ਕਾਂਗਰਸ ਉਮੀਦਵਾਰ ਉੱਤੇ ਦੋਸ਼ਾਂ ਲਈ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਲਪੇਟ ਲਿਆ

* ਸਾਬਕਾ ਮੰਤਰੀ ਦਲਜੀਤ ਚੀਮਾ ਉੱਤੇ ਐੱਸ ਐੱਸ ਓ ਨਾਲ ਸੰਪਰਕ ਦਾ ਦੋਸ਼
ਚੰਡੀਗੜ੍ਹ, 7 ਮਈ, (ਪੋਸਟ ਬਿਊਰੋ)- ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਦੇ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਲੱਗੇ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤੇ ਇਸੇ ਸੰਬੰਧ ਵਿੱਚ ਬਾਅਦ ਵਿਚ ਦਰਜ ਹੋਏ ਪੁਲਸ ਕੇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।
ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਿਤਪੁਰ ਥਾਣੇ ਦੇ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਵਲੋਂ ਨਿੱਜੀ ਰੰਜਿਸ਼ ਕਾਰਨ ਹਰਦੇਵ ਸਿੰਘ ਲਾਡੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਪੂਰਥਲਾ ਵਿਚ ਨਿਯੁਕਤੀ ਸਮੇਂ ਉਥੋਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਵਿਵਾਦ ਤੋਂ ਬਾਅਦ ਪੁਲਸ ਅਫਸਰ ਪਰਮਿੰਦਰ ਸਿੰਘ ਬਾਜਵਾ ਦੀ ਬਦਲੀ ਹੋ ਗਈ ਸੀ ਤੇ ਇਸੇ ਰੋਸ ਕਾਰਨ ਉਸ ਨੇ ਇਹ ਕੇਸ ਦਰਜ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਸ ਦਰਜ ਕਰਨ ਤੋਂ ਪਹਿਲਾਂ ਐੱਸ ਐੱਚ ਓ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨਾਲ ਗੱਲ ਹੋਈ ਸੀ ਅਤੇ ਇਹ ਪੁਲਸ ਅਧਿਕਾਰੀ ਦੋਵਾਂ ਵਿਰੋਧੀ ਪਾਰਟੀਆਂ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਸੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਾਹਕੋਟ ਦੇ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਨੇ ਨਿੱਜੀ ਰੋਸ ਦੇ ਕਾਰਨ ਕਾਂਗਰਸ ਉਮੀਦਵਾਰ ਉੱਤੇ ਕੇਸ ਦਰਜ ਕੀਤਾ ਹੈ ਅਤੇ ਦਰਜ ਕਰਨ ਤੋਂ ਪਹਿਲਾਂ ਐੱਸ ਐੱਚ ਓ ਦੀ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਅਕਾਲੀ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਗੱਲ ਹੋਈ ਸੀ ਅਤੇ ਐੱਸ ਐੱਚ ਓ ਪਰਮਿੰਦਰ ਸਿੰਘ ਵਿਰੋਧੀ ਧਿਰ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਐੱਸ ਐੱਚ ਓ ਦਾ ਆਚਰਣ ਠੀਕ ਨਹੀਂ ਅਤੇ ਉਹ 3 ਅਤੇ 4 ਮਈ ਦੀ ਰਾਤ ਜਲੰਧਰ ਦੇ ਇਕ ਪੰਜ ਤਾਰਾ ਹੋਟਲ ਵਿੱਚ 22 ਹਜ਼ਾਰ ਰੁਪਏ ਦੀ ਸ਼ਰਾਬ ਪੀ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪੂਰੇ ਕੇਸ ਵਿੱਚ ਸਿਆਸੀ ਸਾਜਿਸ਼ ਨਜ਼ਰ ਆਉਂਦੀ ਹੈ, ਕਿਉਂਕਿ ਚੋਣ ਕਮਿਸ਼ਨ ਨੇ ਐੱਸ ਐੱਚ ਓ ਨੂੰ ਬਾਰੇ ਕੇਸ ਦਰਜ ਕਰਨ ਦੇ ਹੁਕਮ ਹੀ ਨਹੀਂ ਦਿੱਤੇ ਸਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ 28 ਮਈ ਨੂੰ ਹੋ ਰਹੀ ਉੱਪ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਸ਼ਾਹਕੋਟ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਟੁਰਨਾ ਤੇ ਅਕਾਲੀ ਦਲ ਨਾਲ ਸੰਬੰਧਤ 23 ਸਰਪੰਚ ਅੱਜ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਸਾਰੇ ਅਕਾਲੀਆਂ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਚ ਸ਼ਾਮਿਲ ਕੀਤਾ। ਇਸ ਦੌਰਾਨ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਹੱਥ ਫੜਨ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।