ਕਾਂਗਰਸ ਸਮਝੇ ਕਿ ‘ਡੁੱਲ੍ਹੇ ਬੇਰਾਂ ਦਾ’ ਅਜੇ ਵੀ ਕੁਝ ਨਹੀਂ ਵਿਗੜਿਆ

-ਕਲਿਆਣੀ ਸ਼ੰਕਰ

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਹੈਰਾਨੀ ਜਨਕ ਨਤੀਜਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਬਹੁਤ ਉਤਸ਼ਾਹਤ ਹੈ ਤੇ ਇਸ ਨੇ ਪਹਿਲਾਂ ਹੀ 2019 ਦੀਆਂ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਆਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਨਤੀਜੇ ਸਪੱਸ਼ਟ ਤੌਰ ‘ਤੇ ਦਿਖਾਉਂਦੇ ਹਨ ਕਿ ਮੋਦੀ ਦੀ ਚੋਣ ਰਣਨੀਤੀ ਨੇ ਕਿਸ ਤਰ੍ਹਾਂ ਨਾ ਸਿਰਫ ਹਿੰਦੀ-ਭਾਸ਼ੀਆਂ ਦੇ ਗੜ੍ਹ ਯੂ ਪੀ ਵਿੱਚ, ਸਗੋਂ ਛੋਟੇ ਜਿਹੇ ਦੱਖਣ-ਭਾਰਤੀ ਸੂਬੇ ਗੋਆ ਤੇ ਉੱਤਰ ਪੂਰਬੀ ਸੂਬੇ ਮਣੀਪੁਰ ਵਿੱਚ ਵੀ ਆਪਣਾ ਜਲਵਾ ਦਿਖਾਇਆ ਹੈ। ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਸ ਤਰ੍ਹਾਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੇਜ਼ ਤਰਾਰ ਸਿਆਸੀ ਰਣਨੀਤੀ ਘੜੀ, ਇਹ ਸਭ ਦੇ ਸਾਹਮਣੇ ਹੈ।
ਯੂ ਪੀ ਤਾਂ ਸੱਚਮੁੱਚ ਸਭ ਤੋਂ ਵੱਡਾ ਇਨਾਮ ਹੈ ਤੇ ਇਸ ਨੇ ਭਵਿੱਖ ਦੇ ਨਜ਼ਰੀਏ ਤੋਂ ਭਾਜਪਾ ਨੂੰ ਬਹੁਤ ਜ਼ਿਆਦਾ ਸਿਆਸੀ ਲਾਭ ਪਹੁੰਚਾਇਆ ਹੈ। ਇਹ ਵੀ ਕੋਈ ਘੱਟ ਅਹਿਮ ਗੱਲ ਨਹੀਂ ਕਿ ਗੋਆ ਤੇ ਮਣੀਪੁਰ ਵਿੱਚ ਦੂਜੇ ਨੰਬਰ ‘ਤੇ ਰਹਿਣ ਦੇ ਬਾਵਜੂਦ ਭਾਜਪਾ ਆਪਣੀਆਂ ਸਰਕਾਰਾਂ ਕਾਇਮ ਕਰਨ ਵਿੱਚ ਸਫਲ ਹੋਈ ਹੈ। ਕਾਂਗਰਸ ਲਈ ਦੋਵਾਂ ਰਾਜਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ‘ਦਿੱਲੀ ਦੂਰ’ ਸਿੱਧ ਹੋਈ ਹੈ। ਅਸਲ ਵਿੱਚ ਕਾਂਗਰਸ ਸ਼ਾਇਦ ਵੱਡੀ ਪਾਰਟੀ ਹੋਣ ਦੇ ਹੰਕਾਰ ਵਿੱਚ ਸੁਸਤ ਪਈ ਰਹੀ ਤੇ ਭਾਜਪਾ ਨੇ ਵੱਧ ਸਰਗਰਮੀ ਦਿਖਾਉਂਦਿਆਂ ਗੈਰ-ਕਾਂਗਰਸੀ ਪਾਰਟੀਆਂ ਤੋਂ ਸਮਰਥਨ ਲੈ ਕੇ ਬਹੁਮਤ ਦਾ ਜਾਦੂਈ ਅੰਕੜਾ ਪਾਰ ਕਰ ਲਿਆ। ਭਾਜਪਾ ਦੀ ਝੋਲੀ ਹੌਲੀ-ਹੌਲੀ ਭਰਦੀ ਜਾ ਰਹੀ ਹੈ, ਜਦ ਕਿ ਕਾਂਗਰਸ ਇੱਕ ਤੋਂ ਬਾਅਦ ਇੱਕ ਰਾਜਾਂ ਵਿੱਚ ਸੱਤਾ ਗੁਆ ਰਹੀ ਹੈ। ਭਾਜਪਾ ਦੀ ਅਗਵਾਈ ਹੇਠ ਐਨ ਡੀ ਏ ਗੱਠਜੋੜ ਅੱਜ ਆਸਾਮ, ਹਰਿਆਣਾ, ਯੂ ਪੀ, ਉਤਰਾਖੰਡ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਨਾਗਾਲੈਂਡ, ਜੰਮੂ-ਕਸ਼ਮੀਰ, ਸਿੱਕਮ, ਮਣੀਪੁਰ, ਗੋਆ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਸੱਤਾ ਵਿੱਚ ਹੈ, ਜਿੱਥੇ ਦੇਸ਼ ਦੀ 61æ1 ਫੀਸਦੀ ਆਬਾਦੀ ਰਹਿੰਦੀ ਹੈ।
ਦੂਜੇ ਪਾਸੇ ਕਾਂਗਰਸ ਆਪਣੇ ਦਮ ਉੱਤੇ ਜਾਂ ਭਾਈਵਾਲੀ ਦੇ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਕਰਨਾਟਕ, ਮੇਘਾਲਿਆ, ਬਿਹਾਰ, ਮਿਜ਼ੋਰਮ ਅਤੇ ਪੁਡੂਚੇਰੀ ਵਿੱਚ ਹੀ ਸੱਤਾ ਵਿੱਚ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਹੌਲੀ ਹੌਲੀ ਕਾਂਗਰਸ ਮੁਕਤ ਹੋਣ ਵੱਲ ਵਧ ਰਿਹਾ ਹੈ, ਜਿਵੇਂ ਮੋਦੀ ਆਪਣੀ ਮੁਹਿੰਮ ਦੌਰਾਨ ਪੂਰੀ ਵਚਨਬੱਧਤਾ ਨਾਲ ਪ੍ਰਚਾਰ ਕਰਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਭਾਰਤੀ ਸਿਆਸਤ ਦੀ ‘ਦਾਦੀ ਅੰਮਾ’ ਭਾਵ ਕਾਂਗਰਸ ਉੱਤੇ ਕੀ ਬੀਤ ਰਹੀ ਹੈ? ਬਿਨਾਂ ਸ਼ੱਕ ਪੰਜਾਬ ਦੀ ਜਿੱਤ ਨੇ ਕਾਂਗਰਸ ਦੀ ਇੱਜ਼ਤ ਬਚਾ ਲਈ ਹੈ, ਪਰ ਉਤਰਾਖੰਡ ਅਤੇ ਯੂ ਪੀ ਵਿੱਚ ਇਸ ਦਾ ਬਹੁਤ ਬੁਰਾ ਹਸ਼ਰ ਹੋਇਆ ਤੇ ਗੋਆ, ਮਣੀਪੁਰ ਵਿੱਚ ਇਹ ਚਲਾਕ ਲੂੰਬੜੀ ਵਾਂਗ ਅੰਗੂਰਾਂ ਨੂੰ ਦੇਖ ਕੇ ਲਾਰਾਂ ਟਪਕਾਉਂਦੀ ਰਹਿ ਗਈ ਤੇ ਆਖਿਰ ਉਥੇ ਵੀ ਇਸ ਲਈ ‘ਅੰਗੂਰ ਖੱਟੇ’ ਹੋ ਗਏ ਹਨ।
ਇਹ ਚਰਚਾ ਸਾਨੂੰ ਇਸ ਸਵਾਲ ਉੱਤੇ ਲੈ ਆਉਂਦੀ ਹੈ ਕਿ ਕਾਂਗਰਸ ਦਾ ਭਵਿੱਖ ਹੁਣ ਕੀ ਹੋਵੇਗਾ? 132 ਸਾਲ ਪੁਰਾਣੀ ਕਾਂਗਰਸ ਦੀ ਹੋਂਦ ਹੁਣ ਭਾਜਪਾ ਤੇ ਖੇਤਰੀ ਪਾਰਟੀਆਂ ਵੱਲੋਂ ਮਿਲ ਰਹੀਆਂ ਚੁਣੌਤੀਆਂ ਕਾਰਨ ਸੰਕਟ Ḕਚ ਹੈ। ਇਸ ਸਮੇਂ ਜਦੋਂ ਭਾਜਪਾ ਦੇਸ਼ ਦੇ ਇੱਕ ਤੋਂ ਦੂਜੇ ਸਿਰੇ ਤੱਕ ਆਪਣੇ ਪੈਰ ਜਮਾ ਚੁੱਕੀ ਹੈ ਅਤੇ ਕਿਸੇ ਜ਼ਮਾਨੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਰਹਿ ਚੁੱਕੀ ਕਾਂਗਰਸ ਤੋਂ ਅੱਗੇ ਨਿਕਲ ਚੁੱਕੀ ਹੈ ਤਾਂ ਕਾਂਗਰਸ ਨੂੰ ਭਾਜਪਾ ਦੀ ਚੁਣੌਤੀ ਨਾਲ ਨਜਿੱਠਣ ਦੇ ਤਰੀਕੇ ਲੱਭਣੇ/ ਸੋਚਣੇ ਪੈਣਗੇ।
ਸਭ ਤੋਂ ਪਹਿਲਾ ਕੰਮ ਤਾਂ ਹੋਵੇਗਾ ਖੁਦ ਨੂੰ ਚੁਸਤ ਦਰੁੱਸਤ ਕਰਨਾ ਅਤੇ ਅਗਲੇ ਸਾਲ ਗੁਜਰਾਤ, ਮਹਾਰਾਸ਼ਟਰ ਸਮੇਤ ਅੱਠ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ 10-12 ਲੋਕ ਸਭਾ ਉਪ ਚੋਣਾਂ ਤੋਂ ਪਹਿਲਾਂ ਆਪਣੇ ਘਰ ਨੂੰ ਦਰੁੱਸਤ ਕਰਨਾ। ਦੂਜੀ ਗੱਲ ਇਹ ਹੈ ਕਿ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਭਰਮ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਪਾਰਟੀ ਵਿੱਚ ਦੋ ਸੱਤਾ ਕੇਂਦਰ ਹਨ। ਪਿਛਲੇ ਦੋ ਸਾਲਾਂ ਤੋਂ ਅਜਿਹੀਆਂ ਅਟਕਲਾਂ ਜਾਰੀ ਹਨ ਕਿ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਤਰੱਕੀ ਦੇ ਕੇ ਪ੍ਰਧਾਨ ਮੰਤਰੀ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਮਾਂ, ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਉਨ੍ਹਾਂ ਦੀ ਸਰਪ੍ਰਸਤ ਬਣ ਜਾਵੇਗੀ। ਲੀਡਰਸ਼ਿਪ ਦੇ ਮੁੱਦੇ ‘ਤੇ ਇਹ ਭਰਮ ਛੇਤੀ ਦੂਰ ਹੋਣਾ ਚਾਹੀਦਾ ਹੈ ਤਾਂ ਕਿ ਰਾਹੁਲ ਗਾਂਧੀ ਪਾਰਟੀ ਦੇ ਅੱਗੇ ਲੱਗ ਕੇ ਇਸ ਦੀ ਅਗਵਾਈ ਕਰ ਸਕਣ। ਉਂਝ ਇਸ ਸਮੇਂ ਵੀ ਸਾਰੇ ਮੁੱਦਿਆਂ ‘ਤੇ ਮੁੱਖ ਤੌਰ ‘ਤੇ ਫੈਸਲੇ ਉਨ੍ਹਾਂ ਵੱਲੋਂ ਹੀ ਲਏ ਜਾਂਦੇ ਹਨ।
ਤੀਜੀ ਗੱਲ ਹੈ ਪਾਰਟੀ ਸੰਗਠਨ ਨੂੰ ਖੜ੍ਹਾ ਕਰਨਾ, ਜੋ ਇਸ ਸਮੇਂ ਲਗਭਗ ਢਹਿ ਢੇਰੀ ਹੋ ਚੁੱਕਾ ਹੈ। ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਸੰਗਠਨਾਤਮਕ ਢਾਂਚਾ ਬਣਾਏ ਜਾਣ ਦੀ ਲੋੜ ਹੈ। ਨਹਿਰੂ-ਗਾਂਧੀ ਪਰਵਾਰ ਨੇ ਇਸ ਮੁੱਦੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ, ਜਦ ਕਿ ਭਾਜਪਾ ਵਰਗੀਆਂ ਹੋਰ ਪਾਰਟੀਆਂ ਬਹੁਤ ਸੰਗਠਿਤ ਹਨ। ਕਾਂਗਰਸ ਦੇ ਮਾਮਲੇ ਵਿੱਚ ਇੱਕ ਹੋਰ ਸਮੱਸਿਆ ਹੈ ਕਿ ਲਗਾਤਾਰ ਮਿਲੀਆਂ ਹਾਰਾਂ ਦੇ ਸਿੱਟੇ ਵਜੋਂ ਇਸ ਦੇ ਵਰਕਰਾਂ ਦਾ ਮਨੋਬਲ ਟੁੱਟ ਚੁੱਕਾ ਹੈ ਤੇ ਸਮੁੱਚੇ ਤੌਰ ”ਤੇ ਪਾਰਟੀ ਪਤਨ ਦੀ ਅਵਸਥਾ ਵਿੱਚ ਹੈ।
ਕਾਂਗਰਸ ਦੀ ਚੌਥੀ ਸਮੱਸਿਆ ਇਹ ਹੈ ਕਿ ਪਾਰਟੀ ਆਗੂਆਂ ਨੂੰ ਭਵਿੱਖ ਵਿੱਚ ਦਿਸ਼ਾ ਦੇਣ ਅਤੇ ਵੱਖ-ਵੱਖ ਮੁੱਦਿਆਂ ”ਤੇ ਉਨ੍ਹਾਂ ਦੀ ਸਪੱਸ਼ਟ ਸਮਝ ਬਣਾਉਣ ਲਈ ਪੰਚਮੜ੍ਹੀ ਜਾਂ ਸ਼ਿਮਲਾ ਵਰਗੇ ਚਿੰਤਨ ਕੈਂਪ ਲਾਏ ਜਾਣ। ਮਿਸਾਲ ਦੇ ਤੌਰ Ḕਤੇ ਸ਼ਿਮਲਾ ਚਿੰਤਨ ਕੈਪਨ ਵਿੱਚ ਸੋਨੀਆ ਗਾਂਧੀ ਨੇ ਗਠਜੋੜ ਦੀ ਸਿਆਸਤ ਦੇ ਪੱਖ ਵਿੱਚ ਫੈਸਲਾ ਲਿਆ ਸੀ ਤੇ 2004 ਵਿੱਚ ਸੱਤਾਧਾਰੀ ਐਨ ਡੀ ਏ ਨੂੰ ਪਟਕਣੀ ਦੇਣ ਦੇ ਮਾਮਲੇ ਵਿੱਚ ਇਹ ਬਹੁਤ ਸਹਾਈ ਸਿੱਧ ਹੋਇਆ ਸੀ। ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਉਹ ਪਾਰਟੀ ਲਈ ਅਛੂਤੇ ਨਹੀਂ ਹੋਏ ਹਨ। ਰਣਨੀਤੀ ਦੇ ਸੰਬੰਧ ਵਿੱਚ ਹੋਣ ਵਾਲੇ ਸੈਸ਼ਨਾਂ ਵਿੱਚ ਅਜਿਹੇ ਸੀਨੀਅਰ, ਤਜਰਬੇਕਾਰ ਨੇਤਾਵਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਹੈ, ਜੋ ਪਾਰਟੀ ਵਿੱਚ ਅਣਲੋੜੀਂਦੇ ਮਹਿਸੂਸ ਕਰ ਰਹੇ ਹਨ।
ਹਾਲ ਹੀ ਦੀਆਂ ਚੋਣਾਂ ਵਿੱਚ ਅਜਿਹੇ ਤਜਰਬੇਕਾਰ ਨੇਤਾਵਾਂ ਵਿੱਚ ਬਹੁਤੇ ਆਪਣੇ ਘਰ ਹੀ ਬੈਠੇ ਰਹੇ। ਅਸਲ ਵਿੱਚ ਲੀਡਰਸ਼ਿਪ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਮਹਿਸੂਸ ਕਰਦੇ ਹਨ ਕਿ ਨਹਿਰੂ-ਗਾਂਧੀ ਪਰਵਾਰ ਕੁਝ ਅਜਿਹੇ ਮੁੱਠੀ ਭਰ ਬਾਹਰਲੇ ਲੋਕਾਂ ਦੀ ਗ੍ਰਿਫਤ ਵਿੱਚ ਹੈ, ਜੋ ਉਨ੍ਹਾਂ ਨੂੰ ਹਕੀਕਤਾਂ ਤੋਂ ਜਾਣੂ ਨਹੀਂ ਹੋਣ ਦਿੰਦੇ। ਸਿਆਸਤ ਦੀ ਇਸ ‘ਦਾਦੀ ਅੰਮਾ” ਕਾਂਗਰਸ ਪਾਰਟੀ ਨੂੰ ਨਾ ਸਿਰਫ ਅਤੀਤ ਦਾ ਚੇਤਾ ਕਰਵਾਉਣ ਦੀ ਲੋੜ ਹੈ, ਸਗੋਂ ਭਵਿੱਖ ਵੱਲ ਵੀ ਝਾਕਣਾ ਪਵੇਗਾ ਕਿ ਭਵਿੱਖ ਦੇ ਵਧਦੇ ਉਛਾਲ ਦਾ ਮੁਕਾਬਲਾ ਕਿਵੇਂ ਕਰਨਾ ਹੈ। ਪਾਰਟੀ ਦੇ ਸੀਨੀਅਰ ਆਗੂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਪਾਰਟੀ ਮੌਜੂਦਾ ਦੌਰ ਦੀਆਂ ਇੱਛਾਵਾਂ ਮੁਤਾਬਕ ਖੁਦ ਵਿੱਚ ਤਬਦੀਲੀ ਲਿਆਵੇ ਅਤੇ ਕਾਂਗਰਸ ਦਾ ਇੱਕ ਨਵਾਂ ਅਕਸ ਪੇਸ਼ ਕਰੇ।
ਪੰਜਵੀਂ ਗੱਲ ਇਹ ਹੈ ਕਿ ਹਾਲ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੂਬਾਈ ਪੱਧਰ ਉੱਤੇ ਪਾਰਟੀ ਨੂੰ ਮਜ਼ਬੂਤ ਨੇਤਾਵਾਂ ਦਾ ਵਿਕਾਸ ਕਰਨ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਕਾਰਨ ਪੰਜਾਬ ਵਿੱਚ ਕਾਂਗਰਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਾਰਟੀ ਵਿੱਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਇਸ ਵਿੱਚ ਨਾ ਤਾਂ ਕੌਮੀ ਤੇ ਨਾ ਹੀ ਸੂਬਾਈ ਪੱਧਰ ਉੱਤੇ ਲੀਡਰਸ਼ਿਪ ਦੀ ਕੋਈ ਦੂਜੀ ਕਤਾਰ ਤਿਆਰ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਮਜ਼ਬੂਤ ਨੇਤਾ ਹੁੰਦੇ ਸਨ, ਪਰ ਉਨ੍ਹਾਂ ਨੇ ਵੀ ਕਦੀ ਬੀ ਸੀ ਰਾਏ, ਸੀ ਰਾਜੋਗਾਪਾਲਾਚਾਰੀ, ਨੀਲਮ ਸੰਜੀਵਾ ਰੈਡੀ, ਜੀ ਬੀ ਪੰਤ, ਕੇ ਕਾਮਰਾਜ ਅਤੇ ਹੋਰ ਨੇਤਾਵਾਂ ਨੂੰ ਪ੍ਰਭਾਵਹੀਣ ਨਹੀਂ ਕੀਤਾ ਸੀ। ਕੁਝ ਕਮਜ਼ੋਰ ਆਗੂਆਂ ਨੂੰ ਨਾਮਜ਼ਦ ਅਹੁਦੇਦਾਰ ਬਣਾ ਕੇ ਇੰਦਰਾ ਗਾਂਧੀ ਨੇ ਸੂਬਾਈ ਪੱਧਰ Ḕਤੇ ਕਈ ਨੇਤਾਵਾਂ ਨੂੰ ‘ਮਿੱਟੀ’ ਵਿੱਚ ਮਿਲਾ ਦਿੱਤਾ ਸੀ। ਉਂਝ ਕਾਂਗਰਸ ਵਿੱਚ ਹੋਣਹਾਰ ਆਗੂਆਂ ਦੀ ਘਾਟ ਨਹੀਂ ਸੀ।
ਬੇਸ਼ੱਕ ਮੌਜੂਦਾ ਚੋਣ ਨਤੀਜੇ ਇਹ ਦੱਸਦੇ ਹਨ ਕਿ ਕਾਂਗਰਸ ਦਾ ਪਤਨ ਹੋ ਰਿਹਾ ਹੈ, ਤਾਂ ਵੀ ਇਹ ਖਤਮ ਨਹੀਂ ਹੋਈ। ਜ਼ਰੂਰੀ ਹੈ ਕਿ ਇਹ ਹੁਣ ਤੋਂ 2018 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦੇਵੇ। ਮਜ਼ਬੂਤ ਵਿਰੋਧੀ ਧਿਰ ਤੋਂ ਬਿਨਾਂ ਕੋਈ ਵੀ ਲੋਕਤੰਤਰ ਦਮਦਾਰ ਨਹੀਂ ਬਣ ਸਕਦਾ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਭਾਜਪਾ ਨਾਲ ਟੱਕਰ ਲੈਣ ਲਈ ਸੰਗਠਨ ਨੂੰ ਭੜਕਾਉਣਾ ਪਵੇਗਾ। ਅਜਿਹਾ ਨਾ ਕੀਤਾ ਗਿਆ ਤਾਂ ਮੋਦੀ ਦੇ ਭਾਰਤ ਜੇਤੂ ਰੱਥ ਦੀ ਯਾਤਰਾ ਨਿਰਵਿਘਨ ਜਾਰੀ ਰਹੇਗੀ।