ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਸਿਆਸੀ ਹੰਗਾਮੇ ਜਾਰੀ


ਤਿਰੂਵਨੰਤਪੁਰਮ, 12 ਜੁਲਾਈ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਇੱਕ ਬਿਆਨ ਵਿੱਚ ਕਹਿ ਦਿੱਤਾ ਕਿ ਜੇ ਭਾਜਪਾ ਦੁਬਾਰਾ ਸੱਤਾ ਵਿੱਚ ਆਈ ਤਾਂ ਸੰਵਿਧਾਨ ਦਾ ਭੋਗ ਪਾ ਦਿੱਤਾ ਜਾਵੇਗਾ ਅਤੇ ‘ਹਿੰਦੂ ਪਾਕਿਸਤਾਨ’ ਦੀ ਕਾਇਮੀ ਦਾ ਰਾਹ ਸਾਫ਼ ਹੋ ਜਾਵੇਗਾ। ਆਪਣੇ ਆਗੂ ਸ਼ਸ਼ੀ ਥਰੂਰ ਦੇ ਬਿਆਨ ਤੋਂ ਕਾਂਗਰਸ ਪਾਰਟੀ ਨੇ ਆਪਣਾ ਪੱਲਾ ਝਾੜ ਕੇ ਉਸ ਦੀ ਨਿੱਜੀ ਰਾਏ ਕਹਿ ਦਿੱਤਾ ਹੈ, ਪਰ ਭਾਜਪਾ ਨੇ ਇਸ ਬਾਰੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਸ਼ਸ਼ੀ ਥਰੂਰ ਨੇ ਕੱਲ੍ਹ ਤਿਰੂਵਨੰਤਪੁਰਮ ਵਿੱਚ ਇਕ ਸਮਾਗਮ ਵਿੱਚ ਕਿਹਾ ਸੀ, ‘ਜੇ ਲੋਕ ਸਭਾ ਵਿੱਚ ਉਹ (ਭਾਜਪਾ ਵਾਲੇ) ਆਪਣੀ ਮੌਜੂਦਾ ਗਿਣਤੀ ਦੁਹਰਾਉਣ ਵਿੱਚ ਸਫਲ ਹੋ ਗਏ ਤਾਂ ਦੇਸ਼ ਦਾ ਜਮਹੂਰੀ ਸੰਵਿਧਾਨ ਹੀ ਨਹੀਂ ਬਚੇਗਾ, ਕਿਉਂਕਿ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਨੂੰ ਲੀਰੋ ਲੀਰ ਕਰਨ ਤੇ ਆਪਣਾ ਨਵਾਂ ਸੰਵਿਧਾਨ ਲਿਖਣ ਲਈ ਲੋੜੀਂਦੇ ਤਿੰਨੇ ਹਥਿਆਰ ਮਿਲ ਜਾਣਗੇ ਅਤੇ ਇਸ ਵਿੱਚ ਹਿੰਦੂ ਰਾਸ਼ਟਰ ਦਾ ਸੰਕਲਪ ਸਿਰਜਆ ਜਾਵੇਗਾ, ਜਿਸ ਨਾਲ ਘੱਟ ਗਿਣਤੀਆਂ ਦੇ ਬਰਾਬਰੀ ਦੇ ਹੱਕ ਹਟਾ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਇਕ ਹਿੰਦੂ ਪਾਕਿਸਤਾਨ ਪੈਦਾ ਹੋ ਜਾਵੇਗਾ, ਤੇ ਇਹ ਸਭ ਕੁਝ ਉਹ ਹੈ, ਜੋ ਮਹਾਤਮਾ ਗਾਂਧੀ, ਨਹਿਰੂ, ਸਰਦਾਰ ਪਟੇਲ, ਮੌਲਾਨਾ ਪਟੇਲ ਅਤੇ ਆਜ਼ਾਦੀ ਸੰਗਰਾਮ ਦੇ ਮਹਾ-ਨਾਇਕਾਂ ਨੇ ਕਦੇ ਵੀ ਨਹੀਂ ਸੀ ਚਾਹਿਆ।’
ਸ਼ਸ਼ੀ ਥਰੂਰ ਦੇ ਬਿਆਨ ਉੱਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਭਾਰਤੀ ਲੋਕਤੰਤਰ ਅਤੇ ਹਿੰਦੂਆਂ ਉੱਤੇ ਹਮਲਾ ਹੈ। ਉਨ੍ਹਾਂ ਕਿਹਾ, ‘ਥਰੂਰ ਨੇ ਇਕ ਵਾਰ ਫਿਰ ਭਾਰਤੀ ਲੋਕਤੰਤਰ ਦਾ ਅਪਮਾਨ ਕੀਤਾ ਹੈ। ਕਾਂਗਰਸ ਦਾ ਢੰਗ ਹੈ ਕਿ ਨਰਿੰਦਰ ਮੋਦੀ ਤੇ ਭਾਜਪਾ ਪ੍ਰਤੀ ਨਫ਼ਰਤ ਵਿੱਚ ਇਹ ਲਛਮਣ ਰੇਖਾ ਲੰਘ ਜਾਂਦੀ ਹੈ। ਇਹ ਸ਼ਰਮਨਾਕ ਕਾਰਵਾਈ ਤੇ ਹਿੰਦੂ ਧਰਮ ਦਾ ਅਪਮਾਨ ਹੈ। ਰਾਹੁਲ ਗਾਂਧੀ ਨੂੰ ਅੱਗੇ ਆ ਕੇ ਨਾ ਕੇਵਲ ਇਸ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ, ਸਗੋਂ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਹਰ ਨੇਤਾ ਜਦੋਂ ਬੋਲਦਾ ਹੈ ਤਾਂ ਇੰਜ ਹੀ ਕਿਉਂ ਬੋਲਦਾ ਹੈ।’
ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਦੀ ਨਫ਼ਰਤ ਨੂੰ ਰੱਦ ਕਰਨ ਲਈ ਸਾਰੇ ਕਾਂਗਰਸ ਆਗੂਆਂ ਨੂੰ ਸ਼ਬਦਾਂ ਦੀ ਚੋਣ ਕਰਨ ਵੇਲੇ ਸਾਵਧਾਨੀ ਤੋਂ ਕੰਮ ਲੈਣ ਦੀ ਲੋੜ ਹੈ। ਇਸ ਦੌਰਾਨ ਥਰੂਰ ਨੇ ਆਪਣੇ ਇਕ ਪੋਸਟ ਵਿੱਚ ਲਿਖਿਆ ਹੈ ਕਿ ਉਸ ਵਰਗੇ ਅਣਗਿਣਤ ਹਿੰਦੂ ਸੰਵਿਧਾਨ ਦੀ ਸਾਂਝੀਵਾਲਤਾ ਦੇ ਮੁੱਦਈ ਹਨ ਤੇ ਪਾਕਿਸਤਾਨੀ ਜਨਤਾ ਵਾਂਗ ਘੁਟ ਘੁਟ ਕੇ ਜੀਣ ਦੀ ਉਨ੍ਹਾਂ ਦੀ ਇੱਛਾ ਨਹੀਂ। ਅਸੀਂ ਆਪਣੇ ਪਿਆਰੇ ਦੇਸ਼ ਨੂੰ ਪਾਕਿਸਤਾਨ ਦੀ ਹਿੰਦੂ ਨਕਲ ਨਹੀਂ ਬਣਨ ਦਿਆਂਗੇ।’