ਕਰਨਾਟਕਾ ਦੀ ਰਾਜਧਾਨੀ ਵਿੱਚ ਕੌਂਸਲਰ ਦੇ ਘਰੋਂ 30 ਕਰੋੜ ਦੇ ਬੰਦ ਹੋਏ ਕਰੰਸੀ ਨੋਟ ਮਿਲੇ

banned notes 30 crore banguluru
ਬੰਗਲੌਰ, 15 ਅਪ੍ਰੈਲ (ਪੋਸਟ ਬਿਊਰੋ)- ਕਰਨਾਟਕ ਪੁਲਸ ਦੀ ਟੀਮ ਦੀਆਂ ਅੱਖਾਂ ਓਦੋਂ ਖੁੱਲ੍ਹੀਆਂ ਰਹਿ ਗਈਆਂ, ਜਦੋਂ ਰਾਜਧਾਨੀ ਬੰਗਲੌਰ ਵਿੱਚ ਇੱਕ ਸਾਬਕਾ ਕੌਂਸਲਰ ਦੇ ਘਰ ਛਾਪੇ ਵਿੱਚ ਉਨ੍ਹਾਂ ਨੂੰ 30 ਕਰੋੜ ਰੁਪਏ ਦੇ ਬੰਦ ਹੋਏ ਨੋਟਾਂ ਦਾ ਢੇਰ ਦੇਖਣ ਨੂੰ ਮਿਲਿਆ। ਨੋਟਾਂ ਦੇ ਢੇਰ ਦੀ ਬਰਾਮਦਗੀ ਦੀ ਇਹ ਘਟਨਾ ਅਦਾਲਤੀ ਹੁਕਮ ‘ਤੇ ਇੱਕ ਕੇਸ ਵਿੱਚ ਸਾਬਕਾ ਕੌਂਸਲਰ ਨਾਗਰਾਜ ਦੀ ਰਿਹਾਇਸ਼ ‘ਤੇ ਛਾਪੇ ਦੀ ਕਾਰਵਾਈ ਦੌਰਾਨ ਹੋਈ।
ਪੱਛਮੀ ਬੰਗਲੌਰ ਦੇ ਹੇਨੂਰ ਥਾਣੇ ਦੇ ਮੁਖੀ ਇੰਸਪੈਕਟਰ ਐਨ ਸ੍ਰੀਨਿਵਾਸ ਨੇ ਦੱਸਿਆ ਕਿ ਕੋਰਟ ਦੇ ਵਾਰੰਟ ‘ਤੇ ਤਲਾਸ਼ੀ ਦੌਰਾਨ ਅਸੀਂ ਸਾਬਕਾ ਕੌਂਸਲਰ ਨਾਗਰਾਜ ਦੇ ਘਰੋਂ 30 ਕਰੋੜ ਰੁਪਏ ਦੇ ਬੰਦ ਹੋਏ ਨੋਟ ਬਰਾਮਦ ਕੀਤੇ। ਇਹ ਸਾਰੇ ਨੋਟ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਸਨ। ਇੰਸਪੈਕਟਰ ਦੇ ਮੁਤਾਬਕ ਸਵੇਰੇ ਪੰਜ ਵਜੇ ਨਾਗਰਾਜ ਦੀ ਰਿਹਾਇਸ਼ ਉੱਤੇ ਜਦੋਂ ਅਸੀਂ ਛਾਪਾ ਮਾਰਿਆ ਤਾਂ ਉਹ ਓਥੇ ਨਹੀਂ ਸੀ। ਉਸ ਦੇ ਪਰਵਾਰ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸਾਨੂੰ ਦਰਵਾਜ਼ੇ ਨੂੰ ਤੋੜ ਕੇ ਅੰਦਰ ਜਾਣਾ ਪਿਆ। ਪਤਾ ਲੱਗਾ ਹੈ ਕਿ ਪਿਛਲੇ ਸਾਲ ਅੱਠ ਨਵੰਬਰ ਨੂੰ ਨੋਟਬੰਦੀ ਹੋਣ ਦੇ ਬਾਅਦ ਤੋਂ ਨਾਗਰਾਜ ਪੁਰਾਣੇ ਨੋਟਾਂ ਨੂੰ ਨਵਿਆਂ ਨਾਲ ਬਦਲਣ ਦਾ ਧੰਦਾ ਕਰਦਾ ਸੀ। ਉਸ ‘ਤੇ ਸ਼ਹਿਰ ਦੇ ਇੱਕ ਵਪਾਰੀ ਨੂੰ ਅਗਵਾ ਕਰਨ ਦਾ ਵੀ ਦੋਸ਼ ਹੈ। ਨਾਗਰਾਜ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਵੀ ਮੁਕੱਦਮਾ ਚੱਲ ਰਿਹਾ ਹੈ। ਉਸ ਦੇ ਖਿਲਾਫ ਵਾਰੰਟ ਇਸੇ ਸਿਲਸਿਲੇ ਵਿੱਚ ਜਾਰੀ ਹੋਇਆ ਸੀ।