ਕਰਨਾਟਕ ਵਿੱਚ ਬਹੁਮੱਤ ਕਿਸੇ ਧਿਰ ਦਾ ਨਹੀਂ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ


* ਜਨਤਾ ਦਲ (ਐਸ)-ਕਾਂਗਰਸ ਅਤੇ ਭਾਜਪਾ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਪੇਸ਼
ਬੰਗਲੌਰ, 15 ਮਈ, (ਪੋਸਟ ਬਿਊਰੋ)- ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਹੋਈ ਗਿਣਤੀ ਪਿੱਛੋਂ ਨਤੀਜਿਆਂ ਦੇ ਐਲਾਨ ਵੇਲੇ ਸਾਰਾ ਦਿਨ ਕਦੀ ਕਿਸੇ ਪਾਰਟੀ ਅਤੇ ਕਦੀ ਕਿਸੇ ਧਿਰ ਦਾ ਅੱਗੇ-ਪਿੱਛੇ ਹੋਣਾ ਜਾਰੀ ਰਿਹਾ। ਅੰਤ ਵਿੱਚ ਕਿਸੇ ਵੀ ਪਾਰਟੀ ਨੂੰ ਮੁਕੰਮਲ ਬਹੁਮਤ ਨਾ ਮਿਲਣ ਕਾਰਨ ਸਭ ਦੀਆਂ ਨਜ਼ਰਾਂ ਗਵਰਨਰ ਵਜੂਭਾਈ ਵਾਲਾ ਉੱਤੇ ਲੱਗ ਗਈਆਂ ਕਿ ਉਹ ਸਭ ਤੋਂ ਵੱਡੀ ਪਾਰਟੀ ਵਜੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣਗੇ ਜਾਂ ਇਕੱਠੇ ਹੋਣ ਦੇ ਬਾਅਦ ਸਪੱਸ਼ਟ ਬਹੁਮਤ ਪੇਸ਼ ਕਰ ਰਹੇ ਜਨਤਾ ਦਲ (ਐਸ)-ਕਾਂਗਰਸ ਦੇ ਗੱਠਜੋੜ ਦਾ ਹੱਕ ਮੰਨਣਗੇ। ਦੂਸਰੀ ਵੱਡੀ ਪਾਰਟੀ ਬਣ ਚੁੱਕੀ ਕਾਂਗਰਸ ਨੇ ਪਿਛਲੇ ਤਜਰਬੇ ਤੋਂ ਸਿੱਖ ਕੇ ਅੱਜ ਬਿਨਾਂ ਵਕਤ ਗੁਆਏ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਤੀਸਰੇ ਨੰਬਰ ਵਾਲੀ ਜਨਤਾ ਦਲ (ਐਸ) ਦੇ ਐਚ ਡੀ ਕੁਮਾਰਾਸਵਾਮੀ ਦੀ ਅਗਵਾਈ ਹੇਠ ਸਰਕਾਰ ਬਣਾਏ ਜਾਣ ਲਈ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਪਿੱਛੋਂ ਗੱਠਜੋੜ ਦੇ ਆਗੂਆਂ ਨੇ ਗਵਰਨਰ ਨੂੰ ਮਿਲ ਕੇ ਸਰਕਾਰ ਬਣਾਉਣ ਦੇ ਲਈ ਦਾਅਵਾ ਵੀ ਪੇਸ਼ ਕਰ ਦਿੱਤਾ ਹੈ। ਓਧਰ ਭਾਜਪਾ ਨੇ ਵੀ ਗਵਰਨਰ ਨੂੰ ਮਿਲ ਕੇ ਦਾਅਵਾ ਜਤਾਇਆ ਹੈ।
ਇਸ ਤੋਂ ਪਹਿਲਾਂ ਅੱਜ ਸਾਰਾ ਦਿਨ ਚੋਣ ਨਤੀਜਿਆਂ ਦਾ ਰੁਝਾਨ ਕਦੀ ਇੱਕ ਪਾਸੇ ਤੇ ਕਦੀ ਦੂਸਰੇ ਪਾਸੇ ਝੁਕਣ ਦਾ ਅਮਲ ਜਾਰੀ ਰਿਹਾ, ਪਰ ਅੰਤ ਵਿੱਚ ਸਾਫ ਹੋ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦਾ ਜੇਤੂ ਰੱਥ ਇਸ ਦੱਖਣੀ ਸੂਬੇ ਵਿੱਚ ਬਹੁਮਤ ਦੇ ਅੰਕੜੇ ਤੱਕ ਪੁੱਜਣ ਤੋਂ ਨਾਕਾਮ ਰਿਹਾ ਹੈ। ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ਵਿੱਚੋਂ ਦੋ ਸੀਟਾਂ ਦੀ ਚੋਣ ਰੱਦ ਹੋ ਜਾਣ ਨਾਲ 12 ਮਈ ਨੂੰ 222 ਸੀਟਾਂ ਲਈ ਚੋਣ ਹੋਈ ਸੀ। ਅੱਜ ਹੋਈ ਗਿਣਤੀ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਪਰ ਇਹ 104 ਸੀਟਾਂ ਤੱਕ ਸੀਮਤ ਹੋ ਕੇ ਪੂਰਨ ਬਹੁਮਤ ਵਾਸਤੇ ਲੋੜੀਂਦੀਆਂ 112 ਸੀਟਾਂ ਤੋਂ ਪਿੱਛੇ ਰਹਿ ਗਈ। ਦੂਸਰੇ ਪਾਸੇ ਇਸ ਰਾਜ ਦੀ ਸਰਕਾਰ ਚਲਾ ਰਹੀ ਕਾਂਗਰਸ ਨੂੰ 78 ਅਤੇ ਜਨਤਾ ਦਲ (ਐਸ) ਨੂੰ 38 ਸੀਟਾਂ ਮਿਲੀਆਂ। ਦੋ ਸੀਟਾਂ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ, ਜਿਹੜੇ ਬਾਗੀ ਕਾਂਗਰਸੀ ਦੱਸੇ ਗਏ ਹਨ। ਜਨਤਾ ਦਲ (ਐਸ) ਦੀਆਂ 38 ਸੀਟਾਂ ਵਿੱਚ ਇਸ ਦੇ ਭਾਈਵਾਲ ਬਹੁਜਨ ਸਮਾਜ ਪਾਰਟੀ ਅਤੇ ਕੇ ਪੀ ਜੇ ਪੀ ਦੀ ਇਕ-ਇਕ ਸੀਟ ਵੀ ਹੈ। ਬਸਪਾ ਦਾ ਦੱਖਣੀ ਰਾਜ ਵਿੱਚ ਪਹਿਲੀ ਵਾਰ ਖਾਤਾ ਖੁੱਲ੍ਹਾ ਹੈ।
ਅੱਜ ਸਵੇਰੇ ਗਿਣਤੀ ਸ਼ੁਰੂ ਹੋਣ ਪਿੱਛੋਂ ਇਕ ਵਾਰ ਲੱਗਦਾ ਸੀ ਕਿ ਭਾਜਪਾ ਬਹੁਮਤ ਲੈ ਕੇ ਪੰਜ ਸਾਲ ਬਾਅਦ ਇਸ ਰਾਜ ਦੀ ਸੱਤਾ ਸੰਭਾਲ ਲਵੇਗੀ। ਇਸ ਕਾਰਨ ਭਾਜਪਾ ਕਾਰਕੁਨਾਂ ਨੇ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ, ਪਰ ਬਾਅਦ ਵਿੱਚ ਰੁਝਾਨ ਸਾਫ਼ ਹੋਣ ਪਿੱਛੋਂ ਜਸ਼ਨ ਠੱਪ ਹੋ ਗਏ ਅਤੇ ਭਾਜਪਾ ਦੇ ਦਫ਼ਤਰਾਂ ਵਿੱਚ ਵੀਰਾਨੀ ਛਾ ਗਈ। ਗੋਆ ਤੇ ਮਨੀਪੁਰ ਦੇ ਤਜਰਬੇ ਵਿੱਚੋਂ ਸਬਕ ਸਿੱਖ ਚੁੱਕੀ ਕਾਂਗਰਸ ਪਾਰਟੀ ਨੇ ਇਸ ਸਥਿਤੀ ਵਿੱਚ ਵੇਲਾ ਗੁਆਏ ਬਿਨਾਂ ਜਨਤਾ ਦਲ (ਐਸ) ਨੂੰ ਸਰਕਾਰ ਬਣਾਉਣ ਲਈ ਮਦਦ ਦੇਣ ਦਾ ਐਲਾਨ ਕਰ ਦਿੱਤਾ। ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, ‘ਸਵੇਰੇ ਲੱਗਦਾ ਸੀ ਕਿ ਭਾਜਪਾ ਬਹੁਮਤ ਲੈ ਜਾਵੇਗੀ, ਪਰ ਜਦੋਂ ਉਸ ਦੀਆਂ ਸੀਟਾਂ ਦੀ ਗਿਣਤੀ ਬਹੁਮਤ ਤੱਕ ਨਾ ਪੁੱਜੀ ਤਾਂ ਅਸੀਂ ਸਮਝ ਗਏ ਕਿ ਇਹ ਸਾਡੇ ਕਾਰਵਾਈ ਕਰਨ ਦਾ ਸਮਾਂ ਹੈ।’ ਇਸ ਤੋਂ ਪਹਿਲਾਂ ਗੋਆ ਅਤੇ ਮਨੀਪੁਰ ਵਿੱਚ ਕਾਂਗਰਸ ਦੇ ਸਭ ਤੋਂ ਵੱਡੀ ਪਾਰਟੀ ਬਣਨ ਦੇ ਬਾਵਜੂਦ ਭਾਜਪਾ ਓਥੇ ਸਰਕਾਰਾਂ ਬਣਾਉਣ ਵਿੱਚ ਸਫਲ ਰਹੀ ਸੀ।
ਜਨਤਾ ਦਲ (ਐੱਸ) ਅਤੇ ਕਾਂਗਰਸ ਦੇ ਗੱਠਜੋੜ ਵੱਲੋਂ ਅੱਜ ਸ਼ਾਮ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਵਾਸਤੇ ਗਵਰਨਰ ਨੂੰ ਮਿਲਣ ਵਾਲੇ ਵਫ਼ਦ ਵਿੱਚ ਗੁਲਾਮ ਨਬੀ ਆਜ਼ਾਦ ਤੋਂ ਇਲਾਵਾ ਕਾਂਗਰਸ ਦੇ ਮਲਿਕਅਰਜੁਨ ਖੜਗੇ ਅਤੇ ਜਨਤਾ ਦਲ (ਐਸ) ਦੇ ਮੁਖੀ ਐਚ ਡੀ ਕੁਮਾਰਾਸਵਾਮੀ ਸ਼ਾਮਲ ਸਨ। ਇਸ ਤੋਂ ਪਹਿਲਾਂ ਕਾਂਗਰਸ ਨਾਲ ਸਬੰਧਤ ਮੁੱਖ ਮੰਤਰੀ ਸਿੱਧਾਰਮੱਈਆ ਨੇ ਅਹੁਦੇ ਤੋਂ ਆਪਣਾ ਅਸਤੀਫ਼ਾ ਗਵਰਨਰ ਨੂੰ ਸੌਂਪ ਦਿੱਤਾ ਸੀ।
ਭਾਜਪਾ ਦੇ ਮੁੱਖ ਮੰਤਰੀ ਲਈ ਉਮੀਦਵਾਰ ਯੇਦੀਯੁਰੱਪਾ ਨੇ ਦੋਸ਼ ਲਾਇਆ ਕਿ ਕਾਂਗਰਸ ਨਾਜਾਇਜ਼ ਢੰਗ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਗਵਰਨਰ ਨੂੰ ਮਿਲ ਕੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਪਿੱਛੋਂ ਕਿਹਾ, ‘ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ ਹੈ। ਅਸੀਂ ਗਵਰਨਰ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਤੇ ਅਸੀਂ ਸਦਨ ਵਿੱਚ ਬਹੁਮਤ ਸਾਬਤ ਕਰਾਂਗੇ।’ ਕਿਸੇ ਧਿਰ ਨੂੰ ਬਹੁਮਤ ਨਾ ਮਿਲਣ ਕਾਰਨ ਇਸ ਵਕਤ ਸਭ ਦੀਆਂ ਨਜ਼ਰਾਂ ਗਵਰਨਰ ਵਜੂਭਾਈ ਵਾਲਾ ਉਤੇ ਹਨ। ਸੰਵਿਧਾਨ ਦੇ ਜਾਣਕਾਰ ਕਹਿੰਦੇ ਹਨ ਕਿ ਗਵਰਨਰ ਦੇ ਕੋਲ ਦੋ ਬਦਲ ਹਨ; ਪਹਿਲਾਂ ਇਹ ਕਿ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਉੱਭਰੀ ਭਾਜਪਾ ਨੂੰ ਮੌਕਾ ਦੇਣ ਤੇ ਦੂਜਾ ਇਹ ਕਿ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦੇਣ। ਕਰਨਾਟਕ ਦੇ ਬੋਮਈ ਕੇਸ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜ਼ਿਕਰ ਵੀ ਹੋ ਰਿਹਾ ਹੈ ਕਿ ਬਹੁਮਤ ਦਾ ਫ਼ੈਸਲਾ ਵਿਧਾਨ ਸਭਾ ਵਿੱਚ ਹੋਣਾ ਚਾਹੀਦਾ ਹੈ।