ਕਾਂਗਰਸੀ ਆਗੂ ਨੇ ਕਿਹਾ: ਯੂ ਪੀ ਦੇ ਮੁੱਖ ਮੰਤਰੀ ਨੂੰ ਚੱਪਲਾਂ ਨਾਲ ਕੁੱਟੋ


ਬੰਗਲੌਰ, 16 ਅਪ੍ਰੈਲ (ਪੋਸਟ ਬਿਊਰੋ)- ਕਰਨਾਟਕ ਵਿੱਚ ਰਾਜਨੀਤਕ ਬਹਿਸ ਦਾ ਪੱਧਰ ਓਦੋਂ ਹੋਰ ਡਿੱਗ ਗਿਆ, ਜਦੋਂ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜਦ ਰਾਜ ਵਿੱਚ ਆਉਣ ਤਾਂ ਉਨ੍ਹਾਂ ਦਾ ਚੱਪਲਾਂ ਨਾਲ ਕੁਟਾਪਾ ਕਰੋ। ਭਾਜਪਾ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹਾਕਮ ਕਾਂਗਰਸ ਪਾਰਟੀ ਹਿੰਸਾ ਭੜਕਾ ਰਹੀ ਹੈ। ਇਸ ਦੇ ਬਾਅਦ ਵਿੱਚ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਇਹ ਭਾਵਕ ਭੜਾਸ ਸੀ ਅਤੇ ਉਸ ਨੇ ਇਹੋ ਕਿਹਾ ਕਿ ਯੋਗੀ ਨੂੰ ਚੱਪਲ ਵਿਖਾਓ।
ਬਲਾਤਕਾਰ ਕਾਂਡਾਂ ਦੇ ਵਿਰੋਧ ਵਿੱਚ ਕੱਢੋ ਗਏ ਕੈਂਡਲ ਮਾਰਚ ਦੌਰਾਨ ਕੱਲ੍ਹ ਰਾਤ ਰਾਓ ਨੇ ਕਿਹਾ ਸੀ, ‘ਇਹ ਆਦਮੀ ਜਿਹੜਾ ਯੂ ਪੀ ਤੋਂ ਕਰਨਾਟਕ ਆ ਕੇ ਭਾਸ਼ਣ ਦਿੰਦਾ ਹੈ, ਉਹ ਯੋਗੀ ਨਹੀਂ, ਪਾਖੰਡੀ ਹੈ, ਝੂਠਾ ਤੇ ਠੱਗ ਹੈ। ਕਰਨਾਟਕ ਵਿੱਚ ਉਸ ਨੂੰ ਵੜਨ ਨਹੀਂ ਦੇਣਾ ਚਾਹੀਦਾ।’ ਉਨ੍ਹਾਂ ਕਿਹਾ, ‘ਉਸ ਨੂੰ ਯੋਗੀ ਕਹਿਣ ਦੀ ਲੋੜ ਨਹੀਂ। ਉਹ ਭੋਗੀ ਆਦਿੱਤਿਆਨਾਥ ਹੈ। ਯੂ ਪੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।’