ਕਹਿਣੀ-ਕਰਨੀ ਦਾ ਫਰਕ ਲੈ ਬੈਠਾ ਆਪ ਨੂੰ

aap
-ਸਤਿਨਾਮ ਸਿੰਘ ਸੰਦੇਸ਼ੀ
2009 ਤੋਂ 2014 ਤੱਕ ਸੱਤਾ ਵਿੱਚ ਰਹੀ ਡਾਕਟਰ ਮਨਮੋਹਨ ਸਿੰਘ ਵਾਲੀਯੂ ਪੀ ਏ ਸਰਕਾਰ ਵੇਲੇ ਬੁਰਜੂਆ ਸਿਆਸਤ ਅੰਦਰ ਇੱਕ ਨਵਾਂ ਮੋੜ ਆਇਆ, ਜਦੋਂ ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ ਭਿ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ। ਉਸ ਅੰਦੋਲਨ ਵਿੱਚ ਕਈ ਨਵੇਂ ਆਗੂ ਅੱਗੇ ਆਏ, ਜੋ ਪਹਿਲਾਂ ਵਕੀਲ ਜਾਂ ਬਿਊਰੋਕ੍ਰੇਸੀ ਵਿੱਚ ਰਹਿ ਚੁੱਕੇ ਸਨ। ਅੰਦੋਲਨ ਵਿੱਚ ਜਿੱਥੇ ਸਰਮਾਏਦਾਰ, ਜਾਗੀਰਦਾਰ ਵਿਚਾਰਧਾਰਾ ਰੱਖਣ ਵਾਲੇ ਲੋਕ ਸ਼ਾਮਲ ਸਨ, ਉਥੇ ਕਈ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਤ ਰਹਿ ਚੁੱਕੇ ਆਗੂ ਵੀ ਸਨ। ਯੂ ਪੀ ਏ ਗੱਠਜੋੜ ਦੀ ਵਿਰੋਧੀ ਬੀ ਜੇ ਪੀ ਉਸ ਅੰਦੋਲਨ ਨੂੰ ਹੱਲਾਸ਼ੇਰੀ ਦੇ ਕੇ ਹਾਲਾਤ ਨੂੰ ਆਪਣੇ ਹੱਕ ਵਿੱਚ ਕਰਨ ਲਈ ਤੱਤਪਰ ਸੀ। ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ ਵਰਗੇ ਲੋਕ ਵੀ ਜਿੱਥੇ ਅੱਗੇ ਆਏ, ਉਨ੍ਹਾਂ ਨਾਲ ਅਰਵਿੰਦ ਕੇਜਰੀਵਾਲ ਸਰਗਰਮੀ ਨਾਲ ਕੰਮ ਕਰਦਾ ਦਿਖਾਈ ਦੇ ਰਿਹਾ ਸੀ। ਭਾਵੇਂ ਮੁਨੀਸ਼ ਸਿਸੋਦੀਆ ਤੇ ਮਹਾਰਾਸ਼ਟਰ, ਹਰਿਆਣਾ ਦਿੱਲੀ ਅਤੇ ਦੂਜੇ ਪ੍ਰਾਂਤਾਂ ਤੋਂ ਬਹੁਤ ਸਾਰੇ ਸਰਗਰਮ ਨੇਤਾ ਪੈਦਾ ਹੋਏ, ਪਰ ਸਭ ਅੰਨਾ ਹਜ਼ਾਰੇ ਦੇ ਦਿਸ਼ਾ-ਨਿਰਦੇਸ਼ ‘ਤੇ ਕੰਮ ਕਰ ਰਹੇ ਸਨ।
ਮੁੱਖ ਆਗੂ ਅੰਨਾ ਹਜ਼ਾਰੇ ਸਨ, ਜਿਨ੍ਹਾਂ ਤੋਂ ਬਿਨਾਂ ਅੰਦੋਲਨ ਦਾ ਅਰਥ ਹੀ ਨਹੀਂ ਸੀ। ਅੰਨਾ ਹਜ਼ਾਰੇ ਨੇ ਆਪਣੇ ਸੁਝਾਵਾਂ ਅਨੁਸਾਰ ਲੋਕਪਾਲ ਬਿੱਲ ਪਾਸ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦੋਂ ਯੂ ਪੀ ਏ ਸਰਕਾਰ ਨੇ ਸਿਧਾਂਤਕ ਤੌਰ ਉੱਤੇ ਅੰਨਾ ਹਜ਼ਾਰੇ ਦੀ ਮੰਗ ਮੰਨ ਲਈ ਤਾਂ ਅੰਦੋਲਨ ਵੀ ਠੰਢਾ ਪੈਣ ਲੱਗਾ। ਕੇਜਰੀਵਾਲ ਨੇ ਇਹ ਰੱਟ ਲਾਉਣੀ ਸ਼ੁਰੂ ਕੀਤੀ ਕਿ ਅੰਨਾ ਹਜ਼ਾਰੇ ਦੇ ਉਦੇਸ਼ਾਂ ਨੂੰ ਨਵੀਂ ਪਾਰਟੀ ਬਣਾ ਕੇ ਸਿਰੇ ਚਾੜ੍ਹਿਆ ਜਾ ਸਕਦਾ ਹੈ, ਪਰ ਅੰਨਾ ਹਜ਼ਾਰੇ ਇਹ ਤਾੜ ਗਏ ਸਨ ਕਿ ਉਨ੍ਹਾਂ ਦੇ ਇਸ ਅੰਦੋਲਨ ਦਾ ਫਾਇਦਾ ਉਠਾ ਕੇ ਕੁਝ ਮੌਕਾਪ੍ਰਸਤ ਖੁਦ ਸਿਆਸੀ ਆਗੂ ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਵਾਰ-ਵਾਰ ਕਿਹਾ ਹੈ ਕਿ ‘ਮੈਂ ਸਿਆਸੀ ਪਾਰਟੀ ਬਣਾਉਣ ਦੇ ਹੱਕ ਵਿੱਚ ਨਹੀਂ, ਮੈਂ ਤਾਂ ਭਿ੍ਰਸ਼ਟਾਚਾਰ ਵਰਗੀਆਂ ਬੁਰਾਈਆਂ ਦੇ ਖਿਲਾਫ ਅੰਦੋਲਨ ਕੀਤਾ ਹੈ ਤੇ ਕਰਾਂਗਾ।’
ਕੇਜਰੀਵਾਲ ਨੇ ਆਪਣਾ ਦਾਅ ਲਾਇਆ ਤੇ ਸਿਆਸਤ ਵਿੱਚ ਮੌਕਾਪ੍ਰਸਤੀ ਨਾਲ ਦਾਖਲ ਹੋਣ ਦਾ ਦਰਵਾਜ਼ਾ ਖੋਲ੍ਹ ਲਿਆ। ਉਨ੍ਹਾਂ ਨਾਲ ਬਹੁਤ ਸਾਰੇ ਸੱਜੀ-ਖੱਬੀ ਵਿਚਾਰਧਾਰਾ ਦੇ ਲੋਕ ਵੀ ਸ਼ਾਮਲ ਹੋ ਗਏ। ਕੇਜਰੀਵਾਲ ਨੇ ਵੀ ਆਈ ਪੀ ਕਲਚਰ ਦੇ ਖਿਲਾਫ ਆਮ ਆਦਮੀ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ ਲੋਕਾਂ ਦੇ ਮਸਲੇ, ਜਿਵੇਂ ਬਿਜਲੀ ਦੇ ਬਿੱਲ ਨਾ ਦੇਣ ਵਾਲੇ ਲੋਕਾਂ ਦੇ ਕੱਟੇ ਕੁਨੈਕਸ਼ਨ ਜੋੜਨ, ਸਫਾਈ ਅਭਿਆਨ, ਬਿਜਲੀ, ਪਾਣੀ, ਸਿਹਤ, ਸਫਾਈ, ਸਿਖਿਆ ਦੇ ਉਭਰਵੇਂ ਮਸਲੇ ਚੁੱਕੇ ਅਤੇ ਅਖੀਰ ‘ਆਮ ਆਦਮੀ ਪਾਰਟੀ’ ਨਾਂਅ ਦੀ ਸਿਆਸੀ ਪਾਰਟੀ ਬਣਾ ਲਈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਲੋਕਾਂ ਨੂੰ ਇਹ ਜਾਪਿਆ ਕਿ ਕੇਜਰੀਵਾਲ ਇਨਕਲਾਬ-ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਆਮ ਆਦਮੀ ਦੇ ਹੱਕਾਂ ਦੀ ਗੱਲ ਕਰਦਾ ਹੈ, ਜੋ ਭੁੱਖ-ਨੰਗ, ਗਰੀਬੀ, ਕੰਗਾਲੀ, ਬੇਰੋਜ਼ਗਾਰੀ ਦੇ ਖਿਲਾਫ ਲੜਦਾ ਹੋਇਆ ਸਰਮਾਏਦਾਰ, ਜਾਗੀਰਦਾਰੀ ਸਿਆਸਤ ਤੇ ਇਨ੍ਹਾਂ ਜਮਾਤਾਂ ਦੇ ਖਿਲਾਫ ਖੱਬੇ ਪੱਖੀਆਂ ਤੋਂ ਅੱਗੇ ਹੋ ਕੇ ਝੰਡਾ ਚੁੱਕੇਗਾ, ਦੇਸ਼ ਵਿੱਚ ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਵਧੀਆ ਤਬਦੀਲੀਆਂ ਲਿਆਵੇਗਾ।
ਕੇਜਰੀਵਾਲ ਦੇ ਨਾਅਰਿਆਂ ਨੂੰ ਸਭ ਤੋਂ ਵੱਧ ਪੰਜਾਬ ਅਤੇ ਦਿੱਲੀ ਦੇ ਲੋਕਾਂ ਨੇ ਸਮਰਥਨ ਦਿੱਤਾ। ਦਿੱਲੀ ਵਿੱਚ ਭਾਜਪਾ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲੈਣਾ ਤੇ ਫਿਰ ਇਹ ਨਾਅਰਾ ਦੇਣਾ ਕਿ ਕਾਂਗਰਸ ਮੈਨੂੰ ਲੋਕ ਹਿੱਤਾਂ ਦੇ ਕੰਮ ਨਹੀਂ ਕਰਨ ਦੇ ਰਹੀ ਅਤੇ ਸਰਕਾਰ ਤੋੜ ਕੇ ਉਹ ਫਿਰ ਲੋਕਾਂ ਵਿੱਚ ਇਉਂ ਆਇਆ, ਜਿਵੇਂ ਕੋਈ ਇਨਕਲਾਬੀ ਆਗੂ ਸਮਾਜਵਾਦੀ ਰਾਜ ਸਥਾਪਤ ਕਰਨਾ ਚਾਹੁੰਦਾ ਹੋਵੇ। ਲੋਕਾਂ ਨੂੰ ਲੱਗਾ ਕਿ ਕੇਜਰੀਵਾਲ ਵੱਡੀ ਤਬਦੀਲੀ ਕਰਨਾ ਚਾਹੁੰਦਾ ਹੈ। ਲੋਕਾਂ ਨੇ ਦਿੱਲੀ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 67 ਸੀਟਾਂ ਦੇ ਕੇ ਦੂਜੀਆਂ ਪਾਰਟੀਆਂ ਨੂੰ ਚੱਲਦਾ ਕਰ ਦਿੱਤਾ।
ਕੁਝ ਸਮੇਂ ਵਿੱਚ ਬਿਊਰਕਰੇਸੀ ਵਿੱਚੋਂ ਆਏ ਇਸ ਸਿਆਸਤਦਾਨ ਨੇ ਆਪਣੇ ਅੰਦਰਲੀ ਅਸਲ ਵਿਚਾਰਧਾਰਾ ਦਿਖਾਉਣੀ ਸ਼ੁਰੂ ਕਰ ਦਿੱਤੀ। ਅਗਾਂਹਵਧੂ ਵਿਚਾਰਾਂ ਵਾਲੇ ਅਤੇ ਆਪ ਪਾਰਟੀ ਦੇ ਮੋਢੀ ਖੱਬੇ ਪੱਖੀ ਆਗੂ ਚੁਣ-ਚੁਣ ਕੇ ਪਾਰਟੀ ਵਿੱਚੋਂ ਬਾਹਰ ਕੱਢ ਮਾਰੇ ਅਤੇ ਆਪਣੇ ਝੋਲੀ-ਚੁੱਕ, ਹੁਕਮ ਮੰਨਣ ਵਾਲੇ ਆਗੂ ਅੱਗੇ ਲਿਆਂਦੇ, ਜਿਨ੍ਹਾਂ ਨੂੰ ਨਾ-ਮਾਤਰ ਸਿਆਸੀ ਸੂਝ ਸੀ। ਉਨ੍ਹਾਂ ਨੇ ਲੋਕਾਂ ਲਈ ਕੋਈ ਘਾਲਾਂ ਨਹੀਂ ਘਾਲੀਆਂ ਸਨ। ਲੋਕਾਂ ਅਤੇ ਮਿਹਨਤਕਸ਼ ਵਰਗ ਵਾਸਤੇ ਲੜਨ ਵਾਲੇ ਵਿਗਿਆਨਕ ਸੋਚ ਦੇ ਧਾਰਨੀ ਸਭ ਖੁੱਡੇ ਲਾ ਦਿੱਤੇ।
ਲੋਕ ਸਭਾ ਚੋਣਾਂ ਵਿੱਚ ਜੋ ਪੰਜਾਬ ਤੋਂ ਚਾਰ ਪਾਰਲੀਮੈਂਟ ਮੈਂਬਰ ਚੁਣੇ ਗਏ, ਉਨ੍ਹਾਂ ਵਿੱਚੋਂ ਡਾਕਟਰ ਧਰਮਵੀਰ ਗਾਂਧੀ ਆਦਿ ਤਰਕ ਨਾਲ ਗੱਲ ਕਰਦੇ ਸਨ। ਜਿਹੜੀ ਗੱਲ ਉਨ੍ਹਾਂ ਨੂੰ ਠੀਕ ਨਹੀਂ ਜਾਪਦੀ, ਉਸ ਨੂੰ ਮੰਨਦੇ ਨਹੀਂ ਸਨ। ਕੇਜਰੀਵਾਲ ਨੇ ਉਨ੍ਹਾਂ ਨੂੰ ਬਾਹਰਲਾ ਰਸਤਾ ਦਿਖਾ ਦਿੱਤਾ।
ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਢੋਲ ਵੱਜ ਪਏ। ਕੇਜਰੀਵਾਲ ਦੇ ਚਮਚੇ ਟਿਕਟਾਂ ਦੇ ਲਾਰੇ ਲਾ ਕੇ ਪੰਜਾਬ ਵਿੱਚ ਅਜਿਹੇ ਲੋਕਾਂ ਦੀ ਤਲਾਸ਼ ਵਿੱਚ ਇਧਰ ਓਧਰ ਘੁੰਮਣ ਲੱਗੇ, ਜੋ ਮਾਇਆ ਦੇ ‘ਖੁੱਲ੍ਹੇ ਗੱਫੇ’ ਵਰਤਾ ਸਕਣ। ਸੁੱਚਾ ਸਿੰਘ ਛੋਟੇਪੁਰ ਵੀ ਵੱਡੀਆਂ ਸੁਰਖੀਆਂ ‘ਚ ਹੀਰੋ ਬਣ ਕੇ ਉਭਰੇ। ਛੋਟੇਪੁਰ ਨੇ ਜੋ ਪ੍ਰਚਾਰ ਕੀਤਾ, ਉਸ ਦਾ ਪੰਜਾਬ ਦੀਆਂ ਚੋਣਾਂ ‘ਤੇ ਬਹੁਤ ਪ੍ਰਭਾਵ ਪਿਆ। ਕੇਜਰੀਵਾਲ ਬਨਾਮ ਛੋਟੇਪੁਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਭਵਿੱਖ ਵਿੱਚ ਫੈਸਲਾ ਕਰਨ ਲਈ ਖੜ੍ਹੇ ਹੋ ਗਏ।
ਚੋਣਾਂ ਆ ਗਈਆਂ, ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ‘ਚ ਉਤਰੇ। ਕਾਂਗਰਸ ਨੇ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ’ ਦੇ ਨਾਅਰੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜੀ। ਅਕਾਲੀ-ਭਾਜਪਾ ਨੇ ਆਪਣੇ 10 ਸਾਲਾਂ ਦੇ ਵਿਕਾਸ ਦੀ ਗੱਲ ਕੀਤੀ, ਪਰ ਲੋਕਾਂ ਨੇ ਇਸ ਨੂੰ ਦਸ ਸਾਲਾਂ ਦਾ ਵਿਨਾਸ਼ ਕਿਹਾ। ਕਾਂਗਰਸ ਚੋਣਾਂ ਜਿੱਤ ਗਈ। ਕੇਜਰੀਵਾਲ ਨੇ ਬਿਜਲਈ ਵੋਟਿੰਗ ਮਸ਼ੀਨਾਂ ਉੱਤੇ ਹੀ ਨਜ਼ਲਾ ਝਾੜਿਆ। ਯੂ ਪੀ, ਗੋਆ ਵਿੱਚ ਵੀ ਕੇਜਰੀਵਾਲ ਦੇ ਪੱਲੇ ਹਾਰ ਪਈ। ਪੰਜਾਬ ਵਿੱਚ ਉਹ 20 ਸੀਟਾਂ ਤੋਂ ਅੱਗੇ ਨਹੀਂ ਵਧਿਆ, ਜੋ ਕਹਿੰਦਾ ਸੀ ਇਥੇ 100 ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ। ਫਿਰ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਹਾਰ ਪੱਲੇ ਪੈਣ ਨਾਲ ਪਾਰਟੀ ਟੁੱਟਣ ਲੱਗੀ। ਵੱਡੇ ਵੱਡੇ ਲੀਡਰ ਖਿੱਲਰ ਗਏ, ਅਸਤੀਫੇ ਸ਼ੁਰੂ ਹੋ ਗਏ।
ਭਾਵੇਂ ਕੇਜਰੀਵਾਲ ਦਾ ਭਵਿੱਖ ਹੁਣ ਧੁੰਦਲਾ ਦਿਖਾਈ ਦੇ ਰਿਹਾ ਹੈ, ਪਰ ਉਸ ਦਾ ਸਿਆਸਤ ਵਿੱਚ ਵੀ ਆਈ ਪੀ ਕਲਚਰ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਅਤੇ ਆਮ ਆਦਮੀ ਦੀ ਗੱਲ ਕਰਨਾ ਇੱਕ ਇਤਿਹਾਸਕ ਕੰਮ ਸੀ, ਜਿਸ ਨੇ ਵੱਡੀਆਂ ਵੱਡੀਆਂ ਸਰਮਾਏਦਾਰ, ਜਾਗੀਰਦਾਰੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਿੱਤੀ। ਕੇਜਰੀਵਾਲ ਦੇ ਨਾਅਰੇ ਪ੍ਰਭਾਵਸ਼ਾਲੀ ਸਨ, ਪਰ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਫਰਕ ਨਿਕਲਿਆ, ਜੋ ਅੱਜ ਕੇਜਰੀਵਾਲ ਦੀ ਪਾਰਟੀ ਨੂੰ ਨਿਘਾਰ ਵੱਲ ਲੈ ਕੇ ਜਾ ਰਿਹਾ ਹੈ। ਕੇਜਰੀਵਾਲ ਦੀ ਕੈਬਨਿਟ ਵਿੱਚ ਅਪਰਾਧਕ ਕਿਸਮ ਦੇ ਅਤੇ ਧੋਖੇਬਾਜ਼ ਨੇਤਾ ਸ਼ਾਮਲ ਹੋਏ, ਜਿਨ੍ਹਾਂ ‘ਤੇ ਕਈ ਕੇਸ ਦਰਜ ਸਨ। ਕੇਜਰੀਵਾਲ ਨੇ ਲੋਕਰਾਜੀ ਢੰਗ ਨਾਲ ਕੰਮ ਨਹੀਂ ਕੀਤਾ, ਸਗੋਂ ਇੱਕ ਪੁਰਖੀ ਡਿਕਟੇਟਰਸ਼ਿਪ ਵਾਲਾ ਰਵੱਈਆ ਅਖਤਿਆਰ ਕੀਤਾ। ਆਮ ਆਦਮੀ ਪਾਰਟੀ ਨਾਂਅ ਦੀ ਇਹ ਪਾਰਟੀ ਆਮ ਆਦਮੀ ਦੀ ਰਾਇ ਤੋਂ ਵਾਂਝੀ ਹੋ ਗਈ। ਪਾਰਟੀ ਦੇ ਉਚ ਆਗੂਆਂ ਦੀ ਵੀ ਕੋਈ ਪੁੱਛ ਨਹੀਂ ਰਹੀ। ਜੋ ਕੇਜਰੀਵਾਲ ਦਾ ਹੁਕਮ ਹੁੰਦਾ ਹੈ, ਉਹੀ ਪਾਰਟੀ ਦਾ ਉਦੇਸ਼ ਤੇ ਸਿਧਾਂਤ ਬਣ ਗਿਆ। ਕਹਿਣੀ ਤੇ ਕਰਨੀ ਦਾ ਫਰਕ ਸ਼ੁਰੂ ਕੀਤੇ ਇੱਕ ਚੰਗੇ ਕਾਰਜ ਨੂੰ ਅੱਗੇ ਨਾ ਵਧਾ ਸਕਿਆ। ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਧਰਮਵੀਰ ਗਾਂਧੀ, ਮਿਹਨਤਕਸ਼ ਲੋਕਾਂ ਦੀ ਵਿਚਾਰਧਾਰਾ ਰੱਖਣ ਵਾਲੇ ਵਧੀਆ ਆਗੂ ਸਨ, ਕੇਜਰੀਵਾਲ ਦੀ ਤਾਨਾਸ਼ਾਹੀ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਡੁੱਬਣ ਕਿਨਾਰੇ ਹੈ ਇਹ ਜਹਾਜ਼? ਕੀ ਕੇਜਰੀਵਾਲ ਇਸ ਨੂੰ ਬਚਾ ਸਕੇਗਾ?