ਕਾਂਗਰਸ ਸਿਰਫ ਇੱਕ ਬ੍ਰਿਟਿਸ਼ ਅਫਸਰ ਦੀਆਂ ਖੁਸ਼ਫਹਿਮੀ ਦਾ ਸਿੱਟਾ ਨਹੀਂ

-ਰਾਮ ਪੁਨਿਆਣੀ
ਮਹਾਤਮਾ ਗਾਂਧੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਉੱਤੇ ਪਤਾ ਨਹੀਂ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇਨ੍ਹਾਂ ਦੋਵਾਂ ਬਾਰੇ ਇਨ੍ਹਾਂ ਕਿਤਾਬਾਂ ਵਿੱਚ ਕਈ ਤਰ੍ਹਾਂ ਦੇ ਵਿਚਾਰ ਪੜ੍ਹਨ ਨੂੰ ਮਿਲਦੇ ਹਨ। ਵਿਚਾਰ ਅੱਗੋਂ ਪੇਸ਼ ਕਰਨ ਵਾਲਿਆਂ ਦੀ ਆਪਣੀ ਵਿਚਾਰਧਾਰਾ ‘ਤੇ ਨਿਰਭਰ ਕਰਦੇ ਹਨ। ਪ੍ਰਚਲਿਤ ਵਿਚਾਰਾਂ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਿਛਲੇ ਮਹੀਨੇ ਉਦੋਂ ਨਵਾਂ ਅਧਿਆਏ ਜੋੜ ਦਿੱਤਾ, ਜਦੋਂ ਉਨ੍ਹਾਂ ਗਾਂਧੀ ਨੂੰ ‘ਚਲਾਕ ਬਾਣੀਆਂ’ ਵੀ ਕਰਾਰ ਦੇ ਦਿੱਤਾ। ਮਹਾਤਮਾ ਗਾਂਧੀ ਦਾ ਅਜਿਹਾ ਵਰਗੀਕਰਨ ਕਰ ਕੇ ਅਮਿਤ ਸ਼ਾਹ ਵੀ ਮੁਹੰਮਦ ਅਲੀ ਜਿੱਨਾਹ ਵਰਗੇ ਲੋਕਾਂ ਦੀ ਕਤਾਰ ‘ਚ ਖੜ੍ਹੇ ਹੋ ਗਏ, ਜੋ ਹਮੇਸ਼ਾ ਗਾਂਧੀ ਦੇ ਬਾਣੀਆ ਹੋਣ ਦੀ ਮਿਸਾਲ ਦਿੰਦੇ ਸਨ। ਜਿੱਥੋਂ ਤੱਕ ਗਾਂਧੀ ਦਾ ਸਵਾਲ ਹੈ, ਉਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਕੰਮਾਂ ਨਾਲ ਆਪਣੀ ਜਨਮ ਦੀ ਜਾਤ ਨੂੰ ਅਢੁੱਕਵੀਂ ਬਣਾ ਦਿੱਤਾ ਸੀ।
ਸੰਨ 1922 ਵਿੱਚ ਜਦੋਂ ਅਦਾਲਤ ਵਿੱਚ ਮੈਜਿਸਟਰੇਟ ਨੇ ਉਨ੍ਹਾਂ ਦੀ ਜਾਤ ਪੁੱਛੀ ਤਾਂ ਗਾਂਧੀ ਨੇ ਇਹ ਕਿਹਾ ਕਿ ‘ਮੈਂ ਇੱਕ ਕਿਸਾਨ ਵੀ ਹਾਂ ਤੇ ਜੁਲਾਹਾ ਵੀ।’ ਸਿਧਾਂਤਕ ਤੌਰ ਉੱਤੇ ਗਾਂਧੀ ਜੀ ਬੇਸ਼ੱਕ ਜਾਤ ਪ੍ਰਥਾ ਦਾ ਆਧਾਰ ਮੰਨੇ ਜਾਣ ਵਾਲੇ ‘ਵਰਣ-ਆਸ਼ਰਮ’ ਉੱਤੇ ਪਹਿਰਾ ਦਿੰਦੇ ਰਹੇ, ਪਰ ਜਦੋਂ ਵਿਹਾਰਕ ਜੀਵਨ ‘ਚ ਉਨ੍ਹਾਂ ਜਾਤ-ਪਾਤ ਅਤੇ ਛੂਤਛਾਤ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ, ਆਪਣੇ ਸਾਬਰਮਤੀ ਆਸ਼ਰਮ ਵਿੱਚ ਉਹ ਅਛੂਤ ਪਰਵਾਰ ਨੂੰ ਰੱਖਣ ਦੀ ਜਿੱਦ ਉੱਤੇ ਅੜ ਗਏ। ਇਥੋਂ ਤੱਕ ਕਿ ਦਿੱਲੀ ‘ਚ ਉਹ ਖੁਦ ਇੱਕ ਭੰਗੀ ਕਲੋਨੀ ਵਿੱਚ ਰਹਿੰਦੇ ਰਹੇ ਤੇ ਖੁਦ ਮਨੁੱਖਾਂ ਦਾ ਮਲ-ਮੂਤਰ ਤੱਕ ਸਾਫ ਕਰਦੇ ਰਹੇ।
ਅਮਿਤ ਸ਼ਾਹ ਨੇ ਦੂਜੀ ਟਿੱਪਣੀ ਕਾਂਗਰਸ ਦੀ ਫਿਤਰਤ ਦੇ ਸੰਬੰਧ ਵਿੱਚ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਕਾਂਗਰਸ ਪਾਰਟੀ ਦੀ ਨੀਂਹ ਇੱਕ ਬ੍ਰਿਟਿਸ਼ ਵਿਅਕਤੀ ਨੇ ਇੱਕ ਕਲੱਬ ਦੇ ਰੂਪ ਵਿੱਚ ਰੱਖੀ ਸੀ, ਬਾਅਦ ਵਿੱਚ ਇਸ ਨੂੰ ਆਜ਼ਾਦੀ ਅੰਦੋਲਨ ਵਿੱਚ ਡਟੇ ਸੰਗਠਨ ਵਿੱਚ ਬਦਲ ਦਿੱਤਾ ਗਿਆ।’ ਉਨ੍ਹਾਂ ਨੇ ਕਾਂਗਰਸ ਨੂੰ ਇੱਕ ਅਜਿਹੇ ਢਿੱਲੇ-ਮੱਠੇ ਸੰਗਠਨ ਵਜੋਂ ਪੇਸ਼ ਕੀਤਾ, ਜਿਸ ਕੋਲ ਖੁਦ ਦੀ ਕੋਈ ਵਿਚਾਰਕ ਵਚਨਬੱਧਤਾ ਨਹੀਂ ਅਤੇ ਵਿਦੇਸ਼ੀ ਸੱਤਾ ਦਾ ਵਿਰੋਧ ਕਰਨਾ ਹੀ ਇਸ ਦਾ ਇੱਕੋ-ਇੱਕ ਟੀਚਾ ਸੀ।
ਇਹ ਦੋਵੇਂ ਪਰਿਭਾਸ਼ਾਵਾਂ ਨਾ ਸਿਰਫ ਓਪਰੀਆਂ ਹਨ, ਸਗੋਂ ਆਜ਼ਾਦੀ ਅੰਦੋਲਨ ਦੀ ਅਗਵਾਈ ਕਰ ਚੁੱਕੀ ਇੱਕ ਪਾਰਟੀ ਦੇ ਉਭਰਨ ਅਤੇ ਸੰਘਰਸ਼ਾਂ ਦੀ ਜਟਿਲਤਾ ਨੂੰ ਤੋੜ-ਮਰੋੜ ਕੇ ਪੇਸ਼ ਕਰਦੀਆਂ ਹਨ।
ਬ੍ਰਿਟਿਸ਼ ਸ਼ਾਸਕਾਂ ਵੱਲੋਂ ਆਧੁਨਿਕ ਆਵਾਜਾਈ ਵਿਵਸਥਾ, ਆਧੁਨਿਕ ਸਿਖਿਆ ਅਤੇ ਉਦਯੋਗੀਕਰਨ ਸ਼ੁਰੂ ਕੀਤੇ ਜਾਣ ਨਾਲ ਸਮਾਜ ਤੇਜ਼ੀ ਨਾਲ ਬਦਲ ਰਿਹਾ ਸੀ ਅਤੇ ਨਵੇਂ ਸਮਾਜਕ, ਉਦਯੋਗਪਤੀ, ਮਜ਼ਦੂਰ ਅਤੇ ਆਧੁਨਿਕ ਪੜ੍ਹੇ-ਲਿਖੇ, ਸਿਖਿਅਤ ਵਰਗ ਉਭਰਨੇ ਸ਼ੁਰੂ ਹੋਏ ਸਨ। ਹੌਲੀ ਹੌਲੀ ਇਨ੍ਹਾਂ ਵਰਗਾਂ ਨੂੰ ਨਜ਼ਰ ਆਉਣ ਲੱਗਾ ਕਿ ਬ੍ਰਿਟਿਸ਼ ਨੀਤੀਆਂ ਸਿਰਫ ਭਾਰਤ ਦੀ ਕੀਮਤ ‘ਤੇ ਇੰਗਲੈਂਡ ਨੂੰ ਅਮੀਰ ਬਣਾਉਣ ਦੇ ਟੀਚੇ ਉੱਤੇ ਆਧਾਰਤ ਹਨ। ਉਨ੍ਹਾਂ ਨੇ ਇਹ ਵੀ ਤਾੜ ਲਿਆ ਕਿ ਇਸ ਦੇਸ਼ ਵਿੱਚ ਸਮਰੱਥਾ ਨੂੰ ਵਿਕਸਿਤ ਕਰਨ ਲਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਦਾ ਮੁਕਾਬਲਾ ਕਰਨ ਲਈ ਦੇਸ਼ ਵਿੱਚ ਕਈ ਸੰਗਠਨ ਹੋਂਦ ਵਿੱਚ ਆਏ, ਜਿਵੇਂ ਦਾਦਾ ਭਾਈ ਨਾਰੋਜੀ ਦੀ ਈਸਟ ਇੰਡੀਆ ਐਸੋਸੀਏਸ਼ਨ (1866), ਜਸਟਿਸ ਰਾਣਾਡੇ ਦੀ ਪੁਣੇ ਜਨਤਕ ਸਭਾ (1870), ਆਨੰਦ ਮੋਹਨ ਤੇ ਸੁਰਿੰਦਰ ਬੋਸ ਦਾ ਇੰਡੀਅਨ ਐਸੋਸੀਏਸ਼ਨ (1876),ਅਤੇ ਵੀਰ ਰਾਘਵਾਚਾਰੀ ਦੀ ਮਦਰਾਸ ਮਹਾਜਨ ਸਭਾ (1884)। ਇਨ੍ਹਾਂ ਸੰਗਠਨਾਂ ਨੂੰ ਮਹਿਸੂਸ ਹੋਇਆ ਕਿ ਕੁਲ ਹਿੰਦ ਸੰਗਠਨ ਹੋਣਾ ਚਾਹੀਦਾ ਹੈ। ਇਸੇ ਦਰਮਿਆਨ ਇੱਕ ਬ੍ਰਿਟਿਸ਼ ਅਫਸਰ ਏ ਓ ਹਿਊਮ ਨੂੰ ਵੀ ਭਾਰਤੀਆਂ ਲਈ ਇੱਕ ਕੁਲ ਹਿੰਦ ਸੰਗਠਨ ਦੀ ਸੁੱਝੀ।
ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਹਿਊਮ ਆਪਣਾ ਗੁੱਸਾ ਕੱਢਣ ਲਈ ਭਾਰਤੀ ਲੋਕਾਂ ਨੂੰ ਅਜਿਹਾ ਮੰਚ ਪੇਸ਼ ਕਰਨਾ ਚਾਹੁੰਦੇ ਸਨ, ਜਿੱਥੇ ਉਹ ਆਪਣੀ ਭੜਾਸ ਖੁੱਲ੍ਹ ਕੇ ਕੱਢ ਸਕਣ। ਉਭਰ ਰਹੇ ਭਾਰਤ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੇ ਇਨ੍ਹਾਂ ਸੰਗਠਨਾਂ ਨੇ ਕਾਂਗਰਸ ਦਾ ਗਠਨ ਕਰਨ ਲਈ ਹਿਊਮ ਨਾਲ ਹੱਥ ਮਿਲਾਇਆ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਇਹ ਲੇਖਾ ਲਾ ਕੇ ਏਦਾਂ ਕੀਤਾ ਸੀ ਕਿ ਬ੍ਰਿਟਿਸ਼ ਸ਼ਾਸਕਾਂ ਨਾਲ ਦੁਸ਼ਮਣੀ ਮੁੱਲ ਨਾ ਲਈ ਜਾਵੇ ਅਤੇ ਇੱਕ ਅਜਿਹਾ ਮੰਚ ਬਣਾਇਆ ਜਾਵੇ, ਜੋ ਸਿਆਸੀ ਅਤੇ ਆਰਥਿਕ ਤਰੱਕੀ ਲਈ ਭਾਰਤੀ ਕੌਮੀ ਚੇਤਨਾ ਨੂੰ ਹੋਰ ਵੀ ਪੁਖਤਾ ਬਣਾਵੇ। ਆਧੁਨਿਕ ਭਾਰਤ ਦੇ ਇਤਿਹਾਸਕਾਰ ਬਿਪਨ ਚੰਦਰ ਅਨੁਸਾਰ ਭਾਰਤੀ ਰਾਸ਼ਟਰਵਾਦੀਆਂ ਨੇ ਉਭਰਦੇ ਭਾਰਤ ਲਈ ਅਜਿਹਾ ਮੰਚ ਇਸਤੇਮਾਲ ਕਰ ਕੇ ਹਿਊਮ ਨੂੰ ‘ਬਿਜਲੀ ਚਾਲਕ’ ਵਾਂਗ ਵਰਤਿਆ।
ਕੌਮੀ ਅੰਦੋਲਨ ਉਭਰਦੇ ਸਮਾਜਕ ਵਰਗਾਂ ਦੀਆਂ ਖਾਹਿਸ਼ਾਂ ‘ਤੇ ਆਧਾਰਤ ਸੀ, ਪਰ ਫਿਰਕੂ ਸੰਗਠਨਾਂ ਦੀਆਂ ਜੜ੍ਹਾਂ ਜਾਗੀਰਦਾਰਾਂ, ਰਾਜਿਆਂ-ਨਵਾਬਾਂ ‘ਤੇ ਆਧਾਰਤ ਸਨ, ਭਾਵ ਕਾਂਗਰਸ ਸਿਰਫ ਇੱਕ ਬ੍ਰਿਟਿਸ਼ ਅਧਿਕਾਰੀਆਂ ਦੀ ਖੁਸ਼ਫਹਿਮੀ ਦਾ ਸਿੱਟਾ ਨਹੀਂ ਸੀ, ਜਿਵੇਂ ਅਮਿਤ ਸ਼ਾਹ ਸਾਨੂੰ ਦੱਸਣਾ ਚਾਹੁੰਦੇ ਹਨ। ਹਿਊਮ ਦੀ ਪਹਿਲ ਕਦਮੀ ਭਾਰਤੀ ਦੇਸ਼ਭਗਤਾਂ ਲਈ ਆਪਣੀਆਂ ਸਿਆਸੀ ਇੱਛਾਵਾਂ ਜ਼ਾਹਰ ਕਰਨ ਦਾ ਸਭ ਤੋਂ ਢੁੱਕਵਾਂ ਬਦਲ ਸੀ।
ਅਮਲੀ ਤੌਰ ‘ਤੇ ਕੌਮੀ ਅੰਦੋਲਨ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਆਧਾਰ ‘ਤੇ ਖੜ੍ਹਾ ਕੀਤਾ ਜਾ ਰਿਹਾ ਸੀ। ਇਸ ਪ੍ਰਕਿਰਿਆ ‘ਚ ਅਸੀਂ ਦੇਖਦੇ ਹਾਂ ਕਿ ਸਾਰੇ ਮਜ੍ਹਬਾਂ, ਜਾਤਾਂ ਅਤੇ ਖੇਤਰਾਂ ਦੇ ਲੋਕ ਵੱਡੀ ਗਿਣਤੀ ਵਿੱਚ ਇਸ ਸੰਗਠਨ ਨਾਲ ਜੁੜ ਗਏ। ਅਮਿਤ ਸ਼ਾਹ ਕਾਂਗਰਸ ਨੂੰ ਸਿਧਾਂਤਾਂ ਤੋਂ ਕੋਰੇ ਸੰਗਠਨ ਦਾ ਨਾਂਅ ਦਿੰਦੇ ਹਨ, ਫਿਰ ਵੀ ਕੌਮੀ ਅੰਦੋਲਨ ਤੇ ਕਾਂਗਰਸ ਦੀਆਂ ਜੜ੍ਹਾਂ ਭਾਰਤੀ ਰਾਸ਼ਟਰਵਾਦ, ਸੈਕੁਲਰਵਾਦ ਅਤੇ ਲੋਕਤੰਤਰ ਵਿੱਚ ਬਹੁਤ ਡੂੰਘੀਆਂ ਸਨ। ਇਹ ਸੱਚ ਹੈ ਕਿ ਅਮਿਤ ਸ਼ਾਹ ਤੋਂ ਪਹਿਲੇ ਹਿੰਦੂ ਫਿਰਕੂਵਾਦੀਆਂ ਤੇ ਜਿੱਨਾਹ ਕੰਪਨੀ ਦੇ ਮੁਸਲਿਮ ਫਿਰਕੂਵਾਦੀਆਂ ਨੂੰ ਵੀ 1934 ਤੱਕ ਕਾਂਗਰਸ ਵਿੱਚ ਬਰਦਾਸ਼ਤ ਕੀਤਾ ਜਾਂਦਾ ਰਿਹਾ, ਪਰ ਉਸ ਤੋਂ ਬਾਅਦ ਕਾਂਗਰਸ ਨੇ ਸ਼ਾਹ ਤੇ ਜਿੱਨਾਹ ਵਰਗੇ ਲੋਕਾਂ ਨੂੰ ਬਾਹਰ ਰੱਖਣ ਦੇ ਫੈਸਲਾਕੁੰਨ ਕਦਮ ਚੁੱਕੇ। ਇਹ ਸੱਚ ਹੈ ਕਿ ਕੁਝ ਘੱਟ ਹਿੰਸਕ ਫਿਰਕੂ ਅਨਸਰਾਂ ਨੂੰ ਕਾਂਗਰਸ ‘ਚ ਰੱਖਿਆ, ਫਿਰ ਵੀ ਇਨ੍ਹਾਂ ਅਨਸਰਾਂ ਦੀ ਵਿਚਾਰਧਾਰਾ ਮੁੱਖ ਤੌਰ ‘ਤੇ ਭਾਰਤੀ ਰਾਸ਼ਟਰਵਾਦ ਵਾਲੀ ਸੀ।
ਕੌਮੀ ਅੰਦੋਲਨ ਦਾ ਫੋਕਸ ਰਾਸ਼ਟਰਵਾਦੀ ਭਾਵਨਾਵਾਂ ਨੂੰ ਜਗਾਉਣਾ ਜਾਂ ਪ੍ਰਚੰਡ ਬਣਾਉਣਾ ਸੀ। ਇਹ ਮੁਸਲਿਮ ਲੀਗ ਤੇ ਹਿੰਦੂ ਮਹਾਸਭਾ ਆਰ ਐਸ ਐਸ ਵੱਲੋਂ ਭੜਕਾਈਆਂ ਜਾਣ ਵਾਲੀਆਂ ਸੌੜੀਆਂ ਭਾਵਨਾਵਾਂ ਤੋਂ ਇਕਦਮ ਵੱਖਰਾ ਸੀ। ਕੌਮੀ ਅੰਦੋਲਨ ਦੇਸ਼ ਨੂੰ ਗਰੀਬੀ ਵਿੱਚ ਜਕੜੀ ਬੈਠੀਆਂ ਬਰਤਾਨਵੀ ਆਰਥਕ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕਰਦਾ ਸੀ। ਅੰਦੋਲਨ ਦੇ ਸਭ ਤੋਂ ਸਰਗਰਮ ਅਨਸਰਾਂ ਦੀ ਅਗਵਾਈ ਕਾਂਗਰਸ ਵੱਲੋਂ ਕੀਤੀ ਜਾਂਦੀ ਸੀ ਤੇ ਇਹ ਜਾਤ, ਮਜ੍ਹਬ, ਇਲਾਕੇ ਆਦਿ ਦਾ ਭੇਦਭਾਵ ਕੀਤੇ ਬਿਨਾਂ ਪੂਰੇ ਰਾਸ਼ਟਰ ਨੂੰ ਇਕਜੁੱਟ ਕਰਨਾ ਚਾਹੁੰਦੀ ਸੀ।
ਇਹ ਦਿਲਚਸਪ ਗੱਲ ਹੈ ਕਿ ਜਿੱਥੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਜ਼ਿਆਦਾਤਰ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕਜੁੱਟ ਕਰ ਕੇ ਕੌਮੀ ਅੰਦੋਲਨ ਵਿੱਚ ਸ਼ਾਮਲ ਕੀਤਾ, ਉਥੇ ਮੁਸਲਿਮ ਲੀਗ ਨੇ ਸਿਰਫ ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚਿਆ। ਹਿੰਦੂ ਮਹਾਸਭਾ ‘ਤੇ ਆਰ ਐੱਸ ਐੱਸ ਨੇ ਸਿਰਫ ਹਿੰਦੂਆਂ ਦੇ ਇੱਕ ਹਿੱਸੇ ਨੂੰ ਸੰਗਠਤ ਕੀਤਾ। ਇਹ ਵੱਖਰੀ ਗੱਲ ਹੈ ਕਿ ਜ਼ਿਆਦਾਤਰ ਹਿੰਦੂ ਤੇ ਮੁਸਲਮਾਨ ਫਿਰਕੂ ਸੰਗਠਨਾਂ ਨੂੰ ਨਕਾਰਦਿਆਂ ਕੌਮੀ ਅੰਦੋਲਨ ਦਾ ਹਿੱਸਾ ਬਣ ਗਏ।
ਕੌਮੀ ਅੰਦੋਲਨ ਵਿੱਚ ਸਮਾਜਕ ਸੁਧਾਰਾਂ ਵਰਗੇ ਮੁੱਦਿਆਂ ਨੂੰ ਵੀ ਉਠਾਇਆ ਗਿਆ। ਛੂਤਛਾਤ ਵਿਰੁੱਧ ਗਾਂਧੀ ਦੀ ਮੁਹਿੰਮ ਨੇ ਇੱਕ ਤਰ੍ਹਾਂ ਜਾਤ ਵਿਵਸਥਾ ਦੀਆਂ ਜੜ੍ਹਾਂ ਨੂੰ ਹਿਲਾ ਦੱਤਾ ਸੀ। ਸ਼ੁਰੂ ਦੇ ਦੌਰ ਵਿੱਚ ਜਿੱਥੇ ਇਨ੍ਹਾਂ ਮੁੱਦਿਆਂ ਲਈ ਸੰਘਰਸ਼ ਬਸਤੀਵਾਦੀ ਪ੍ਰਣਾਲੀ ਦੇ ਚੌਖਟੇ ਅੰਦਰ ਹੀ ਚਲਾਇਆ ਗਿਆ ਸੀ, ਉਥੇ ਹੀ ਬਾਅਦ ਵਿੱਚ ਇਹ ਸੁਧਾਰ ਪ੍ਰਕਿਰਿਆ ਬਸਤੀਵਾਦ ਵਿਰੋਧੀ ਰੂਪ ਧਾਰਨ ਕਰ ਗਈ। ਕੌਮੀ ਅੰਦੋਲਨ ਦੀ ਅਗਵਾਈ ਮਹਾਤਮਾ ਗਾਂਧੀ ਵੱਲੋਂ ਕੀਤੀ ਗਈ ਸੀ, ਇਸ ਲਈ ਇਸ ਪ੍ਰਕਿਰਿਆ ਨੂੰ ‘ਭਾਰਤ ਇੱਕ ਨਿਰਮਾਣ ਅਧੀਨ ਰਾਸ਼ਟਰ ਹੈ’ ਦਾ ਨਾਂਅ ਦਿੱਤਾ ਗਿਆ ਸੀ।
ਇਹ ਮੁਸਲਿਮ ਲੀਗ ਦੇ ਰੁਖ਼ ਤੋਂ ਬਿਲਕੁਲ ਵੱਖਰਾ ਸੀ, ਜੋ ਇਹ ਦਾਅਵਾ ਕਰਦੀ ਸੀ ਕਿ ‘ਅਸੀਂ ਮੁਹੰਮਦ ਬਿਨ ਕਾਸਿਮ ਦੇ ਸਮੇਂ ਤੋਂ ਇੱਕ ਮੁਸਲਿਮ ਰਾਸ਼ਟਰ ਹਾਂ।’ ਹਿੰਦੂ ਮਹਾਸਭਾ-ਆਰ ਐੱਸ ਐੱਸ ਦੇ ਇਸ ਦਾਅਵੇ ਨਾਲੋਂ ਵੀ ਇਹ ਵੱਖਰੀ ਸੀ ਕਿ ‘ਅਸੀਂ ਮੁੱਢ-ਕਦੀਮ ਤੋਂ ਇੱਕ ਹਿੰਦੂ ਰਾਸ਼ਟਰ ਹਾਂ।’
ਜਿੱਥੋਂ ਤੱਕ ਅਮਿਤ ਸ਼ਾਹ ਦਾ ਸੰਬੰਧ ਹੈ, ਉਨ੍ਹਾਂ ਦਾ ਕਥਨ ਗਾਂਧੀ ਅਤੇ ਭਾਰਤੀ ਰਾਸ਼ਟਰੀ ਅੰਦੋਲਨ ਪ੍ਰਤੀ ਹਿੰਦੂ ਰਾਸ਼ਟਰਵਾਦੀਆਂ ਦੀ ਨਫਰਤ ਦੀ ਲਗਾਤਾਰਤਾ ਹੈ। ਹਿੰਦੂ ਰਾਸ਼ਟਰਵਾਦੀਆਂ ਨੇ ਮੁਸਲਮਾਨਾਂ ਨੂੰ ਦਲੇਰ ਬਣਾਉਣ, ਹਿੰਦੂ ਰਾਸ਼ਟਰ ਨੂੰ ਕਮਜ਼ੋਰ ਕਰਨ ਤੇ ਦੇਸ਼ ਦੀ ਵੰਡ ਲਈ ਗਾਂਧੀ ਜੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਦੀ ਇਸ ਧਾਰਨਾ ਤੇ ਮਹਾਤਮਾ ਗਾਂਧੀ ਪ੍ਰਤੀ ਨਫਰਤ ਦਾ ਸਿੱਟਾ ਸੀ ਕਿ ਉਨ੍ਹਾਂ ਵਿੱਚੋਂ ਇੱਕ ਨੱਥੂ ਰਾਮ ਗੋਡਸੇ ਨੇ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ। ਅੱਜ ਚੋਣ ਗਿਣਤੀ ਨੂੰ ਦੇਖਦਿਆਂ ਸ਼ਰੇਆਮ ਇਹ ਗੋਡਸੇ ਵਾਲੀ ਭਾਸਾ ਨਹੀਂ ਬੋਲ ਰਹੇ, ਫਿਰ ਵੀ ਭਾਰਤੀ ਰਾਸ਼ਟਰਵਾਦ ਅਤੇ ਆਜ਼ਾਦੀ ਅੰਦੋਲਨ ਦੇ ਨਾਲ-ਨਾਲ ਚਲਦੀ ਰਹੀ ਜਾਤ ਵਿਵਸਥਾ ਦੀ ਤਬਦੀਲੀ ਦੀ ਪ੍ਰਕਿਰਿਆ ਦੀਆਂ ਜੜ੍ਹਾਂ ‘ਚ ਤੇਲ ਦੇਣ ਲਈ ਉਹ ਅਜਿਹੀਆਂ ਚੂੰਢੀਆਂ ਵੱਢਣ ਤੋਂ ਬਾਜ਼ ਨਹੀਂ ਆਉਂਦੇ।