‘ਕਮਲਾ ਪਸੰਦ’ ਪਾਨ ਮਸਾਲਾ ਦਾ ਡਾਇਰੈਕਟਰ 147 ਕਰੋੜ ਟੈਕਸ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ

kamla psand
ਲਖਨਊ, 7 ਅਪ੍ਰੈਲ (ਪੋਸਟ ਬਿਊਰੋ)- ਕਮਲਾ ਪਸੰਦ ਪਾਨ ਮਸਾਲਾ ਫਲੇਵਰ ਦੇ ਡਾਇਰੈਕਟਰ ਨੰਦ ਕਿਸ਼ੋਰ ਨੂੰ 147 ਕਰੋੜ ਰੁਪਏ ਦੀ ਐਕਸਾਈਜ਼ ਡਿਊਟੀ ਚੋਰੀ ਕੀਤੇ ਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਦਿੱਲੀ ਦੀ ਸੈਂਟਰਲ ਕਸਟਮ ਐਕਸਾਈਜ਼ ਇੰਟੈਲੀਜੈਂਸ ਟੀਮ ਨੇ ਲਖਨਊ ਵਿੱਚ ਨੰਦ ਕਿਸ਼ੋਰ ਦੇ ਘਰ ਬੀਤੇ ਦਿਨੀਂ ਛਾਪਾ ਮਾਰਿਆ ਅਤੇ ਕਰੀਬ 24 ਘੰਟੇ ਚੱਲੀ ਜਾਂਚ ਵਿੱਚ ਉਸ ਦੇ ਘਰ ਤੋਂ ਕਾਰੋਬਾਰੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਸੈਂਟਰਲ ਕਸਟਮ ਐਕਸਾਈਜ਼ ਇੰਟੈਲੀਜੈਂਸ ਟੀਮ ਲਖਨਊ ਦੇ ਅਫਸਰਾਂ ਦੇ ਨਾਲ ਕੱਲ੍ਹ ਸ਼ਾਮ ਨੰਦ ਕਿਸ਼ੋਰ ਦੇ ਤਿਲਕਨਗਰ ਸਰੀਆ ਮਿਲ ਕੰਪਾਊਂਡ ਵਾਲੇ ਘਰ ਪਹੁੰਚੀ। ਇੰਟੈਲੀਜੈਂਸ ਟੀਮ ਦੇ ਛਾਪੇ ਦੀ ਸੂਚਨਾ ਉੱਤੇ ਵਪਾਰੀ ਨੇਤਾ ਮੌਕੇ ‘ਤੇ ਪਹੁੰਚ ਗਏ, ਪਰ ਪੁਲਸ ਅਤੇ 10-12 ਇੰਟੈਲੀਜੈਂਸ ਅਫਸਰ ਹੋਣ ਕਾਰਨ ਕੋਈ ਹੰਗਾਮਾ ਨਹੀਂ ਕਰ ਸਕੇ। ਅਫਸਰਾਂ ਨੇ ਘਰ ਦਾ ਕੋਨਾ-ਕੋਨਾ ਤਲਾਸ਼ਿਆ। ਇਸ ਮੌਕੇ ਜੋ ਵੀ ਕਾਰੋਬਾਰੀ ਦਸਤਾਵੇਜ਼ ਮਿਲੇ, ਟੀਮ ਨੇ ਜ਼ਬਤ ਕਰ ਲਏ। ਜਾਂਚ ਦੇ ਬਾਅਦ ਟੀਮ ਉਸ ਨੂੰ ਗੋਮਤੀਨਗਰ ਦੇ ਦਫਤਰ ਵਿੱਚ ਪੁੱਛਗਿੱਛ ਲਈ ਲੈ ਗਈ। ਇਸ ਦੌਰਾਨ ਨੰਦ ਕਿਸ਼ੋਰ ਨੂੰ ਖੂਨ ਦੀ ਉਲਟੀ ਹੋਣ ਲੱਗੀ ਤਾ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੱਲ੍ਹ ਸਵੇਰੇ 10 ਵਜੇ ਹਸਪਤਾਲ ਤੋਂ ਡਿਸਚਾਰਜ ਹੋਣ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।