ਕਰਨਾਟਕਾ ਚੋਣਾਂ: ਚੋਣ ਪ੍ਰਚਾਰ ਰੁਕਣ ਤੋਂ ਇੱਕ ਦਿਨ ਪਹਿਲਾਂ ਦਸ ਹਜ਼ਾਰ ਜਾਅਲੀ ਵੋਟਰ ਕਾਰਡਾਂਦੀ ਰਿਕਵਰੀ ਦਾ ਨਾਟਕ

ਬੰਗਲੌਰ, 9 ਮਈ, (ਪੋਸਟ ਬਿਊਰੋ)- ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਰੁਕਣ ਤੋਂ ਇੱਕ ਦਿਨ ਬਾਕੀ ਰਹਿੰਦੇ ਤੋਂ ਹਲਕਾ ਰਾਜਾ ਰਾਜੇਸ਼ਵਰੀ ਦੇ ਇਕ ਫਲੈਟ ਵਿੱਚ ਕਰੀਬ 10 ਹਜ਼ਾਰ ਜਾਅਲੀ ਵੋਟਰ ਆਈ ਕਾਰਡ ਫੜੇ ਜਾਣ ਨਾਲ ਨਵਾਂ ਵਿਵਾਦ ਖੜਾ ਹੋ ਗਿਆ ਹੈ। ਇਸ ਫਲੈਟ ਵਿੱਚੋਂ ਲੈਮੀਨੇਸ਼ਨ ਮਸ਼ੀਨ ਤੇ ਕੰਪਿਊਟਰ ਵੀ ਮਿਲੇ ਦੱਸੇ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਇਸ ਦੇ ਲਈ ਕਾਂਗਰਸ ਉੱਤੇ ਦੋਸ਼ ਲਾ ਕੇ ਇਸ ਹਲਕੇ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਕਾਂਗਰਸ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਇਸ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਆਖਿਆ ਹੈ।
ਅਚਾਨਕ ਸਾਹਮਣੇ ਆਈ ਇਸ ਘਟਨਾ ਤੋਂ ਬਾਅਦ ਕਰਨਾਟਕਾ ਵਿੱਚ ਸਰਕਾਰ ਬਣਾਉਣ ਦੀਆਂ ਦਾਅਵੇਦਾਰ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਤੇ ਭਾਜਪਾ ਅੱਜ ਸਾਰਾ ਦਿਨ ਇਕ-ਦੂਸਰੀ ਉਤੇ ਦੂਸ਼ਣਬਾਜ਼ੀ ਕਰਦੀਆਂ ਰਹੀਆਂ। ਦੋਵਾਂ ਧਿਰਾਂ ਨੇ ਉਸ ਫਲੈਟ ਦੀ ਮਾਲਕ ਔਰਤ ਨੂੰ ਇਕ-ਦੂਸਰੀ ਪਾਰਟੀ ਨਾਲ ਜੁੜੀ ਦੱਸਿਆ, ਜਿੱਥੋਂ ਇਹ ਕਾਰਡ ਮਿਲੇ ਹਨ।
ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਇਨ੍ਹਾਂ ਜਾਅਲੀ ਕਾਰਡਾਂ ਦੇ ਪਿੱਛੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮੁਨੀਰਤਨਾ ਨਾਇਡੂ ਦਾ ਹੱਥ ਹੈ ਤੇ ਇਸ ਦਾ ਪਰਦਾ ਫ਼ਾਸ਼ ਕਰਨ ਵਾਲਾ ਰਾਕੇਸ਼ ਨਾਂਅ ਦਾ ਵਿਅਕਤੀ ਭਾਜਪਾ ਵਰਕਰ ਹੈ। ਦੂਸਰੇ ਪਾਸੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਫਲੈਟ ਦੀ ਮਾਲਕ ਔਰਤ ਮੰਜੂਲਾ ਨੰਜਾਮਾਰੀ ਤੇ ਰਾਕੇਸ਼ ਦੋਵੇਂ ਭਾਜਪਾ ਨਾਲ ਸਬੰਧਤ ਹਨ। ਸੁਰਜੇਵਾਲਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਬੰਗਲੌਰ ਨਗਰ ਨਿਗਮ ਦੀ ਚੋਣ ਭਾਜਪਾ ਦੀ ਟਿਕਟ ਉਤੇ ਲੜੀ ਸੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਅੱਧੀ ਰਾਤ ਵੇਲੇ ਕਰਨਾਟਕਾ ਦੇ ਮੁੱਖ ਚੋਣ ਅਫ਼ਸਰ ਸੰਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਫਲੈਟ ਵਿੱਚੋਂ ਇਨ੍ਹਾਂ ਜਾਅਲੀ ਵੋਟਰ ਕਾਰਡਾਂ ਤੋਂ ਇਲਾਵਾ ਵੋਟਰ ਸੂਚੀ ਵਿੱਚ ਨਾਂ ਦਰਜ ਕਰਾਉਣ ਲਈ ਵਰਤਿਆ ਜਾਂਦਾ ਫ਼ਾਰਮ 6ਏ ਅਤੇ ਇਨ੍ਹਾਂ ਵੋਟਾਂ ਦੀਆਂ ਰਸੀਦੀ ਪਰਚੀਆਂ ਵੀ ਮਿਲੀਆਂ ਹਨ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਦਿੱਤੀ ਸੂਚਨਾ ਉੱਤੇ ਪੁਲੀਸ ਨੇ ਉਸ ਫਲੈਟ ਵਿੱਚੋਂ ਹੋਲੋਗ੍ਰਾਮ ਲੱਗੇ ਹਜ਼ਾਰਾਂ ਜਾਅਲੀ ਵੋਟਰ ਕਾਰਡ, ਲੈਮੀਨੇਸ਼ਨ ਮਸ਼ੀਨਾਂ ਅਤੇ ਕੰਪਿਊਟਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਇਹੋ ਜਿਹੇ ਕੰਮ ਕਾਂਗਰਸ ਹੀ ਕਰਦੀ ਹੈ।’ ਜਾਵੜੇਕਰ ਨੇ ਕਿਹਾ ਕਿ ਓਥੇ ਜਾਅਲੀ ਵੋਟਰ ਕਾਰਡ ਛਾਪਣ ਦੀ ਫੈਕਟਰੀ ਚੱਲ ਰਹੀ ਸੀ। ਇਹ ਗੱਲ ਪ੍ਰਕਾਸ਼ ਜਾਵੜੇਕਰ ਨੇ ਮੰਨ ਲਈ ਕਿ ਫਲੈਟ ਦੀ ਮਾਲਕ ਬੀਬੀ ਮੰਜੂਲਾ ਨੰਜਾਮਾਰੀ ਇਸ ਤੋਂ ਪਹਿਲਾਂ ਭਾਜਪਾ ਨਾਲ ਸਬੰਧਤ ਸੀ, ਪਰ ਆਖਿਆ ਕਿ ਅੱਜਕੱਲ੍ਹ ਉਹ ਕਾਂਗਰਸ ਨਾਲ ਹੈ।
ਦੂਸਰੇ ਪਾਸੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਭਾਜਪਾ ਆਪਣੀ ਹਾਰ ਦੇਖ ਕੇ ਅਜਿਹੇ ਦੋਸ਼ ਲਾ ਰਹੀ ਹੈ। ਉਨ੍ਹਾਂ ਕਿਹਾ, ‘ਪ੍ਰਕਾਸ਼ ਜਾਵੜੇਕਰ ਝੂਠ ਉੱਤੇ ਝੂਠ ਬੋਲ ਰਹੇ ਹਨ ਕਿ ਮੰਜੂਲਾ ਦਾ ਭਾਜਪਾ ਨਾਲ ਸੰਬੰਧ ਨਹੀਂ ਹੈ।’
ਵਰਨਣ ਯੋਗ ਹੈ ਕਿ ਚੋਣ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਫਲੈਟ ‘ਮੰਜੂਲਾ ਨੰਜਾਮਾਰੀ ਨਾਮੀ ਔਰਤ ਦਾ ਹੈ, ਜੋ ਰਾਕੇਸ਼ ਨਾਮੀ ਵਿਅਕਤੀ ਨੂੰ ਕਿਰਾਏ ਉਤੇ ਦਿੱਤਾ ਹੋਇਆ’ ਸੀ।
ਇਸ ਦੌਰਾਨ ਕਰਨਾਟਕਾ ਵਿੱਚ ਹਜ਼ਾਰਾਂ ਜਾਅਲੀ ਵੋਟਰ ਕਾਰਡ ਮਿਲਣ ਬਾਰੇ ਅੱਜ ਕਾਂਗਰਸ ਅਤੇ ਭਾਜਪਾ ਦੋਵਾਂ ਨੇ ਏਥੇ ਚੋਣ ਕਮਿਸ਼ਨ ਨੂੰ ਮਿਲ ਕੇ ਇਕ-ਦੂਸਰੀ ਧਿਰ ਦੇ ਖ਼ਿਲਾਫ਼ ਦੋਸ਼ ਲਾਏ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਮੰਗ ਕੀਤੀ ਕਿ ਇਸ ਲਈ ਭਾਜਪਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਭਾਜਪਾ ਦੇ ਵਫ਼ਦ ਨੇ ਕੇਂਦਰੀ ਮੰਤਰੀਆਂ ਜੇ ਪੀ ਨੱਡਾ ਅਤੇ ਮੁਖ਼ਤਾਰ ਅੱਬਾਸ ਨਕਵੀ ਦੀ ਅਗਵਾਈ ਹੇਠ ਕਮਿਸ਼ਨ ਨੂੰ ਮਿਲ ਕੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।