ਕਸ਼ਮੀਰ ਵਾਦੀ ਵਿੱਚ ਮੁਕਾਬਲਾ: ਫੌਜ ਦਾ ਮੇਜਰ ਤੇ ਜਵਾਨ ਸ਼ਹੀਦ, ਦੋ ਅਤਿਵਾਦੀ ਮਾਰੇ ਗਏ

major killed kashmir
ਸ੍ਰੀਨਗਰ, 3 ਅਗਸਤ, (ਪੋਸਟ ਬਿਊਰੋ)- ਅੱਜ ਫਿਰ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਫ਼ੌਜ ਦੀ ਇਕ ਤਲਾਸ਼ੀ ਪਾਰਟੀ ਉਤੇ ਗੋਲੀ ਚਲਾ ਦੇਣ ਨਾਲ ਇਕ ਮੇਜਰ ਤੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ। ਇਸ ਦੌਰਾਨ ਕੁਲਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਦੋ ਦਹਿਸ਼ਤਗਰਦ ਮਾਰ ਮੁਕਾਏ, ਜਿਨ੍ਹਾਂ ਵਿੱਚੋਂ ਇਕ ਜਣਾ ਬੀਤੇ ਮਈ ਵਿੱਚ ਬੈਂਕ ਦੀ ਨਕਦੀ ਵਾਲੀ ਗੱਡੀ ਉਤੇ ਹੋਏ ਹਮਲੇ ਵਿੱਚ ਸ਼ਾਮਲ ਸੀ।
ਸੁਰੱਖਿਆ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ੋਪੀਆਂ ਜ਼ਿਲ੍ਹੇ ਦੇ ਜ਼ੈਨਾਪੋਰਾ ਇਲਾਕੇ ਵਿੱਚ ਸੁਰੱਖਿਆ ਫੋਰਸਾਂ ਨੇ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਕਿ ਦਹਿਸ਼ਤਗਰਦਾਂ ਨੇ ਉਨ੍ਹਾਂ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਨਾਲ ਫ਼ੌਜ ਦਾ ਮੇਜਰ ਕਮਲੇਸ਼ ਪਾਂਡੇ, ਸਿਪਾਹੀ ਤਾਨਜ਼ਿਨ ਛੁਲਟਿਮ ਅਤੇ ਕਿਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਤਿੰਨਾਂ ਨੂੰ ਫ਼ੌਰੀ ਇਲਾਜ ਲਈ ਫ਼ੌਜ ਦੇ ਬੇਸ ਹਸਪਤਾਲ ਪੁਚਾਇਆ ਗਿਆ, ਪਰ ਉਥੇ ਜਾਣ ਤੱਕ ਮੇਜਰ ਪਾਂਡੇ ਅਤੇ ਸਿਪਾਹੀ ਛੁਲਟਿਮ ਨੇ ਪ੍ਰਾਣ ਤਿਆਗ ਦਿੱਤੇ। ਅਧਿਕਾਰੀਆਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਇਸ ਨੁਕਸਾਨ ਦੇ ਬਾਵਜੂਦ ਤਲਾਸ਼ੀ ਅਪਰੇਸ਼ਨ ਜਾਰੀ ਰੱਖਿਆ, ਪਰ ਦਹਿਸ਼ਤਗਰਦ ਖਿਸਕਣ ਵਿੱਚ ਕਾਮਯਾਬ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਪਾਂਡੇ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਨਾਲ ਸਬੰਧਤ ਸੀ, ਜੋ ਆਪਣੇ ਪਿੱਛੇ ਪਤਨੀ ਤੇ ਦੋ ਸਾਲਾ ਧੀ ਛੱਡ ਗਏ ਹਨ। ਸਿਪਾਹੀ ਛੁਲਟਿਮ ਕੁਆਰਾ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਿਪਤੀ ਇਲਾਕੇ ਨਾਲ ਸਬੰਧਤ ਸੀ।
ਇਸ ਦੌਰਾਨ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਗੋਪਾਲਪੋਰਾ ਪਿੰਡ ਵਿੱਚ ਹੋਏ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ। ਸੁਰੱਖਿਆ ਦਸਤਿਆਂ ਨੇ ਦਹਿਸ਼ਤਗਰਦਾਂ ਦੇ ਹੋਣ ਦੀ ਦੀ ਪੱਕੀ ਸੂਹ ਮਿਲਣ ਪਿੱਛੋਂ ਤਲਾਸ਼ੀ ਮੁਹਿੰਮ ਆਰੰਭੀ ਸੀ। ਅਧਿਕਾਰੀਆਂ ਮੁਤਾਬਕ ਇਸ ਦੌਰਾਨ ਗੋਲੀਬਾਰੀ ਵਿੱਚ ਦੋ ਸਥਾਨਕ ਅਤਿਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਵਿੱਚੋਂ ਇਕ ਬੀਤੀ ਪਹਿਲੀ ਮਈ ਨੂੰ ਬੈਂਕ ਦੀ ਕੈਸ਼ ਵੈਨ ਉਤੇ ਹਮਲੇ ਵਿੱਚ ਸ਼ਾਮਲ ਸੀ, ਜਿਸ ਦੌਰਾਨ ਪੰਜ ਪੁਲੀਸ ਜਵਾਨਾਂ ਤੇ ਬੈਂਕ ਦੇ ਦੋ ਗਾਰਡਾਂ ਦੀ ਮੌਤ ਹੋ ਗਈ ਸੀ। ਉਹ ਬੀਤੇ ਮਹੀਨੇ ਕੁਲਗਾਮ ਜ਼ਿਲ੍ਹੇ ਵਿੱਚ ਇਕ ਪੁਲੀਸ ਜਵਾਨ ਦੇ ਕਤਲ ਲਈ ਵੀ ਲੋੜੀਂਂਦਾ ਸੀ।