ਕਾਂਗਰਸ ਨੇ ਕਿਹਾ: ਗੱਠਜੋੜਾਂ ਲਈ ਰਾਜਾਂ ਦੇ ਨੇਤਾਵਾਂ ਦੇ ਹਿੱਤ ਕੁਰਬਾਨ ਨਹੀਂ ਕਰਾਂਗੇ


ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਜਿਥੇ ਕਈ ਪਾਰਟੀਆਂ ਇਸ ਵਕਤ ਭਾਜਪਾ ਵਿਰੋਧੀ ਗੱਠਜੋੜ ਬਣਾਉਣ ਲਈ ਯਤਨਸ਼ੀਲ ਹਨ, ਓਦੋਂ ਕਾਂਗਰਸ ਨੇ ਕਿਹਾ ਕਿ ਉਹ ਖੇਤਰੀ ਪੱਧਰ ‘ਤੇ ਗੱਠਜੋੜ ਲਈ ਰਾਜਾਂ ਵਿਚਲੇ ਆਪਣੇ ਨੇਤਾਵਾਂ ਦੇ ਹਿੱਤਾਂ ਨੂੰ ਕੁਰਬਾਨ ਨਹੀਂ ਕਰ ਸਕਦੀ।
ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦੀ ਨੀਤੀ ਹੈ ਕਿ ਉਹ ਇਕ ਸਮਾਨ ਵਿਚਾਰਧਾਰਾ ਵਾਲੇ ਦਲਾਂ ਨਾਲ ਕੰਮ ਕਰਦੀ ਹੈ। ਸੁਰਜੇਵਾਲਾ ਨੇ ਕਿਹਾ, ‘ਕਾਂਗਰਸ ਰਾਜਾਂ ਵਿਚਲੀ ਲੀਡਰਸਿ਼ਪ ਦੇ ਹਿੱਤਾਂ ਅਤੇ ਵਰਕਰਾਂ ਦੀਆਂ ਇੱਛਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗੀ। ਹਰ ਰਾਜ ਵਿੱਚ ਇਕ ਆਦਰਸ਼ ਸੰਤੁਲਨ ਬਿਠਾਉਣ ਦਾ ਯਤਨ ਕੀਤਾ ਜਾਵੇਗਾ।’ ਉਨ੍ਹਾਂ ਨੇ ‘ਰਾਸ਼ਟਰ ਹਿੱਤ’ ਵਿੱਚ ਸਮਾਨ ਵਿਚਾਰਧਾਰਾ ਵਾਲੇ ਦਲਾਂ ਦੇ ਨਾਲ ਸੂਬਾ ਪੱਧਰ ਵਾਲਾ ਗੱਠਜੋੜ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਏ ਕੇ ਐਂਟਨੀ ਦੀ ਅਗਵਾਈ ਵਾਲੀ ਕਮੇਟੀ ਰਾਜਾਂ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਦੇ ਬਾਅਦ ਗੱਠਜੋੜ ‘ਤੇ ਅੰਤਿਮ ਫੈਸਲਾ ਕਰੇਗੀ। ਕਾਂਗਰਸ ਨੇ ‘ਰਾਜ ਪੱਧਰੀ ਗੱਠਜੋੜ’ ਦੀ ਗੱਲ ਓਦੋਂ ਕੀਤੀ ਹੈ ਜਦ ਇਸ ਦੀ ਕੇਰਲ ਇਕਾਈ ਵਿੱਚ ਕੇਵਲ ਰਾਜ ਸਭਾ ਸੀਟ ਇਸ ਦੀ ਸਾਬਕਾ ਸਹਿਯੋਗੀ ਪਾਰਟੀ ਕੇਰਲ ਕਾਂਗਰਸ (ਮਣੀ) ਨੂੰ ਦੇਣ ਦੇ ਖਿਲਾਫ ਇਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।