ ਵੋਟ ਤੋਂ ਪਹਿਲਾਂ ਇੱਕ ਦੂਜੇ ਉੱਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਲੇਬਰ ਵਿਵਾਦ ਦੇ ਚੱਲਦਿਆਂ ਅੱਧੇ ਮਿਲੀਅਨ ਤੋਂ ਵੀ ਵੱਧ ਵਿਦਿਆਰਥੀਆਂ ਨੂੰ ਕਲਾਸਾਂ ਦੇ ਦਰਸ਼ਨ ਕੀਤਿਆਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਦੇ ਕਾਲਜ ਪ੍ਰੋਫੈਸਰਾਂ, ਇੰਸਟ੍ਰਕਟਰਜ਼, ਕਾਉਂਸਲਰਜ਼ ਤੇ ਲਾਇਬ੍ਰੇਰੀਅਨਜ਼ ਵਿੱਚੋਂ 12000 ਬੀਤੀ 15 ਅਕਤੂਬਰ ਤੋਂ ਕੰਮ ਉੱਤੇ ਨਹੀਂ ਪਹੁੰਚੇ ਹਨ। ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ, ਜੋ ਕਿ ਹੜਤਾਲ ਉੱਤੇ ਗਏ ਫੈਕਲਟੀ ਮੈਂਬਰਾਂ ਦੀ ਨੁਮਾਇੰਦਗੀ ਕਰ ਰਹੀ ਹੈ, ਦਾ ਕਹਿਣਾ ਹੈ ਕਿ ਕਾਲਜ ਇਤਿਹਾਸ ਵਿੱਚ ਇਹ ਹੜਤਾਲ ਸੱਭ ਤੋਂ ਲੰਮੀਂ ਚੱਲੀ ਹੈ।
ਓਪੀਐਸਈਯੂ ਫੈਕਲਟੀ ਦੀ ਬਾਰਗੇਨਿੰਗ ਟੀਮ ਦੇ ਮੈਂਬਰ ਕੈਵਿਨ ਮੈਕੇਅ ਨੇ ਸੋਮਵਾਰ ਨੂੰ ਆਖਿਆ ਕਿ ਕਾਲਜਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਸਮੈਸਟਰ ਹੀ ਪੂਰਾ ਨਾ ਹੋਇਆ ਹੋਵੇ। ਉਨ੍ਹਾਂ ਆਖਿਆ ਕਿ ਜੇ ਇਸ ਹਫਤੇ ਵੀ ਹੜਤਾਲ ਖ਼ਤਮ ਨਾ ਹੋਈ ਤਾਂ ਸਮੈਸਟਰ ਨੂੰ ਖਤਰਾ ਹੈ। ਪ੍ਰੋਵਿੰਸ ਦੇ 24 ਕਾਲਜਾਂ ਦੀ ਨੁਮਾਇੰਦਗੀ ਕਰਦੀ ਕਾਉਂਸਲ ਦਾ ਕਹਿਣਾ ਹੈ ਕਿ ਤਾਜ਼ਾ ਕਾਂਟਰੈਕਟ ਆਫਰ ਨੂੰ ਸਵੀਕਾਰ ਕਰਨ ਦਾ ਭਾਵ ਹੋਵੇਗਾ ਕਿ ਵਿਦਿਆਰਥੀ ਅਗਲੇ ਮੰਗਲਵਾਰ ਤੋਂ ਕਲਾਸਾਂ ਲਾ ਸਕਣਗੇ।
ਜਿ਼ਕਰਯੋਗ ਹੈ ਕਿ ਕਾਲਜ ਇੰਪਲਾਇਰ ਕਾਉਂਸਲ ਤੇ ਯੂਨੀਅਨ ਦਰਮਿਆਨ ਗੱਲਬਾਤ ਪਿਛਲੇ ਹਫਤੇ ਉਦੋਂ ਟੁੱਟ ਗਈ ਸੀ ਜਦੋਂ ਕਾਉਂਸਲ ਨੇ ਓਨਟਾਰੀਓ ਲੇਬਰ ਰਿਲੇਸ਼ਨਜ਼ ਬੋਰਡ ਨੂੰ ਆਪਣੀ ਪੇਸ਼ਕਸ਼ ਵਿੱਚ ਵੋਟ ਨੂੰ ਸ਼ਾਮਲ ਕਰਨ ਲਈ ਵੀ ਆਖਿਆ। ਕਾਲਜਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚਾਰ ਸਾਲਾਂ ਵਿੱਚ ਤਨਖਾਹ ਵਿੱਚ 7.75 ਫੀ ਸਦੀ ਵਾਧਾ, ਇਸ ਦੇ ਨਾਲ ਪ੍ਰੈਗਨੈਂਸੀ ਤੇ ਪੇਰੈਂਟਲ ਲੀਵ ਵਿੱਚ ਵਾਧਾ, ਪੈਰਾਮੈਡੀਕਲ ਸਰਵਿਸਿਜ਼ ਵਿੱਚ 500 ਡਾਲਰ ਦਾ ਇਜਾਫਾ ਤੇ ਪਾਰਟ ਟਾਈਮ ਫੈਕਲਟੀ ਲਈ ਕੁੱਝ ਹੋਰ ਮਾਪਦੰਡ ਅਪਨਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।
ਕਾਲਜਾਂ ਦੀ ਬਾਰਗੇਨਿੰਗ ਟੀਮ ਦੀ ਚੇਅਰ ਸੋਨੀਆ ਡੈੱਲ ਮਿਸੀਅਰ ਨੇ ਆਖਿਆ ਕਿ ਦੋਵਾਂ ਧਿਰਾਂ ਵੱਲੋਂ ਬਹੁਤੇ ਮੁੱਦਿਆਂ ਉੱਤੇ ਸਹਿਮਤੀ ਵੀ ਬਣ ਚੁੱਕੀ ਹੈ ਬੱਸ ਅਕਾਦਮਿਕ ਅਜ਼ਾਦੀ ਨਾਲ ਸਬੰਧਤ ਭਾਸ਼ਾ ਦੇ ਮਾਮਲੇ ਵਿੱਚ ਗੱਲ ਸਿਰੇ ਨਹੀਂ ਲੱਗੀ। ਪਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਪੇਸ਼ਕਸ਼ ਵਿੱਚ ਵੀ ਕਈ ਤਰ੍ਹਾਂ ਦੀ ਛੋਟ ਰੱਖੀ ਗਈ ਹੈ ਜਿਸ ਉੱਤੇ ਸਹਿਮਤੀ ਨਹੀਂ ਬਣੀ ਹੈ।