ਕਰਾਮਾਤ

-ਡਾ. ਭੁਪਿੰਦਰ ਸਿੰਘ ਫੇਰੂਮਾਨ

ਬਿਨਾਂ ਸਹਾਰੇ ਰੁੱਖ ਖੜੇ ਨੇ,
ਇਹ ਸਭ ਜੜ੍ਹਾਂ ਦੀ ਕਰਾਮਾਤ ਹੈ।
ਜਿਸ ਰੁੱਖ ਦੀ ਜੜ੍ਹ ਸਾਥ ਨਾ ਦੇਵੇ,
ਲੈ ਉਡ ਜਾਂਦਾ ਚੱਕਰਵਾਤ ਹੈ।

ਦੰਗਿਆਂ ਮਗਰੋਂ ਉਜੜੀ ਬਸਤੀ,
ਰੋ-ਰੋ ਕੇ ਇਹ ਦੱਸ ਰਹੀ ਹੈ,
ਮੇਰੇ ਵਿਹੜੇ ਜੋ ਰੱਤ ਡੁੱਲ੍ਹੀ,
ਨਾ ਉਸ ਧਰਮ, ਨਾ ਨਸਲ ਜਾਤ ਹੈ।

ਨਾ ਕੰਧਾਂ, ਨਾ ਛੱਤ ਦਰਵਾਜ਼ਾ,
ਆਲ੍ਹਣ ਰੁੱਖ ਦੀ ਸ਼ਾਖ ‘ਤੇ ਟਿਕਿਆ,
ਬੰਦਾ ਕੈਦ ਘਰਾਂ ਵਿੱਚ ਘਿਰਿਆ,
ਜੇਲ੍ਹ ਨਹੀਂ ਤਾਂ ਹਵਾਲਾਤ ਹੈ।

ਨੀਂ ਰਾਤੇ ਤੂੰ ਲਾ ਸਮਾਧੀ,
ਨਾ ਚੰਨ ਤੁਰੇ, ਨਾ ਤਾਰੇ ਚੱਲਣ,
ਆ ਪਵਨੇ ਤੂੰ ਗਾ ਕੋਈ ਨਗਮਾ,
ਦੋ ਰੂਹਾਂ ਦੀ ਮੁਲਾਕਾਤ ਹੈ।

ਲਾਲ ਹਨੇਰੀ ਫਿਰ ਚੜ੍ਹ ਆਈ,
ਸ਼ਹਿਰ ਮੇਰੇ ‘ਤੇ ਸਹਿਮ ਛਾ ਗਿਆ,
ਗਲੀ ਦਰਾਂ ਦੀ ਖੈਰ ਕਰੇ ਰੱਬ,
ਸਾਜ਼ਿਸ਼ ਘੜ ਰਹੀ ਵਾਰਦਾਤ ਹੈ।

ਕਵਿਤਾਵਾਂ ਦੀ ਧੂਣੀ ਚੜ੍ਹ ਗਈ,
ਕਵੀ ਸਮਾਧੀ ਲੀਨ ਹੋ ਗਿਆ,
ਗਜ਼ਲਾਂ ਨਜ਼ਮਾਂ ਚੜ੍ਹੇ ਚੜ੍ਹਾਵਾਂ,
ਇਸ ਉਸ ਦੌਲਤ ਜ਼ੇਵਰਾਤ ਹੈ।

‘ਫੇਰੂਮਾਨ’ ਦਾ ਭੇਤ ਸੁਣੋ ਜੀ,
ਇਹ ਖੋਜੀ ਹੈ ਸੱਚ ਦੇ ਰਾਹ ਦਾ,
ਨਾ ਕਰਮਾਂ ਵਿੱਚ ਲੁਕੇ ਨੇ ਵਲ ਛਲ,
ਨਾ ਸੋਚਾਂ ਵਿੱਚ ਜਾਤਪਾਤ ਹੈ।