ਕਨ੍ਹਈਆ ਕੁਮਾਰ ਵਿਰੁੱਧ ਯੂਨੀਵਰਸਿਟੀ ਦੀ ਕਾਰਵਾਈ ਹਾਈ ਕੋਰਟ ਨੇ ਰੋਕੀ

kanhayia kumar
ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਸਮੇਤ 15 ਵਿਦਿਆਰਥੀਆਂ ਦੇ ਖਿਲਾਫ ਯੂਨੀਵਰਸਿਟੀ ਵੱਲੋਂ ਕੀਤੀ ਅਨੁਸ਼ਾਸਨੀ ਕਾਰਵਾਈ ਨੂੰ ਦਿੱਲੀ ਹਾਈ ਕੋਰਟ ਨੇ ਅੱਜ ਰੱਦ ਕਰ ਦਿੱਤਾ ਹੈ। ਇਹ ਕਾਰਵਾਈ ਯੂਨੀਵਰਸਿਟੀ ਵਿੱਚ ਪਿਛਲੇ ਸਾਲ 9 ਫਰਵਰੀ ਨੂੰ ਇੱਕ ਵਿਵਾਦ ਪੂਰਨ ਪ੍ਰੋਗਰਾਮ ਦੇ ਆਯੋਜਨ ਪਿੱਛੋਂ ਕੀਤੀ ਗਈ ਸੀ।
ਜਸਟਿਸ ਵੀ ਕੇ ਰਾਓ ਨੇ ਇਹ ਕੇਸ ਨਵੇਂ ਸਿਰੇ ਤੋਂ ਫੈਸਲਾ ਕਰਨ ਲਈ ਫਿਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੂੰ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਵਿਦਿਆਰਥੀਆਂ ਦੇ ਰਿਕਾਰਡ ਦਾ ਨਿਰੀਖਣ ਕਰਨ ਤੇ ਉਨ੍ਹਾਂ ਨੂੰ ਸੁਣਨ ਦੀ ਮੰਗ ਮਨਜ਼ੂਰ ਕਰ ਲਈ ਸੀ। ਅਦਾਲਤ ਨੇ ਜੇ ਐੱਨ ਯੂ ਦੇ ਅਪੀਲ ਅਥਾਰਟੀ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸੁਣਨ ਦੇ 6 ਹਫਤੇ ਦੇ ਅੰਦਰ ਆਦੇਸ਼ ਦੇਣ। ਜਿਨ੍ਹਾਂ ਵਿਦਿਆਰਥੀਆਂ ਦੀ ਸੁਣਵਾਈ ਹੋਈ ਹੈ, ਉਨ੍ਹਾਂ ਵਿੱਚ ਉਮਰ ਖਾਲਿਦ ਅਤੇ ਅਨਿਬਾਨ ਭੱਟਾਚਾਰੀਆ ਸ਼ਾਮਲ ਹਨ। ਇਨ੍ਹਾਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਨੇ ਅਨੁਸ਼ਾਸਨ ਤੋੜਨ ਦੇ ਦੋਸ਼ ਦੇ ਜਵਾਬ ਦੇਣ ਲਈ ਪੂਰੇ ਮੌਕੇ ਨਹੀਂ ਦਿੱਤੇ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਨੂੰ ਚੁਣੌਤੀ ਦਿੱਤੀ ਸੀ।
ਜੇ ਐੱਨ ਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕੁਝ ਸਮੈਸਟਰ ਲਈ ਬਰਖ਼ਾਸਤ ਕਰ ਕੇ ਹੋਸਟਲ ਸਹੂਲਤ ਛੱਡਣ ਦੀਆਂ ਸਜ਼ਾਵਾਂ ਦਿੱਤੀਆਂ ਸਨ। ਯੂਨੀਵਰਸਿਟੀ ਦੇ ਅਪੀਲ ਅਥਾਰਟੀ ਨੇ ਉਮਰ ਖਾਲਿਦ ਨੂੰ ਇਸ ਦਸੰਬਰ ਤੱਕ ਲਈ ਇਸ ਯੂਨੀਵਰਸਿਟੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਭੱਟਾਚਾਰੀਆ ਨੂੰ 5 ਸਾਲ ਪਹਿਲਾਂ ਯੂਨੀਵਰਸਿਟੀ ਤੋਂ ਬਾਹਰ ਕੀਤਾ ਗਿਆ ਸੀ। ਪਾਰਲੀਮੈਂਟ ਉੱਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੁੱਧ 9 ਫਰਵਰੀ ਨੂੰ ਕੰਪਲੈਕਸ ਵਿੱਚ ਪ੍ਰੋਗਰਾਮ ਕਰਨ ਅਤੇ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਲਾ ਕੇ ਕਨ੍ਹਈਆ ਕੁਮਾਰ, ਖਾਲਿਦ ਅਤੇ ਭੱਟਾਚਾਰੀਆ ਨੂੰ ਪਹਿਲਾਂ ਦੇਸ਼ ਧ੍ਰੋਹ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਸ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਤਾਂ ਇਸ ਸੰਬੰਧ ਵਿੱਚ ਉਨ੍ਹਾਂ ਦੇ ਵਿਰੁੱਧ ਦੋਸ਼ ਪੱਤਰ ਹੁਣ ਤੱਕ ਦਾਇਰ ਨਹੀਂ ਕੀਤਾ ਗਿਆ, ਪਰ ਯੂਨੀਵਰਸਿਟੀ ਤੋਂ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਵਾ ਦਿੱਤੀ ਗਈ ਸੀ, ਜਿਹੜੀ ਹੁਣ ਹਾਈ ਕੋਰਟ ਨੇ ਰੋਕ ਦਿੱਤੀ ਹੈ।