ਕਬਰਸਤਾਨ ਵਿੱਚ ਪਾਰਟੀ, ਹੈਂ, ਇਹ ਵੀ ਹੋ ਜਾਂਦੈ!


ਐਡੀਲੇਡ, 20 ਨਵੰਬਰ (ਪੋਸਟ ਬਿਊਰੋ)- ਸ਼ਮਸ਼ਾਨ ਜਾਂ ਕਬਰਸਤਾਨ ਦਾ ਨਾਂ ਸੁਣ ਕੇ ਮਨ ਵਿਚ ਅਜੀਬ ਡਰ ਮਹਿਸੂਸ ਹੋ ਸਕਦਾ ਹੈ। ਅਜਿਹਾ ਇਸ ਲਈ ਕਿ ਕਬਰਸਤਾਨ ਬਾਰੇ ਮਨ ਵਿਚ ਉਸ ਦੀ ਡਰਾਉਣੀ ਤਸਵੀਰ ਬਣੀ ਹੋਈ ਹੈ, ਪਰ ਆਸਟ੍ਰੇਲੀਆ ਦੇ ਕੁਝ ਲੋਕਾਂ ਨੇ ਕਬਰਸਤਾਨ ਦੇ ਅਕਸ ਨੂੰ ਬਦਲਣ ਦੀ ਜ਼ਿੰਮੇਵਾਰੀ ਚੁੱਕੀ ਹੈ।
ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ ‘ਵੇਸਟ ਟੈਰੇਸ’ ਨਾਂ ਦਾ ਇਕ ਕਬਰਸਤਾਨ ਹੈ, ਜਿਸ ਨੂੰ ਇਨੀਂ ਦਿਨੀਂ ਪਿਕਨਿਕ ਸਥਾਨ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਦੀ ਦੇਖਭਾਲ ਕਰਨ ਵਾਲਾ ਵਿਭਾਗ ਇਨੀਂ ਦਿਨੀਂ ਇੱਥੇ ਇਕ ਖਾਸ ਤਰ੍ਹਾਂ ਦਾ ਓਲਿਵ ਆਇਲ ਵੇਚ ਰਿਹਾ ਹੈ, ਜੋ ਇਸ ਜਗ੍ਹਾ ਲੱਗੇ ਸੈਂਕੜੇ ਸਾਲ ਪੁਰਾਣੇ ਰੁੱਖਾਂ ਤੋਂ ਬਣਦਾ ਹੈ। ਇਸ ਦੇ ਇਲਾਵਾ ਕਬਰਸਤਾਨ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ। ਇੱਥੇ ਆਉਂਦੇ ਲੋਕਾਂ ਲਈ ਆਕਰਸ਼ਕ ਚੀਜ਼ਾਂ ਤੇ ਖਾਣ-ਪੀਣ ਦਾ ਸਾਮਾਨ ਵੇਚਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਕਬਰਸਤਾਨ ਦੀ 180ਵੀਂ ਵਰ੍ਹੇਗੰਢ ਮੌਕੇ ਉੱਤੇ ਕੁਝ ਲੋਕਾਂ ਨੇ ਓਲਿਵ ਆਇਲ ਖਰੀਦਿਆ ਹੈ। ਇਸ ਵਿਭਾਗ ਦੇ ਅਧਿਕਾਰੀ ਰੌਬਰਟ ਪਿਟ ਨੇ ਕਿਹਾ, ‘ਮੌਤ ਨੂੰ ਵੇਚਣਾ ਕਾਫੀ ਮੁਸ਼ਕਲ ਹੈ, ਕਿਉਂਕਿ ਇਸ ਨੂੰ ਕੋਈ ਵੀ ਖਰੀਦਣਾ ਨਹੀਂ ਚਾਹੁੰਦਾ।’ ਉਨ੍ਹਾਂ ਨੇ ਕਿਹਾ, ‘ਏਥੇ ਓਲਿਵ ਆਇਲ ਵਰਗੀਆਂ ਚੀਜ਼ਾਂ ਵੇਚ ਕੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਜਗ੍ਹਾ ਦੀਆਂ ਕਈ ਖਾਸ ਵਿਸ਼ੇਸ਼ਤਾਵਾਂ ਹਨ। ਅਸੀਂ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਕਿ ਇਹ ਸਿਰਫ ਮਰੇ ਹੋਏ ਲੋਕਾਂ ਨੂੰ ਦਫਨਾਉਣ ਦੀ ਜਗ੍ਹ੍ਹਾ ਨਹੀਂ, ਸ਼ਹਿਰ ਦਾ ਇਕ ਇਤਿਹਾਸਿਕ ਸਥਾਨ ਹੈ।’ ਸ਼ਹਿਰ ਦੇ ਇਕ ਇਤਿਹਾਸਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਹਿਲ ਦੱਸਦੀ ਹੈ ਕਿ ਲੋਕ ਇਸ ਨਜ਼ਰੀਏ ਨਾਲ ਅੱਗੇ ਵੱਧਣਾ ਚਾਹੁੰਦੇ ਹਨ ਕਿ ਕਬਰਸਤਾਨ ਸਿਰਫ ਮੁਰਦਿਆਂ ਦੇ ਰਹਿਣ ਦੀ ਜਗ੍ਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿਚਲੇ ਕੁਝ ਹੋਰ ਕਬਰਸਤਾਨ ਵੀ ਟੂਰਿਸਟ ਸਪਾਟ ਵਿਚ ਬਦਲੇ ਜਾ ਰਹੇ ਹਨ। ਇਨ੍ਹਾਂ ਥਾਵਾਂ ਉੱਤੇ ਪ੍ਰਦਰਸ਼ਨੀ, ਬਾਈਕ ਦੌੜ ਜਿਹੇ ਇਵੈਂਟ ਆਯੋਜਿਤ ਕੀਤੇ ਜਾਂਦੇ ਹਨ, ਜਿਸ ਨਾਲ ਆਮ ਤੌਰ ਉੱਤੇ ਮਨਹੂਸ ਮੰਨੀਆਂ ਜਾਣ ਵਾਲੀਆਂ ਇਨ੍ਹਾਂ ਥਾਵਾਂ ਉੱਤੇ ਆ ਕੇ ਲੋਕ ਚੰੰਗਾ ਸਮਾਂ ਗੁਜਾਰ ਸਕਦੇ ਹਨ।