ਕਰੋੜਾਂ ਦੇ ਘਪਲੇ ਬਾਰੇ ਇਨਫੋਰਸਮੈਂਟ ਨੇ ਕੋਰਟ ਵਿੱਚ ਚਾਰਜ ਸ਼ੀਟ ਦਾਖਲ ਕੀਤੀ

court
ਜਲੰਧਰ, 17 ਮਾਰਚ (ਪੋਸਟ ਬਿਊਰੋ)- ਕਈ ਸਾਲ ਪਹਿਲਾਂ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਦਫਤਰ ਦੇ ਕਲਰਕ ਤੇ ਹੋਰ ਲੋਕਾਂ ਦੀ ਮਿਲਭੁਗਤ ਨਾਲ ਹੋਏ ਕਰੋੜਾਂ ਦੇ ਐਮਬੋਸਿੰਗ ਘਪਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਕੱਲ੍ਹ ਸਪੈਸ਼ਲ ਕੋਰਟ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ  ਹੈ।
ਵਰਨਣ ਯੋਗ ਹੈ ਕਿ ਸਾਲ 1998 ਵਿੱਚ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਦਫਤਰ ਵਿੱਚ ਕਲਰਕ ਚਰਨਜੀਤ ਸਿੰਘ ਨੇ ਮੈਸਰਜ਼ ਐੱਸ ਡੀ ਐੱਚ ਸਰਵਿਸ ਦੇ ਯੋਗੇਸ਼ ਸੋਨੀ, ਅਜੇ ਸੋਨੀ, ਫੇਅਰਡੀਲ ਕੈਪੀਟਲ ਸਰਵਿਸਿਜ਼ ਦੇ ਰਾਜੇਸ਼ ਆਨੰਦ ਅਤੇ ਹੋਰ ਲੋਕਾਂ ਨਾਲ ਮਿਲ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ। ਦੱਸਿਆ ਜਾਂਦਾ ਹੈ ਕਿ ਉਕਤ ਕਲਰਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਦੇਸ਼ ਤੋਂ ਆਉਣ ਵਾਲੀਆਂ ਪਾਵਰ ਆਫ ਅਟਾਰਨੀਜ਼ ਨੂੰ ਐਮਬੋਸ ਕਰਨ ਲਈ ਲਗਭਗ 2.48 ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਇਸ ਘਪਲੇ ਦਾ ਪਰਦਾ ਫਾਸ ਹੋਣ ‘ਤੇ ਜਨਵਰੀ 2012 ਵਿੱਚ ਥਾਣਾ ਨਵੀਂ ਬਾਰਾਂਦਰੀ ਵਿੱਚ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸਰਕਾਰ ਨਾਲ ਹੋਏ ਕਰੋੜਾਂ ਦੇ ਘਪਲੇ ਦੀ ਜਾਂਚ ਈ ਡੀ ਵੱਲੋਂ ਕੀਤੀ ਗਈ। ਜਾਂਚ ਦੌਰਾਨ ਈ ਡੀ ਵੱਲੋਂ ਕਰੀਬ 13.4 ਲੱਖ ਰੁਪਏ ਦੀ ਪ੍ਰਾਪਰਟੀ ਵੀ ਅਟੈਚ ਸੀ। ਜਾਂਚ ਪੂਰੀ ਹੋਣ ‘ਤੇ ਕੱਲ੍ਹ ਈ ਡੀ ਦੇ ਜੁਆਇੰਟ ਡਾਇਰੈਕਟਰ ਗਰੀਸ਼ ਬਾਲੀ ਦੇ ਹੁਕਮਾਂ ਉੱਤੇ ਉਕਤ ਦੋਸ਼ੀਆਂ ਖਿਲਾਫ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ।