ਕਰਣ-ਇਮਤਿਆਜ਼ ਵਿੱਚੋਂ ਕਿਸੇ ਇੱਕ ਨੂੰ ਚੁਣੇਗੀ ਕਰੀਨਾ


ਕਰੀਨਾ ਕਪੂਰ ਖਾਨ ਨੇ ਆਪਣੀ ਅਗਲੀ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਕੁਝ ਮਹੀਨੇ ਪਹਿਲਾਂ ਹੀ ਖਤਮ ਕੀਤੀ ਹੈ। ਇਹ ਤੈਮੂਰ ਅਲੀ ਖਾਨ ਨੂੰ ਜਨਮ ਦੇਣ ਦੇ ਬਾਅਦ ਉਸ ਦੀ ਪਹਿਲੀ ਫਿਲਮ ਹੈ। ਇਸ ਫਿਲਮ ਵਿੱਚ ਉਸ ਨਾਲ ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਵੀ ਨਜ਼ਰ ਆਉਣਗੀਆਂ। ਸੁਣਨ ਵਿੱਚ ਆਇਆ ਹੈ ਕਿ ਕਰੀਨਾ ਦੇ ਕੋਲ ਹੋਰ ਵੀ ਕੁਝ ਫਿਲਮਾਂ ਦੇ ਆਫਰ ਆਏ ਹਨ। ਇਨ੍ਹਾਂ ਵਿੱਚੋਂ ਇੱਕ ਫਿਲਮ ਉਸ ਦੇ ਕਰੀਬੀ ਮਿੱਤਰ ਕਰਣ ਜੌਹਰ ਦੀ ਹੈ, ਜੋ ਖਾਸ ਤੌਰ ਉਤੇ ਕਰੀਨਾ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਸੁਣੀ ਜਾ ਰਹੀ ਹੈ। ਉਸ ਨੂੰ ਦੂਸਰੀ ਫਿਲਮ ਦਾ ਪ੍ਰਸਤਾਵ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਮਿਲਿਆ ਹੈ।
ਜਾਣਕਾਰ ਸੂਤਰਾਂ ਅਨੁਸਾਰ ਕਰੀਨਾ ‘ਵੀਰੇ ਦੀ ਵੈਡਿੰਗ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹੈ ਅਤੇ ਦਰਸ਼ਕਾਂ ਦਾ ਰੀਐਕਸ਼ਨ ਦੇਖਣ ਲਈ ਉਤਸ਼ਾਹਤ ਹੈ। ਕਰਣ ਦੇ ਨਾਲ ਉਸ ਦੀ ਫਿਲਮ ਦੀ ਗੱਲਬਾਤ ਕਾਫੀ ਸਮੇਂ ਤੋਂ ਚੱਲ ਰਹੀ ਹੈ, ਪਰ ਕਰੀਨਾ ਨੇ ਅਜੇ ਤੱਕ ਉਸ ਨੂੰ ਫਿਲਮ ਕਰਨ ਲਈ ਹਾਮੀ ਨਹੀਂ ਭਰੀ। ਅਜੇ ਉਹ ਦੁਚਿੱਤੀ ਵਿੱਚ ਹੈ ਕਿ ਉਹ ਕਿਹੜੀ ਫਿਲਮ ਨੂੰ ਚੁਣੇ। ਕਰੀਨਾ ਅਤੇ ਕਰਣ ਨੇ ਇੱਕ ਇਕੱਠੇ ‘ਕਭੀ ਖੁਸ਼ੀ ਕਭੀ ਗਮ’, ‘ਕੁਰਬਾਨ’, ‘ਗੋਰੀ ਤੇਰੇ ਪਿਆਰ ਮੇਂ’, ‘ਵੀਰ ਆਰ ਫੈਮਿਲੀ’ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਮਤਿਆਜ਼ ਦੇ ਨਾਲ ਕਰੀਨਾ ‘ਜਬ ਵੀ ਮੈਟ’ ਵਿੱਚ ਕੰਮ ਕਰ ਚੁੱਕੀ ਹੈ। ਇੱਕ ਅਜਿਹੀ ਫਿਲਮ ਜਿਸਦੀ ਅੱਜ ਤੱਕ ਤਾਰੀਫ ਹੁੰਦੀ ਹੈ। ਖੈਰ, ਹੁਣ ਦੇਖਣਾ ਇਹ ਹੈ ਕਿ ਕਰੀਨਾ ਕਿਸ ਦੀ ਫਿਲਮ ਦੇ ਲਈ ਹਾਮੀ ਭਰਦੀ ਹੈ। ਕਰਣ ਜੌਹਰ ਦੀ ਜਾਂ ਫਿਰ ਇਮਤਿਆਜ਼ ਅਲੀ ਦੀ।