ਕਰੋੜ ਦੀ ਲੁੱਟ ਵਿੱਚੋਂ 48 ਲੱਖ ਤੋਂ ਵੱਧ ਬਰਾਮਦ, 5 ਦੋਸ਼ੀ ਫੜੇ


* ਡੀ ਐੱਸ ਪੀ ਸਮੇਤ ਜਾਂਚ ਟੀਮ ਨੂੰ ਐਵਾਰਡ ਮਿਲਣਗੇ
ਜਲੰਧਰ, 14 ਨਵੰਬਰ, (ਪੋਸਟ ਬਿਊਰੋ)- ਪੁਲਸ ਜਿ਼ਲਾ ਜਲੰਧਰ ਦਿਹਾਤੀ ਤੇ ਜਿ਼ਲਾ ਕਪੂਰਥਲਾ ਪੁਲਸ ਟੀਮਾਂ ਦੀ ਸਾਂਝੀ ਕਾਰਵਾਈ ਸਦਕਾ ਭੋਗਪੁਰ ਦੇ ਖੇਤਰ ਵਿੱਚੋਂ ਲੁੱਟੀ ਹੋਈ ਐਚ ਡੀ ਐਫ਼ ਸੀ ਬੈਂਕ ਦੀ ਕੈਸ਼ ਵੈਨ ਦੇ ਮਾਮਲੇ ਵਿੱਚ ਤਿੰਨ ਹੋਰ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨਾਂ ਦੀ ਪਛਾਣ ਸਤਿੰਦਰਪਾਲ ਸਿੰਘ ਉਰਫ਼ ਹੈਪੀ ਪੁੱਤਰ ਗੁਰਦੀਪ ਸਿੰਘ ਵਾਸੀ ਨਡਾਲਾ ਜਿ਼ਲਾ ਕਪੂਰਥਲਾ, ਸੁਖਦੇਵ ਸਿੰਘ ਉਰਫ਼ ਸੋਨੂੰ ਪੁੱਤਰ ਕਸ਼ਮੀਰ ਸਿੰਘ ਵਾਸੀ ਡਾਲਾ, ਭੁਲੱਥ ਅਤੇ ਹਰਦੀਪ ਸਿੰਘ ਉਰਫ਼ ਦੀਪਾ ਉਰਫ਼ ਮਨੋਜ ਕਮਾਰ ਸ਼ਰਮਾ ਪੁੱਤਰ ਸਵਰਣ ਸਿੰਘ ਵਾਸੀ ਖੱਖਾਂ ਵਾਲੀ ਗਲੀ, ਨਡਾਲਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ 48 ਲੱਖ 31 ਹਜ਼ਾਰ 500 ਰੁਪਏ, ਇਕ 315 ਬੋਰ ਦਾ ਤੇ ਇਕ 12 ਬੋਰ ਦਾ ਪਿਸਤੌਲ, 5 ਕਾਰਤੂਸ ਅਤੇ ਤਿੰਨ ਖਾਲੀ ਖੋਲ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਜਿ਼ਕਰ ਯੋਗ ਹੈ ਕਿ ਇਸ ਵਾਰਦਾਤ ਦੇ ਬਾਅਦ ਪਿੱਛਾ ਕਰਦਿਆਂ ਡੀ ਐੱਸ ਪੀ ਕਰਤਾਰਪੁਰ ਸਰਬਜੀਤ ਰਾਏ ਦੀ ਪੁਲਸ ਟੀਮ ਨਾਲ ਭੇੜ ਦੌਰਾਨ ਜ਼ਖ਼ਮੀ ਹੋਏ ਰਣਜੀਤ ਸਿੰਘ (32) ਪੁੱਤਰ ਸੁਖਦੇਵ ਸਿੰਘ ਪਿੰਡ ਲੱਖਣ ਖੋਲੇ, ਕਪੂਰਥਲਾ ਨੂੰ ਕਾਬੂ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਜਸਕਰਨ ਸਿੰਘ ਉਰਫ਼ ਬਾਊ ਪੁੱਤਰ ਬਲਵਿੰਦਰ ਸਿੰਘ ਵਾਸੀ ਬੁੱਢਾ ਬੱਲਾਂ, ਭੈਣੀ ਮੀਆਂ ਖਾਂ, ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਾ ਸੀ। ਲੁੱਟ ਦੀ ਇਹ ਵਾਰਦਾਤ ਕਰਨ ਵਾਲੇ ਗਰੋਹ ਦੇ 2 ਹੋਰ ਬੰਦੇ ਸੁਖਵਿੰਦਰ ਸਿੰਘ ਉਰਫ਼ ਨਿੰਮਾ ਪੁੱਤਰ ਬੂਟਾ ਸਿੰਘ ਪਿੰਡ ਲੱਖਣ ਖੋਲੇ, ਸੁਭਾਨਪੁਰ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਮੰਗਤ ਰਾਮ ਵਾਸੀ ਕਮਰਾਵਾਂ, ਭੁੱਲਥ ਅਜੇ ਗ੍ਰਿਫ਼ਤਾਰ ਨਹੀਂ ਹੋ ਸਕੇ।
ਪੰਜਾਬ ਪੁਲਸ ਦੇ ਆਈ ਜੀ ਜ਼ੋਨ-2, ਜਲੰਧਰ ਅਰਪਿਤ ਸ਼ੁਕਲਾ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਬੀਤੀ 10 ਨਵੰਬਰ ਨੂੰ ਐਚ ਡੀ ਐਫ ਸੀ ਬੈਂਕ ਦੀ ਮੇਨ ਬਰਾਂਚ ਤੋਂ ਕੁਝ ਮੁਲਾਜ਼ਮ ਮਹਿੰਦਰਾ ਮੈਕਸੀਮਾ ਗੱਡੀ ਵਿੱਚ ਏ ਟੀ ਐਮਜ਼ ਵਿੱਚ ਕੈਸ਼ ਪਾਉਣ ਨਿਕਲੇ ਸਨ। ਜਦੋਂ ਉਹ ਭੋਗਪੁਰ ਤੋਂ ਪਿੰਡ ਡੀਂਗਰੀਆਂ, ਥਾਣਾ ਆਦਮਪੁਰ ਦੇ ਪਿੰਡ ਮਾਣਕਰਾਏ ਨੇੜੇ ਪਹੁੰਚੇ ਤਾਂ ਇਕ ਕਾਰ ਅਤੇ 3 ਮੋਟਰਸਾਈਕਲਾਂ ਉੱਤੇ ਸਵਾਰ 7 ਵਿਅਕਤੀਆਂ ਨੇ ਘੇਰ ਕੇ ਇਸ ਵੈਨ ਦੇ ਗੰਨਮੈਨ ਦੀ ਬੰਦੂਕ ਵੀ ਖੋਹ ਲੈ ਲਈ ਅਤੇ ਵੈਨ ਵਿੱਚੋਂ ਕੁੱਲ੍ਹ 1 ਕਰੋੜ 18 ਲੱਖ 50,000 ਰੁਪਏ ਨਗਦੀ ਲੁੱਟ ਲਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਡੀ ਐੱਸ ਪੀ ਕਰਤਾਰਪੁਰ ਸਰਬਜੀਤ ਰਾਏ ਦੀ ਟੀਮ ਨੇ ਇੰਡੀਗੋ ਕਾਰ ਦਾ ਪਿੱਛਾ ਕਰਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿੱਚ ਸਵਾਰ ਰਣਜੀਤ ਸਿੰਘ ਨੇ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਇੱਕ ਦੋਸ਼ੀ ਜ਼ਖ਼ਮੀ ਹੋ ਗਿਆ। ਉਸ ਨੂੰ ਪੁਲਸ ਨੇ ਕਾਬੂ ਕਰਕੇ, ਇੰਡੀਗੋ ਕਾਰ ਅਤੇ ਇਕ 12 ਬੋਰ ਦੀ ਦੇਸੀ ਪਿਸਤੌਲ ਸਣੇ 2 ਚੱਲੇ ਹੋਏ ਕਾਰਤੂਸ ਬਰਾਮਦ ਕਰ ਲਏ ਅਤੇ ਜ਼ਖ਼ਮੀ ਦੋਸ਼ੀ ਰਣਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਸੀ। ਆਈ ਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜਸਕਰਨ ਸਿੰਘ ਉਰਫ਼ ਬਾਊ ਪੰਜ ਜਮਾਤਾਂ ਪੜ੍ਹਿਆ ਹੈ ਤੇ ਮਜ਼ਦੂਰੀ ਕਰਦਾ ਸੀ। ਉਸ ਦੀ ਕੋਈ ਜਾਇਦਾਦ ਨਾ ਹੋਣ ਕਰਕੇ ਉਸ ਨੇ ਆਪਣੇ ਜੀਜੇ ਸੁਖਵਿੰਦਰ ਸਿੰਘ ਉਰਫ਼ ਨਿੰਮਾ ਨਾਲ ਮਿਲ ਕੇ ਵਾਰਦਾਤ ਕੀਤੀ ਸੀ। ਸਤਿੰਦਰਪਾਲ ਸਿੰਘ ਉਰਫ਼ ਹੈਪੀ ਨੇ ਐਮ ਐਸ ਸੀ ਕੰਪਿਊਟਰ ਕੀਤੀ ਹੋਈ ਹੈ ਅਤੇ ਉਹ ਪਹਿਲਾਂ ਐਚ ਡੀ ਐਫ ਸੀ ਬੈਂਕ ਜਲੰਧਰ ਵਿੱਚ ਨੌਕਰੀ ਕਰਦਾ ਸੀ। ਕਰੀਬ ਇਕ ਸਾਲ ਪਹਿਲਾਂ ਇਸ ਨੇ ਨੌਕਰੀ ਛੱਡ ਦਿੱਤੀ ਅਤੇ ਅੱਜ ਕੱਲ੍ਹ ਮਿੱਲ ਵਿੱਚ ਕੰਮ ਕਰ ਰਿਹਾ ਸੀ। ਉਸੇ ਨੇ ਸਾਰੀ ਵਾਰਦਾਤ ਦੀ ਵਿਉਂਤ ਬਣਾਈ ਸੀ। ਮਨੋਜ ਕੁਮਾਰ ਸ਼ਰਮਾ 10ਵੀਂ ਪਾਸ ਹੈ ਤੇ ਅੱਜ ਕੱਲ ਮੋਬਾਈਲਾਂ ਦੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਸੁਖਦੇਵ ਸਿੰਘ ਉਰਫ਼ ਸੋਨੂੰ 10ਵੀਂ ਪਾਸ ਹੈ ਤੇ ਫਰਨੀਚਰ ਦੀ ਦੁਕਾਨ ਉਤੇ ਕੰਮ ਕਰਦਾ ਸੀ।
ਅਰਪਿਤ ਸ਼ੁਕਲਾ ਆਈ ਜੀ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਅੱਧੇ ਘੰਟੇ ਵਿੱਚ ਹੱਲ ਕਰਨ ਵਾਲੀ ਪੁਲਸ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ। ਡੀ ਐਸ ਪੀ ਕਰਤਾਰਪੁਰ ਸਰਬਜੀਤ ਰਾਏ ਨੂੰ ਪੁਲਸ ਬਹਾਦਰੀ ਪੁਰਸਕਾਰ, ਥਾਣਾ ਮੁਖੀ ਕਰਤਾਰਪੁਰ ਦਵਿੰਦਰ ਸਿੰਘ ਨੂੰ ਡੀ ਜੀ ਪੀ ਡਿਸਕ, ਹਵਾਲਦਾਰ ਪਵਨ ਕੁਮਾਰ ਲਈ ਏ ਐੱਸ ਆਈ ਦਾ ਲੋਕਲ ਰੈਂਕ, ਸਿਪਾਹੀ ਬਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੂੰ ਸੀ-2 ਦੀ ਤਰੱਕੀ ਦਿੱਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਐਸ ਪੀ ਬਲਕਾਰ ਸਿੰਘ ਕਪੂਰਥਲਾ ਦੀ ਪੁਲਸ ਟੀਮ ਦੇ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਡੀ ਜੀ ਪੀ ਡਿਸਕ, ਹਵਾਲਦਾਰ ਸਤਨਾਮ ਸਿੰਘ ਅਤੇ ਦਰਬਾਰਾ ਸਿੰਘ ਲਈ ਏ ਐੱਸ ਆਈ ਲੋਕਲ ਰੈਂਕ, ਸਿਪਾਹੀ ਵਿਕਰਮ ਸਿੰਘ ਨੂੰ ਸੀ-2 ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਐਸ ਐਸ ਪੀ ਜਲੰਧਰ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ, ਐਸ ਐਸ ਪੀ ਕਪੂਰਥਲਾ ਸੰਦੀਪ ਕੁਮਾਰ ਸ਼ਰਮਾ, ਐਸ ਪੀ ਬਲਕਾਰ ਸਿੰਘ ਅਤੇ ਐਸ ਪੀ ਜਸਕਿਰਨਜੀਤ ਸਿੰਘ ਨੂੰ ਪ੍ਰਸੰਸ਼ਾ ਪੱਤਰ ਦਿੱਤੇ ਜਾਣਗੇ।