ਕਾਂਗਰਸੀ ਆਗੂਆਂ ਉੱਤੇ ਪੱਤਰਕਾਰ ਨੂੰ ਕੁੱਟਣ ਤੇ ਪਿਸ਼ਾਬ ਪਿਲਾਉਣ ਦਾ ਦੋਸ਼ ਲੱਗਾ

journalist ajit giddarbaha
ਬਠਿੰਡਾ, 16 ਅਪ੍ਰੈਲ (ਪੋਸਟ ਬਿਊਰੋ)- ਗਿੱਦੜਬਾਹਾ ਦੇ ਕਾਂਗਰਸੀ ਆਗੂਆਂ ਉੱਤੇ ਇੱਕ ਪੱਤਰਕਾਰ ਨੂੰ ਕੁੱਟਣ ਅਤੇ ਪਿਸ਼ਾਬ ਪਿਆਉਣ ਅਤੇ ਇਸ ਘਟਨਾ ਦੀ ਵੀਡੀਓ ਬਣਾਉਣ ਦਾ ਦੋਸ਼ ਲੱਗਾ ਹੈ।
ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਸ਼ਿਵਰਾਜ ਰਾਜੂ ਨੇ ਦੱਸਿਆ ਕਿ ਕਾਂਗਰਸ ਵਰਕਰਾਂ ਨੇ ਉਸ ਨੂੰ ਪਹਿਲਾਂ ਕੁੱਟਿਆ ਤੇ ਬਾਅਦ ਵਿੱਚ ਸ਼ਰਾਬ ਤੇ ਫਿਰ ਪਿਸ਼ਾਬ ਪਿਆਇਆ। ਦੋਸ਼ੀਆਂ ਨੇ ਉਸ ਦੀ ਵੀਡੀਓ ਵੀ ਬਣਾਈ ਦੱਸੀ ਜਾ ਰਹੀ ਹੈ। ਆਈ ਜੀ ਮੁਖਵਿੰਦਰ ਸਿੰਘ ਨੇ ਇਸ ਕੇਸ ਵਿੱਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਪੱਤਰਕਾਰ ਸ਼ਿਵਰਾਜ ਰਾਜੂ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਇੱਕ ਵੱਡੇ ਕਾਂਗਰਸ ਆਗੂ ਦੇ ਪੀ ਏ ਦਾ ਫੋਨ ਆਇਆ ਸੀ ਕਿ ਕਾਂਗਰਸ ਦੇ ਖਿਲਾਫ ਖਬਰਾਂ ਨਾ ਲਿਖੋ। ਕੱਲ੍ਹ ਦੁਪਹਿਰ ਕਾਂਗਰਸ ਸਮਰਥਕ ਟਰੱਕ ਯੂਨੀਅਨ ਦਾ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ 15-20 ਸਮਰਥਕਾਂ ਨਾਲ ਉਸ ਦੇ ਦਫਤਰ ਆਇਆ ਅਤੇ ਤੋੜ ਭੰਨ ਕਰ ਦਿੱਤੀ। ਵਿਰੋਧ ਕਰਨ ਉੱਤੇ ਦੋਸ਼ੀਆਂ ਨੇ ਉਸ ਨੂੰ ਕੁੱਟਿਆ ਤੇ ਧੱਕੇ ਨਾਲ ਸ਼ਰਾਬ ਪਿਲਆਈ ਅਤੇ ਫਿਰ ਪਿਸ਼ਾਬ ਪਿਆਇਆ। ਦੋਸ਼ੀਆਂ ਨੇ ਉਸ ਦੀ ਵੀਡੀਓ ਵੀ ਬਣਾਈ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਸ ਸੰਬੰਧ ਵਿੱਚ ਜ਼ੋਨਲ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਭਰੋਸਾ ਦਿੱਤਾ ਹੈ ਕਿ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਪੁਲਸ ਕਾਰਵਾਈ ਕਰੇਗੀ। ਦੂਸਰੇ ਪਾਸੇ ਗਿੱਦੜਬਾਹਾ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਲੈਣਾ ਦੇਣਾ ਨਹੀਂ, ਉਨ੍ਹਾਂ ਕੋਈ ਕੁੱਟਮਾਰ ਨਹੀਂ ਕੀਤੀ।