ਕਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਪਹੁੰਚੇ, ਦੋਵਾਂ ਦੇਸ਼ਾਂ ਦੇ ਸੰਬੰਧ ਵਧਣ ਦੀ ਆਸ

ssਰੱਖਿਆ, ਕਾਰੋਬਾਰ ਤੇ ਸੱਭਿਆਚਾਰ ਵਰਗੇ ਮੁੱਦਿਆਂ ਉੱਤੇ ਕਰਨਗੇ ਗੱਲਬਾਤ

ਨਵੀਂ ਦਿੱਲੀ, 17 ਅਪ੍ਰੈਲ, (ਪੋਸਟ ਬਿਊਰੋ)- ਭਾਰਤ ਅਤੇ ਕੈਨੇਡਾ ਵਿਚਾਲੇ ਫੌਜੀ ਸਹਿਯੋਗ ਅਤੇ ਰੱਖਿਆ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 7 ਦਿਨਾ ਦੌਰੇ ਵਾਸਤੇ ਅੱਜ ਦਿੱਲੀ ਪੁੱਜ ਗਏ। ਇਥੇ ਉਹ ਖਾਸ ਤੌਰ ਉੱਤੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਹੋਰ ਦੁਵੱਲੇ ਮੁੱਦਿਆਂ ਬਾਰੇ ਭਾਰਤ ਦੇ ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨਾਲ ਵਿਸਥਾਰ ਵਿੱਚ ਚਰਚਾ ਕਰਨਗੇ।

ਵਰਨਣ ਯੋਗ ਹੈ ਕਿ ਭਾਰਤ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਭਾਰਤ ਦੇ ਪਹਿਲੇ ਦੌਰੇ ਨੂੰ ਉਹ ਉਤਸ਼ਾਹ ਵਜੋਂ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਤੇ ਕੈਨੇਡਾ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਸਬੰਧਾਂ ਵਿੱਚ ਮਜ਼ਬੂਤੀ ਭਰੇਗਾ ਅਤੇ ਰੱਖਿਆ ਤੇ ਸੁਰੱਖਿਆ ਖੇਤਰ ਵਿੱਚ ਸਾਡੀ ਭਾਈਵਾਲੀ ਦਾ ਵਿਸਥਾਰ ਕਰੇਗਾ। ਪੰਜਾਬ ਵਿੱਚ ਹਰਜੀਤ ਸਿੰਘ ਸੱਜਣ 20 ਅਪਰੈਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ‘ਸਿਵਿਲ ਸੁਸਾਇਟੀ ਆਰਗੇਨਾਈਜੇਸ਼ਨਜ਼’ ਦਾ ਦੌਰਾ ਕਰਨਗੇ। ਚੰਡੀਗੜ੍ਹ ਵਿੱਚ ਉਹ ‘ਕੌਂਸਲੇਟ-ਜਨਰਲ ਆਫ਼ ਕੈਨੇਡਾ’ ਦੇ ਦਫਤਰ ਦਾ ਉਦਘਾਟਨ ਕਰਨਗੇ। ਇਸ ਦੌਰਾਨ ਹਰਜੀਤ ਸਿੰਘ ਸੱਜਣ ਮੁੰਬਈ ਵਿੱਚ ਮੁੰਬਈ ਕਿਲ੍ਹੇ ਵਿੱਚ ਜਾਣਗੇ ਅਤੇ ਵਪਾਰਕ ਤੇ ਉਦਯੋਗਿਕ ਆਗੂਆਂ ਨੂੰ ਮਿਲਣਗੇ। ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਦੇ ਮੁਤਾਬਕ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਮਜ਼ਬੂਤ ਕਰਨ ਲਈ ਇਥੇ ਵੱਡੀ ਸਮਰੱਥਾ ਹੈ ਤੇ ਇਨ੍ਹਾਂ ਸੰਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਰੋਸ਼ਨੀ ਵਿੱਚ ਸੱਜਣ ਦਾ ਦੌਰਾ ਇਕ ਵਧੀਆ ਮੌਕਾ ਹੈ।
ਵਰਨਣ ਯੋਗ ਹੈ ਕਿ ਸੱਜਣ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਹਰਜੀਤ ਸਿੰਘ ਸੱਜਣ ਖਾਲਿਸਤਾਨ ਪੱਖੀ ਹਨ, ਇਸ ਲਈ ਉਹ ਸੱਜਣ ਨੂੰ ਮਿਲਣਗੇ ਨਹੀਂ। ਕੈਨੇਡਾ ਨੇ ਅਜਿਹੇ ਦੋਸ਼ਾਂ ਨੂੰ ਸਚਾਈ ਤੋਂ ਦੂਰ ਤੇ ਨਿਰਾਸ਼ਾ ਜਨਕ ਦੱਸਿਆ ਹੈ।

ਓਟਵਾ, 17 ਅਪਰੈਲ (ਪੋਸਟ ਬਿਊਰੋ) : ਇਸ ਹਫਤੇ ਭਾਰਤ ਦੇ ਦੌਰੇ ਉੱਤੇ ਜਾ ਰਹੇ ਰੱਖਿਆ ਮੰਤਰੀ ਹਰਜੀਤ ਸੱਜਣ ਫੌਜ ਸਬੰਧੀ ਮਸਲਿਆਂ ਤੋਂ ਇਲਾਵਾ, ਕਾਰੋਬਾਰ, ਸੱਭਿਆਚਾਰ ਤੇ ਨਿਵੇਕਲੀਆਂ ਕਾਢਾਂ ਵਰਗੇ ਮਾਮਲੇ ਵੀ ਭਾਰਤੀ ਆਧਿਕਾਰੀਆਂ ਨਾਲ ਵਿਚਾਰਨਗੇ।
ਸੱਜਣ ਅੱਜ ਭਾਰਤ ਪਹੁੰਚ ਜਾਣਗੇ ਤੇ ਇਸ ਹਫਤੇ ਉਹ ਭਾਰਤ ਦੇ ਵਿੱਤ, ਰੱਖਿਆ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਸੱਜਣ ਦੇ ਆਫਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿੱਚ ਰੱਖਿਆ ਤੇ ਸਕਿਊਰਿਟੀ ਸਬੰਧ ਹੋਰ ਵੀ ਮਜ਼ਬੂਤ ਹੋਣਗੇ।
ਇਨ੍ਹਾਂ ਸਾਰੇ ਪੱਖਾਂ ਤੋਂ ਇਲਾਵਾ ਕਾਰੋਬਾਰ ਤੇ ਨਿਵੇਕਲੀਆਂ ਕਾਢਾਂ ਵਰਗੇ ਮੁੱਦੇ ਵੀ ਏਜੰਡੇ ਉੱਤੇ ਰਹਿਣਗੇ। ਪਿਛਲੇ ਸਾਲ ਕੈਬਨਿਟ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਸੱਜਣ ਦਾ ਇਹ ਪਹਿਲਾ ਭਾਰਤ ਦੌਰਾ ਹੈ।