ਕਵਿਤਾ

-ਤੇਜਿੰਦਰ ਮਾਰਕੰਡਾ

ਹੈ ਜੋਤ ਸਭਨਾਂ ‘ਚੋਂ ਕਿਸ ਦੀ ਰੌਸ਼ਨ
ਉਹ ਏਸੇ ਗੱਲ ‘ਤੇ ਝਗੜ ਰਹੇ ਨੇ
ਹਨੇਰ ਖੁਸ਼ੀਆਂ ਮਨਾ ਰਿਹਾ ਹੈ
ਚਿਰਾਗ ਆਪਸ ‘ਚ ਲੜ ਰਹੇ ਨੇ।

ਉਨ੍ਹਾਂ ਦੇ ਸਿਰ ‘ਤੇ ਹੀ ਤਾਜ ਹੋਵੇ
ਤੇ ਸਾਰੀ ਪਰਜਾ ਮੁਥਾਜ ਹੋਵੇ
ਨਿਯਮ ਉਹ ਐਸੇ ਬਣਾ ਰਹੇ ਨੇ
ਕਾਨੂੰਨ ਐਸੇ ਉਹ ਘੜ ਰਹੇ ਨੇ।

ਧਰਮ ਦੀ ਥਾਂ-ਥਾ ਪਿਉਂਦ ਲਾ ਕੇ
ਤੇ ਖੰਜਰਾਂ ਦੀ ਫਸਲ ਉਗਾ ਕੇ
ਉਹ ਫੌਜ ਕੋਈ ਬਣਾ ਰਹੇ ਨੇ
ਤੇ ਕੋਈ ਸਾਜ਼ਿਸ਼ ਵੀ ਘੜ ਰਹੇ ਨੇ।

ਰਹੀ ਨਹੀਂ ਸੀ ਟਹਿਕ ਇਨ੍ਹਾਂ ਵਿੱਚ
ਬਚੀ ਨਹੀਂ ਸੀ ਮਹਿਕ ਇਨ੍ਹਾਂ ਵਿੱਚ
ਇਹ ਪੱਤ ਜੋ ਬਿਰਖਾਂ ਤੋਂ ਡਿੱਗ ਰਹੇ ਨੇ
ਇਹ ਫੁੱਲ ਜੋ ਸ਼ਾਖਾਂ ਤੋਂ ਝੜ ਰਹੇ ਨੇ।

ਚਮਨ ਨੂੰ ਰਾਹਤ ਕਦੋਂ ਮਿਲੇਗੀ
ਕਦੋਂ ਇਨ੍ਹਾਂ ਨੂੰ ਸਜ਼ਾ ਮਿਲੇਗੀ
ਇਹ ਹੱਥ ਜੋ ਕਲੀਆਂ ਮਸਲ ਰਹੇ ਨੇ
ਜੋ ਪੈਰ ਬੂਟੇ ਲਿਤੜ ਰਹੇ ਨੇ।