ਕਮਜ਼ੋਰੀ ਬੁਢਾਪੇ ਵਿੱਚ ਦੰਦਾਂ ਦੀ ਪ੍ਰੇਸ਼ਾਨੀ ਵਧਾ ਸਕਦੀ ਹੈ


ਲੰਡਨ, 6 ਜਨਵਰੀ (ਪੋਸਟ ਬਿਊਰੋ)- ਬਜ਼ੁਰਗਾਂ ਵਿੱਚ ਦੰਦਾਂ ਦੀ ਖਰਾਬ ਸਿਹਤ ਤੇ ਮਸੂੜਿਆਂ ਦੀ ਬਿਮਾਰੀ ਦੀਆਂ ਸਮੱਸਿਆਵਾਂ ਉਨ੍ਹਾਂ ਵਿੱਚ ਕਮਜ਼ੋਰੀ ਦਾ ਖਤਰਾ ਵਧਣ ਦਾ ਸੰਕੇਤ ਹਨ। ਮੂੰਹ ਦੀ ਖਰਾਬ ਸਿਹਤ ਅਤੇ ਬੁੱਢੇ ਲੋਕਾਂ ਦੇ ਹੋਰ ਕਮਜ਼ੋਰ ਹੋਣ ਦੇ ਖਤਰੇ ਵਿਚਾਲੇ ਸਬੰਧ ‘ਤੇ ਖੋਜਕਾਰਾਂ ਨੇ ਤਿੰਨ ਸਾਲ ਤੱਕ ਅਧਿਐਨ ਕੀਤਾ। ਅਧਿਐਨ ਕਰਨ ਵਾਲੀ ਟੀਮ ਵਿੱਚ ਭਾਰਤੀ ਮੂਲ ਦਾ ਇਕ ਖੋਜਕਾਰ ਵੀ ਸੀ।
ਇਹ ਅਧਿਐਨ ‘ਅਮਰੀਕਨ ਗੇਰੀਆਟਿ੍ਰਕਸ ਸੋਸਾਇਟੀ’ ਦੇ ਰਸਾਲੇ ਵਿੱਚ ਛਪਿਆ ਹੈ। ਇਸ ਵਿੱਚ 7735 ਬ੍ਰਿਟਿਸ਼ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। 40 ਤੋਂ 59 ਉਮਰ ਦੇ ਇਨ੍ਹਾਂ ਲੋਕਾਂ ਦੀ ਸਾਲ 1978 ਤੋਂ 1980 ਦੌਰਾਨ ਜਾਂਚ ਕੀਤੀ ਗਈ ਸੀ। ਸਾਲ 2010 ਤੋਂ 2012 ਦੌਰਾਨ 1722 ਮੁਕਾਬਲੇਬਾਜ਼ਾਂ ਨੂੰ ਮੁੜ ਜਾਂਚ ਲਈ ਸੱਦਿਆ ਗਿਆ। ਇਸ ਦੌਰਾਨ ਉਨ੍ਹਾਂ ਲੋਕਾਂ ਦੀ ਉਮਰ 71 ਤੋਂ 92 ਸਾਲ ਦੇ ਵਿਚਾਲੇ ਸੀ। ਇਨ੍ਹਾਂ ਲੋਕਾਂ ਦੇ ਭਾਰ, ਉਚਾਈ ਤੇ ਕਮਰ ਦਾ ਮਾਪ ਲੈਂਦੇ ਹੋਏ ਉਨ੍ਹਾਂ ਦੀ ਸਰੀਰਿਕ ਜਾਂਚ ਕਰਾਈ ਗਈ। ਉਨ੍ਹਾਂ ਨੇ ਮੈਡੀਕਲ, ਸਮਾਜਿਕ ਅਤੇ ਸਿਹਤ ਨਾਲ ਸਬੰਧਤ ਸੂਚਨਾ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਪੜਤਾਲ ਵਿੱਚ ਦੰਦਾਂ ਦਾ ਪਰੀਖਣ ਵੀ ਸ਼ਾਮਲ ਸੀ। ਡੈਂਟਲ ਮਾਹਰਾਂ ਨੇ ਇਨ੍ਹਾਂ ਲੋਕਾਂ ਨੂੰ ਅਸਲੀ ਦੰਦ ਅਤੇ ਉਨ੍ਹਾਂ ਦੇ ਮਸੂੜਿਆਂ ਦੀ ਸਿਹਤ ਦੀ ਜਾਂਚ ਕੀਤੀ।