ਕਲਬੁਰਗੀ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਟੀਮ ਤੋਂ ਕਰਵਾਉਣ ਦੇ ਲਈ ਪਟੀਸ਼ਨ ਦਾਇਰ


ਨਵੀਂ ਦਿੱਲੀ, 11 ਜਨਵਰੀ (ਪੋਸਟ ਬਿਊਰੋ)- ਲੇਖਕ ਤੇ ਤਰਕਸ਼ੀਲ ਐਮ ਐਮ ਕਲਬੁਰਗੀ ਦੀ ਪਤਨੀ ਨੇ ਆਪਣੇ ਪਤੀ ਦੀ ਸਾਲ 2015 ਵਿੱਚ ਹੋਈ ਹੱਤਿਆ ਦੀ ਜਾਂਚ ਇੱਕ ਵਿਸੇਸ਼ ਜਾਂਚ ਟੀਮ (ਸਿੱਟ) ਤੋਂ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ ਐਨ ਆਈ ਏ, ਸੀ ਬੀ ਆਈ ਅਤੇ ਮਹਾਰਾਸ਼ਟਰ ਤੇ ਕਰਨਾਟਕ ਦੀਆਂ ਰਾਜ ਸਰਕਾਰਾਂ ਨੂੰ ਛੇ ਹਫਤਿਆਂ ਅੰਦਰ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਇਸ ਪਟੀਸ਼ਨ ਦੇ ਮੁਤਾਬਕ ਹੱਤਿਆ ਕਾਂਡ ਵਿੱਚ ਅਜੇ ਤੱਕ ਕੋਈ ਸੰਤੋਸ਼ ਜਨਕ ਜਾਂਚ ਸਿਰੇ ਨਹੀਂ ਲੱਗੀ ਹੈ।
ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਲੇਖਕ ਦੀ ਪਤਨੀ ਉਮਾ ਦੇਵੀ ਕਲਬੁਰਗੀ ਵੱਲੋਂ ਪੇਸ਼ ਕੀਤੀ ਗਈ ਪਟੀਸ਼ਨ ਦਾ ਨੋਟਿਸ ਲੈਂਦੇ ਹੋਏ ਇਹ ਨਿਰਦੇਸ਼ ਜਾਰੀ ਕੀਤੇ ਹਨ। ਵਕੀਲ ਕ੍ਰਿਸ਼ਨਾ ਕੁਮਾਰ ਰਾਹੀਂ ਪੇਸ਼ ਕੀਤੀ ਗਈ ਪਟੀਸ਼ਨ ਵਿੱਚ ਕਲਬੁਰਗੀ ਦੀ ਪਤਨੀ ਨੇ ਸ਼ੱਕ ਜਤਾਇਆ ਕਿ ਉਸ ਦੇ ਪਤੀ ਅਤੇ ਬੁੱਧੀਜੀਵੀ ਕਾਰਕੁਨਾਂ ਨਰੇਂਦਰ ਅਚਿਉਤ ਦਾਭੋਲਕਰ ਅਤੇ ਗੋਵਿੰਦਰਾਓ ਪਨਸਾਰੇ ਦੀਆਂ ਹੱਤਿਆਵਾਂ ਦੀ ਕੋਈ ਕੜੀ ਜੁੜਦੀ ਹੈ। ਦਾਭੋਲਕਰ ਨੂੰ ਅਗਸਤ 2013 ਅਤੇ ਪਨਸਾਰੇ ਨੂੰ ਫਰਵਰੀ 2015 ‘ਚ ਕਤਲ ਕੀਤਾ ਗਿਆ ਸੀ। ਇਸ ਪਟੀਸ਼ਨ ‘ਚ ਉਨ੍ਹਾਂ ਕਿਹਾ ਕਿ ਦਾਭੋਲਕਰ ਅਤੇ ਪਨਸਾਰੇ ਕਾਂਡਾਂ ਦੀ ਜਾਂਚ ‘ਚ ਕੋਈ ਤਰੱਕੀ ਨਹੀਂ ਹੋਈ ਤੇ ਕਾਤਲਾਂ ਨੂੰ ਫੜਨ ਲਈ ਠੋਸ ਕਦਮ ਨਹੀਂ ਚੁੱਕੇ ਗਏ।