ਕਰਮਾਂ ਮਾਰੀ ਕਰਮੋ

-ਗੁਰੀ ਸੰਧੂ
ਕਰਮੋ ਨਾਂਅ ਦੀ ਲੜਕੀ ਦਾ ਵਿਆਹ ਰਾਮ ਸਿੰਘ ਨਾਂਅ ਦੇ ਲੜਕੇ ਨਾਲ ਹੋਇਆ ਸੀ। ਉਹ ਬੜੀ ਹੋਣਹਾਰ ਲੜਕੀ ਸੀ, ਪਰ ਰਾਮ ਸਿੰਘ ਹਰ ਵੇਲੇ ਨਸ਼ੇ ਵਿੱਚ ਡੁੱਬਿਆ ਰਹਿੰਦਾ ਸੀ। ਕਰਮੋ ਆਪਣੇ ਵਿਆਹੁਤਾ ਜੀਵਨ ਤੋਂ ਖੁਸ਼ ਨਹੀਂ ਸੀ। ਰਾਮ ਸਿੰਘ ਕਦੇ ਕਦੇ ਜ਼ਿਆਦਾ ਨਸ਼ਾ ਕਰਕੇ ਕਰਮੋ ਨੂੰ ਕੁੱਟਦਾ ਵੀ ਹੁੰਦਾ ਸੀ, ਪਰ ਕਰਮੋ ਨੇ ਇਹ ਗੱਲ ਕਦੇ ਵੀ ਜਾ ਕੇ ਆਪਣੇ ਮਾਪਿਆਂ ਨੂੰ ਨਹੀਂ ਦੱਸੀ। ਕੁਝ ਸਮੇਂ ਬਾਅਦ ਕਰਮੋ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦੇ ਜਨਮ ਲੈਣ ਨਾਲ ਕਰਮੋ ਦੀ ਆਸ ਨੂੰ ਬੂਰ ਪੈਣ ਲੱਗਾ। ਉਹ ਸੋਚਣ ਲੱਗੀ ਕਿ ਮੇਰਾ ਪੁੱਤ ਮੇਰੀ ਜ਼ਿੰਦਗੀ ਵਿੱਚ ਸੁੱਖ ਲੈ ਕੇ ਆਵੇਗਾ। ਇਸ ਲਈ ਉਸ ਨੇ ਆਪਣੇ ਪੁੱਤਰ ਦਾ ਨਾਂਅ ਸੁਖਦੀਪ ਸਿੰਘ ਰੱਖਿਆ।
ਸੁਖਦੀਪ ਅਜੇ ਦੋ ਕੁ ਸਾਲ ਦਾ ਸੀ ਕਿ ਉਸ ਦੇ ਪਿਤਾ ਰਾਮ ਸਿੰਘ ਦੀ ਨਸ਼ੇ ਕਾਰਨ ਅਚਾਨਕ ਮੌਤ ਹੋ ਗਈ, ਪਰ ਕਰਮੋ ਨੇ ਆਪਣਾ ਘਰ ਨਹੀਂ ਛੱਡਿਆ। ਕਰਮੋ ਨੇ ਤੰਗੀਆਂ-ਤੁਰਸ਼ੀਆਂ ਸਹਾਰਦੇ ਹੋਏ ਆਪਣੇ ਪੁੱਤ ਨੂੰ ਚੰਗੇ ਸਕੂਲ ਵਿੱਚ ਪੜ੍ਹਾਈ ਕਰਵਾਈ। ਬਾਰ੍ਹਵੀਂ ਦੀ ਪੜ੍ਹਾਈ ਮਗਰੋਂ ਕਰਮੋ ਉਸ ਨੂੰ ਕਹਿਣ ਲੱਗੀ ਕਿ ਉਹ ਆਪਣੇ ਹਿੱਸੇ ਆਉਂਦੀ ਜ਼ਮੀਨ ‘ਤੇ ਵਾਹੀ ਕਰੇ, ਪਰ ਸੁਖਦੀਪ ਨੇ ਕਿਹਾ ਕਿ ਵਾਹੀ ਹੀ ਕਰਨੀ ਸੀ ਤਾਂ ਮੈਨੂੰ ਪੜ੍ਹਾਉਣ ਦੀ ਕੀ ਲੋੜ ਸੀ? ਉਸ ਨੇ ਕਿਹਾ ਕਿ ਮੈਂ ਕਾਲਜ ਵਿੱਚ ਪੜ੍ਹਨਾ ਚਾਹੁੰਦਾ ਹਾਂ। ਕਰਮੋ ਦੇ ਸਮਝਾਉਣ ਦੇ ਬਾਵਜੂਦ ਉਹ ਆਪਣੀ ਜ਼ਿੱਦ ‘ਤੇ ਟਿਕਿਆ ਰਿਹਾ। ਕਰਮੋ ਨੇ ਉਸ ਨੂੰ ਕਿਹਾ ਕਿ ਸਾਡੇ ਘਰ ਤਾਂ ਦੋ ਵੇਲੇ ਦੀ ਰੋਟੀ ਬੜੀ ਮੁਸ਼ਕਲ ਨਾਲ ਪੱਕਦੀ ਏ, ਅਸੀਂ ਕਾਲਜ ਦਾ ਖਰਚਾ ਕਿਵੇਂ ਪੂਰਾ ਕਰਾਂਗੇ। ਕਰਮੋ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨੇ ਇੱਕ ਨਾ ਮੰਨੀ। ਆਖਰ ਕਰਮੋ ਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਗਹਿਣੇ ਕਰ ਕੇ ਉਸ ਨੂੰ ਕਾਲਜ ਭੇਜ ਦਿੱਤਾ।
ਕਾਲਜ ਵਿੱਚ ਪੜ੍ਹਦੇ ਸੁਖਦੀਪ ਨੇ ਆਪਣੇ ਕੇਸ ਕਟਵਾ ਦਿੱਤੇ। ਜਦੋਂ ਉਹ ਘਰੇ ਆਇਆ ਤਾਂ ਉਸ ਦੇ ਕੱਟੇ ਹੋਏ ਕੇਸ ਵੇਖ ਕੇ ਕਰਮੋ ਨੂੰ ਬਹੁਤ ਦੁੱਖ ਹੋਇਆ। ਉਸ ਨੂੰ ਇੰਝ ਲੱਗਾ, ਜਿਵੇਂ ਕਾਲਜ ਨੇ ਉਸ ਕੋਲੋਂ ਉਸ ਦਾ ਪੁੱਤ ਖੋਹ ਲਿਆ ਹੋਵੇ। ਜਦੋਂ ਕਰਮੋ ਨੇ ਉਸ ਦੀ ਧੋ ਕੇ ਸੁੱਕਣੇ ਪਾਈ ਪੱਗ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਕੇ ਉਸ ਦੇ ਚਿਹਰੇ ‘ਤੇ ਟਪਕ ਕੇ ਜ਼ਮੀਨ ‘ਤੇ ਜਾ ਡਿੱਗੇ। ਸੁਖਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਏ। ਉਸ ਨੇ ਕਰਮੋ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਮੈਂ ਅੱਗੇ ਤੋਂ ਅਜਿਹਾ ਕੋਈ ਕੰਮ ਨਹੀਂ ਕਰਾਂਗਾ, ਜਿਸ ਨਾਲ ਮੇਰੀ ਮਾਂ ਦੇ ਮਨ ਨੂੰ ਠੇਸ ਪਹੁੰਚੇ, ਪਰ ਕਰਮੋ ਇੱਕ ਤਸਵੀਰ ਵਾਂਗ ਚੁੱਪਚਾਪ ਖੜ੍ਹੀ ਰਹੀ।
ਕੁਝ ਦਿਨਾਂ ਬਾਅਦ ਸੁਖਦੀਪ ਰਾਤ ਨੂੰ ਘਰ ਆਇਆ ਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਇਹ ਵੇਖ ਕੇ ਉਸ ਦੀ ਮਾਂ ਉਸ ਨਾਲ ਲੜਨ ਲੱਗ ਪਈ। ਉਸ ਨੇ ਆਪਣੀ ਮਾਂ ਦੀ ਇੱਕ ਨਾ ਸੁਣੀ ਤੇ ਕਮਰੇ ਵਿੱਚ ਜਾ ਕੇ ਸੌਂ ਗਿਆ। ਕਰਮੋ ਨੂੰ ਆਪਣੀ ਜ਼ਿੰਦਗੀ ਦੀ ਤਾਣੀ ਉਲਝਦੀ ਨਜ਼ਰ ਆਈ। ਉਸ ਦੀਆਂ ਅੱਖਾਂ ‘ਚੋਂ ਨੀਂਦ ਇਸ ਤਰ੍ਹਾਂ ਉਡ ਗਈ ਜਿਵੇਂ ਕੋਈ ਪੰਛੀ ਆਪਣੇ ਆਲ੍ਹਣੇ ਤੋਂ ਖੁੰਝ ਗਿਆ ਹੋਵੇ। ਕਰਮੋ ਸਾਰੀ ਰਾਤ ਨਾ ਸੁੱਤੀ। ਉਸ ਦੇ ਮਨ ਵਿੱਚ ਕਈ ਵਿਚਾਰ ਚੱਲਦੇ ਰਹੇ। ਜਦੋਂ ਸਵੇਰ ਹੋਣ ‘ਤੇ ਕਰਮੋ ਨੇ ਉਸ ਨੂੰ ਰਾਤ ਵਾਲੀ ਗੱਲ ਯਾਦ ਕਰਾਈ ਤਾਂ ਉਹ ਕਹਿਣ ਲੱਗਾ ਕਿ ਮੈਂ ਦੋਸਤਾਂ ਵਿੱਚ ਬੈਠਾ ਸੀ, ਇਸ ਕਰ ਕੇ ਪੀਣੀ ਪਈ। ਉਹ ਕਰਮੋ ਨੂੰ ਕਹਿਣ ਲੱਗਾ ਕਿ ਨਾਲੇ ਮੈਨੂੰ ਕਾਲਜ ਜਾਣ ਲਈ ਮੋਟਰ ਸਾਈਕਲ ਚਾਹੀਦਾ ਹੈ, ਮੇਰ ਸਾਰੇ ਦੋਸਤ ਮੋਟਰ ਸਾਈਕਲਾਂ ‘ਤੇ ਆਉਂਦੇ ਹਨ। ਕਰਮੋ ਨੇ ਉਸ ਨੂੰ ਕਿਹਾ ਕਿ ਸਾਡੀ ਜ਼ਮੀਨ ਤਾਂ ਪਹਿਲਾਂ ਹੀ ਗਹਿਣੇ ਆ, ਹੁਣ ਮੋਟਰ ਸਾਈਕਲ ਵਾਸਤੇ ਪੈਸੇ ਕਿੱਥੋਂ ਆਉਣਗੇ। ਸੁਖਦੀਪ ਨੇ ਇਕਦਮ ਕਿਹਾ ਕਿ ਹੁਣ ਘਰ ਗਹਿਣੇ ਕਰ ਦੇਵੇ। ਸੁਖਦੀਪ ਦੇ ਮੂੰਹੋਂ ਇਹ ਗੱਲ ਸੁਣ ਕੇ ਕਰਮੋ ਦੀ ਚਾਵਾਂ ਨਾਲ ਸ਼ਿੰਗਾਰੀ ਆਸ ਕਿਸੇ ਕੱਚ ਦੇ ਸਾਮਾਨ ਵਾਂਗੂੰ ਟੁੱਟ ਕੇ ਬਿਖਰ ਗਈ। ਸੁਖਦੀਪ ਦੇ ਜ਼ਿੱਦ ਕਰਨ ‘ਤੇ ਕਰਮੋ ਨੇ ਆਪਣਾ ਘਰ ਗਹਿਣੇ ਪਾ ਦਿੱਤਾ।
ਕਰਮੋ ਨੂੰ ਹਾਲਾਤ ਨੇ ਬੁਰੀ ਤਰ੍ਹਾਂ ਲਤਾੜ ਦਿੱਤਾ। ਉਹ ਆਪਣਾ ਪੇਟ ਪਾਲਣ ਲਈ ਲੋਕਾਂ ਦੇ ਭਾਂਡੇ ਮਾਂਜਣ ਲਈ ਮਜਬੂਰ ਹੋ ਗਈ। ਸੁਖਦੀਪ ਬੁਰੀ ਸੰਗਤ ਵਿੱਚ ਪੈ ਗਿਆ। ਉਹ ਸ਼ਰਾਬ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਨਸ਼ਿਆਂ ਦਾ ਆਦੀ ਹੋ ਗਿਆ। ਕਰਮੋ ਨੂੰ ਆਪਣਾ ਪੁੱਤ ਨਦੀ ਕਿਨਾਰੇ ਖੜ੍ਹੇ ਕਿਸੇ ਰੁੱਖ ਵਾਂਗ ਦਿਖਾਈ ਦੇ ਰਿਹਾ ਸੀ। ਇਸ ਲਈ ਕਰਮੋ ਉਸ ਨੂੰ ਕਹਿੰਦੀ ਰਹਿੰਦੀ ਕਿ ਪਹਿਲਾਂ ਹੀ ਨਸ਼ੇ ਨੇ ਤੇਰਾ ਬਾਪ ਖਾ ਲਿਆ ਏ। ਪੁੱਤ ਤੂੰ ਨਸ਼ੇ ਨਾ ਕਰਿਆ ਕਰ, ਤੇਰੇ ਬਾਝੋਂ ਇਸ ਜੱਗ ਵਿੱਚ ਮੇਰਾ ਹੋਰ ਕੌਣ ਏ, ਪਰ ਉਹ ਹਰ ਵੇਲੇ ਆਪਣੀ ਮਾਂ ਦੀ ਗੱਲ ਅਣਸੁਣੀ ਕਰ ਦਿੰਦਾ। ਉਹ ਨਸ਼ਾ ਕਰਨ ਲਈ ਘਰ ਦੀਆਂ ਚੀਜ਼ਾਂ ਵੀ ਵੇਚਣ ਲੱਗ ਪਿਆ।
ਇੱਕ ਵਾਰ ਉਸ ਨੇ ਘਰੋਂ ਪਿੱਤਲ ਦੇ ਗਲਾਸ ਚੁੱਕ ਕੇ ਵੇਚ ਦਿੱਤੇ। ਉਹ ਰੋਜ਼ ਰਾਤ ਘਰ ਲੇਟ ਆਉਣ ਲੱਗਾ। ਇੱਕ ਰਾਤ ਉਹ ਕਾਫੀ ਨਸ਼ਾ ਕਰ ਕੇ ਆਇਆ। ਜਦੋਂ ਸਵੇਰ ਹੋਣ ‘ਤੇ ਕਰਮੋ ਉਸ ਵਾਸਤੇ ਚਾਹ ਲੈ ਕੇ ਗਈ ਤਾਂ ਉਸ ਨੇ ਉਸ ਨੂੰ ਹਿਲਾ ਕੇ ਚਾਹ ਪੀਣ ਲਈ ਕਿਹਾ, ਪਰ ਸੁਖਦੀਪ ਦੀ ਮੌਤ ਹੋ ਚੁੱਕੀ ਸੀ। ਇਹ ਦੇਖ ਕੇ ਕਰਮੋ ਦੇ ਹੱਥੋਂ ਚਾਹ ਦਾ ਗਲਾਸ ਡਿੱਗ ਪਿਆ ਤੇ ਉਹ ਉਚੀ ਉਚੀ ਰੋਣ ਲੱਗ ਪਈ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਵਾਲੇ ਇਕੱਠੇ ਹੋ ਗਏ। ਉਹ ਰੋਂਦੀ ਹੋਈ ਕਹਿ ਰਹੀ ਸੀ ਕਿ ਪੁੱਤ, ਮੈਂ ਤੈਨੂੰ ਕਹਿੰਦੀ ਹੁੰਦੀ ਸਾਂ ਨਸ਼ਾ ਨਾ ਕਰ, ਪਰ ਤੂੰ ਆਪਣੀ ਮਾਂ ਦੀ ਇੱਕ ਨਾ ਮੰਨੀ। ਇਸ ਨਸ਼ੇ ਨੇ ਪਤਾ ਨਹੀਂ ਕਿੰਨੇ ਘਰ ਬਰਬਾਦ ਕੀਤੇ ਨੇ, ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ, ਕਿੰਨੀਆਂ ਭੈਣਾਂ ਦੇ ਵੀਰ, ਕਿੰਨੀਆਂ ਔਰਤਾਂ ਦੇ ਸੁਹਾਗ ਇਸ ਨਸ਼ੇ ਨੇ ਖੋਹ ਲਏ ਨੇ, ਅੱਜ ਇਸ ਨਸ਼ੇ ਨੇ ਤੈਨੂੰ ਵੀ ਮੇਰੇ ਕੋਲੋਂ ਖੋਹ ਲਿਆ ਏ।
ਕਰਮੋ ਆਪਣੇ ਪੁੱਤ ਦੀ ਲਾਸ਼ ਕੋਲ ਵਿਰਲਾਪ ਕਰ ਰਹੀ ਸੀ ਅਤੇ ਆਂਢ-ਗੁਆਂਢ ਵਾਲੇ ਕਹਿ ਰਹੇ ਸਨ, ਇਹ ਨੂੰ ਵਿਚਾਰੀ ਨੂੰ ਤਾਂ ਇੱਕ ਪੁੱਤ ਦਾ ਆਸਰਾ ਹੀ ਸੀ। ਅੱਜ ਉਹ ਵੀ ਇਸ ਜਹਾਨ ਤੋਂ ਤੁਰ ਗਿਆ ਏ, ਇਹ ਵਿਚਾਰੀ ਕਰਮਾਂ ਦੀ ਮਾਰੀ ਨੇ ਸਾਰੀ ਉਮਰ ਸੁੱਖ ਨਹੀਂ ਦੇਖਿਆ।