ਕਦੇ ਮੇਰਾ ਸਮਾਂ ਵੀ ਆਏਗਾ : ਤਮੰਨਾ ਭਾਟੀਆ


ਬਾਲੀਵੁੱਡ ਦੀ ਦੁਨੀਆ ਬੜੀ ਅਜੀਬੋ-ਗਰੀਬ ਹੈ। ਇਥੇ ਕਦੇ ਕੋਈ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਪਹੁੰਚ ਜਾਂਦਾ ਹੈ। ਕੱਲ੍ਹ ਤੱਕ ਜਿਸ ਨੂੰ ਕੋਈ ਨਹੀਂ ਜਾਣਦਾ ਸੀ, ਅੱਜ ਉਸ ਨੂੰ ਪੂਰਾ ਭਾਰਤ ਜਾਨਣ ਲੱਗਾ ਹੈ। ਬਾਲੀਵੁੱਡ ਦੀ ਇੱਕ ਅਜਿਹੀ ਅਦਾਕਾਰਾ ਤਮੰਨਾ ਭਾਟੀਆ, ਜਿਸ ਨੂੰ ਉਸ ਦੀ ਇੱਕ ਫਿਲਮ ‘ਬਾਹੂਬਲੀ’ ਨਾਲ ਪੂਰੇ ਦੇਸ਼ ਵਿੱਚ ਪਛਾਣ ਮਿਲੀ। ਭਾਵੇਂ ਕਿ ਤਮੰਨਾ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਫਿਲਮਾਂ ‘ਚ ਦਿਖਾਈ ਦੇ ਚੁੱਕੀ ਹੈ, ਪਰ ਹੁਣ ਤੱਕ ਉਸ ਨੂੰ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ, ਜਿਸ ਦੀ ਉਸ ਨੂੰ ਭਾਲ ਹੈ। ਪੇਸ਼ ਹਨ, ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਹਿੰਦੀ ਫਿਲਮਾਂ ਵਿੱਚ ਤੁਹਾਡੀ ਐਕਟਿੰਗ ਨੂੰ ਜ਼ਿਆਦਾ ਨੋਟਿਸ ਨਹੀਂ ਕੀਤਾ ਗਿਆ। ਇਸ ਦੇ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ?
– ਇਸ ਦੀ ਜ਼ਿੰਮੇਵਾਰ ਮੈਂ ਖੁਦ ਨੂੰ ਮੰਨਦੀ ਹਾਂ, ਕਿਉਂਕਿ ਹਿੰਦੀ ਫਿਲਮਾਂ ਮੈਂ ਬਿਨਾਂ ਸੋਚੇ ਸਮਝੇ ਅਤੇ ਗੰਭੀਰਤਾ ਦਿਖਾਏ ਸਾਈਨ ਕਰ ਲਈਆਂ ਸਨ। ਆਪਣੀ ਇਸ ਗਲਤੀ ਨੂੰ ਹੁਣ ਮੈਂ ਦੁਬਾਰਾ ਕਦੇ ਦੁਹਰਾਉਣਾ ਨਹੀਂ ਚਾਹੁੰਦੀ। ਹੁਣ ਕੋਈ ਵੀ ਹਿੰਦੀ ਫਿਲਮ ਸੋਚ ਸਮਝ ਕੇ ਸਾਈਨ ਕਰਾਂਗੀ। ਹੁਣ ਮੈਨੂੰ ਚੰਗੀ ਹਿੰਦੀ ਫਿਲਮ ਦੀ ਹੀ ਭਾਲ ਹੈ। ਛੇਤੀ ਹੀ ਮੁੜ ਬਾਲੀਵੁੱਡ ਵਿੱਚ ਧਮਾਕੇਦਾਰ ਕਮਬੈਕ ਕਰਨ ਦੀ ਤਿਆਰੀ ‘ਚ ਹਾਂ।
* ਫਿਲਮ ਚੋਣ ਵਿੱਚ ਤੁਹਾਡੇ ਤੋਂ ਕਿੱਥੇ ਗਲਤੀ ਹੋਈ?
– ਜਦੋਂ ਮੈਂ ਬਾਲੀਵੁੱਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਮੈਂ ਅਸਲ ਵਿੱਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਕੌਣ ਹਾਂ। ਉਹ ਖੋਜ ਹੌਲੀ-ਹੌਲੀ ਫੈਸ਼ਨ ਰਾਹੀਂ ਪੂਰੀ ਹੋਈ, ਕਿਉਂਕਿ ਫੈਸ਼ਨ ਇੱਕ ਸ਼ਖਸ ਵਜੋਂ ਖੁਦ ਨੂੰ ਪ੍ਰਗਟ ਕਰਨ ਦਾ ਚੰਗਾ ਜ਼ਰੀਆ ਹੈ। ਮੈਨੂੰ ਲੱਗਦਾ ਹੈ ਕਿ ਮੈਂ ਆਤਮ-ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਇਸ ਦੇ ਲਈ ਬਹੁਤ ਮਿਹਨਤ ਨਹੀਂ ਕਰਦੀ।
* ਤੁਸੀਂ ਫੈਸ਼ਨ ਦਾ ਜ਼ਿਕਰ ਕੀਤਾ, ਜਦ ਕਿ ਇਹ ਫੈਸ਼ਨ ਵੀ ਕਈ ਵਾਰ ਆਲੋਚਨਾ ਦਾ ਕਾਰਨ ਬਣਦਾ ਹੈ?
– ਹਾਂ, ਹੀਰੋਇਨਾਂ ਦੇ ਫੈਸ਼ਨ ਦੀ ਕਦੇ ਤਾਰੀਫ ਵੀ ਹੁੰਦੀ ਹੈ ਤਾਂ ਕਦੇ ਉਸ ਦੇ ਲਈ ਉਨ੍ਹਾਂ ਨੂੰ ਆਲੋਚਨਾ ਸਹਿਣੀ ਪੈਂਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਆਲੋਚਨਾ ਵੀ ਕਲਾਕਾਰਾਂ ਲਈ ਮਦਦਗਾਰ ਸਿੱਧ ਹੁੰਦੀ ਹੈ। ਮੈਂ ਆਲੋਚਕਾਂ ਦੀ ਅਹਿਸਾਨਮੰਦ ਹਾਂ, ਕਿਉਂਕਿ ਮੈਂ ਉਦੋਂ ਤੱਕ ਬਿਹਤਰ ਨਹੀਂ ਕਰ ਸਕਦੀ, ਜਦੋਂ ਤੱਕ ਮੈਨੂੰ ਆਲੋਚਨਾ ਨਹੀਂ ਮਿਲਦੀ। ਕਦੇ ਕਦੇ ਕੌੜੇ ਸ਼ਬਦ ਮੇਰੀ ਮਦਦ ਕਰਦੇ ਹਨ ਅਤੇ ਮੈਨੂੰ ਨਵੇਂ ਪ੍ਰੋਜੈਕਟ ਕਰਨ ਲਈ ਉਤਸ਼ਾਹਤ ਕਰਦੇ ਹਨ।
* ਬਾਲੀਵੁੱਡ ਵਿੱਚ ਤੁਹਾਡੀ ਸ਼ੁਰੂਆਤ ਚੰਗੀ ਨਹੀਂ ਰਹੀ। ਕਿਤੇ ਹੌਸਲਾ ਤਾਂ ਨਹੀਂ ਡਗਮਗਾ ਰਿਹਾ?
– ਬਿਲਕੁਲ ਨਹੀਂ, ਸਿਰਫ ਇੱਕ ਫਿਲਮ ਦੀ ਅਸਫਲਤਾ ਮੈਨੂੰ ਬਿਲਕੁਲ ਪ੍ਰਭਾਵਤ ਨਹੀਂ ਕਰ ਸਕਦੀ। ਦੱਸਣਾ ਚਾਹਾਂਗੀ ਕਿ ਮੈਨੂੰ ਕਰੀਅਰ ਦੇ ਸ਼ੁਰੂ ‘ਚ ਜੋ ਵੀ ਕੰਮ ਮਿਲਿਆ, ਉਸ ਨੂੰ ਕੀਤਾ ਅਤੇ ਜੀ-ਜਾਨ ਨਾਲ ਕੀਤਾ, ਕਿਉਂਕਿ ਉਸ ਸਮੇਂ ਲਿਮਟਿਡ ਆਪਸ਼ਨਸ ਵਿੱਚੋਂ ਹੀ ਚੁਣਨਾ ਹੁੰਦਾ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਦੱਖਣੀ ਭਾਰਤ ਵਿੱਚ ਮੈਂ ਪੰਜ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋਈ ਸੀ। ਬਾਲੀਵੁੱਡ ‘ਚ ਕਈ ਹੀਰੋਇਨਾਂ ਅਜਿਹੀਆਂ ਹਨ, ਜਿਹੜੀਆਂ ਸ਼ੁਰੂ ਦੇ ਦੌਰ ‘ਚ ਫਿਲਮਾਂ ਅਸਫਲ ਰਹੀਆਂ ਹਨ, ਪਰ ਉਨ੍ਹਾਂ ਨੇ ਹੁਣ ਆਪਣੀ ਵੱਖਰੀ ਪਛਾਣ ਬਣੀ ਲਈ ਹੈ। ਮੈਨੂੰ ਵੀ ਉਮੀਦ ਹੈ ਕਿ ਭਾਵੇਂ ਦੇਰ ਲੱਗ ਰਹੀ ਹੈ, ਪਰ ਮੇਰਾ ਵੀ ਟਾਈਮ ਜ਼ਰੂਰ ਆਏਗਾ।
* ਚੰਗੀ ਫਿਲਮ ਨਾ ਮਿਲਣ ਕਾਰਨ ਹੀ ਤੁਸੀਂ ਸਾਊਥ ਫਿਲਮ ਨਗਰੀ ਦਾ ਰੁਖ਼ ਕਰ ਲਿਆ?
– ਹਿੰਦੀ ਫਿਲਮ ਜਗਤ ਵਿੱਚ ਸਫਲਤਾ ਨਾ ਮਿਲਣ ਤੋਂ ਬਾਅਦ ਮੈਂ ਸਾਊਥ ਫਿਲਮ ਨਗਰੀ ਵਿੱਚ ਖੁਦ ਨੂੰ ਬਿਜ਼ੀ ਕਰ ਲਿਆ, ਨਾ ਕਿ ਉਥੇ ਦਾ ਰੁਖ਼ ਕੀਤਾ। ਮੈਂ ਪਹਿਲਾਂ ਤੋਂ ਹੀ ਸਾਊਥ ‘ਚ ਕੰਮ ਕਰ ਰਹੀ ਹਾਂ। ਖਾਸ ਗੱਲ ਇਹ ਹੈ ਕਿ ਮੈਂ ਸਾਊਥ ਦੀਆਂ ਫਿਲਮਾਂ ਵਿੱਚ ਆਪਣੀ ਦਮਦਾਰ ਐਕਟਿੰਗ ਨਾਲ ਇਹ ਵੀ ਸਿੱਧ ਕਰ ਦਿੱਤਾ ਕਿ ਮੈਂ ਕਿਸੇ ਬਾਲੀਵੁੱਡ ਅਦਾਕਾਰ ਤੋਂ ਘੱਟ ਨਹੀਂ ਹਾਂ। ਇਸ ਵਿੱਚ ਸ਼ੱਕ ਨਹੀਂ ਕਿ ਮੈਂ ਬਾਲੀਵੁੱਡ ਫਿਲਮ ਨਗਰੀ ‘ਚ ਖਾਸ ਸਫਲਤਾ ਹਾਸਲ ਨਹੀਂ ਕੀਤੀ, ਪਰ ਸਾਊਥ ਇੰਡੀਅਨ ਸਿਨੇਮਾ ਦਾ ਇੱਕ ਮਸ਼ਹੂਰ ਅਤੇ ਹਿੱਟ ਨਾਂਅ ਹਾਂ। ਉਥੇ ਮੈਨੂੰ ਆਪਣੀ ਹਰ ਫਿਲਮ ਲਈ ਲਗਭਗ ਇੱਕ ਕਰੋੜ ਰੁਪਏ ਮਿਲਦੇ ਹਨ। ਉਥੇ ਮੇਰੇ ਹਿੱਸੇ ਵਿੱਚ ‘ਬਾਹੂਬਲੀ’ ਵਰਗੀਆਂ ਕਈ ਹਿੱਟ ਫਿਲਮਾਂ ਹਨ।
* ਕੀ ਤੁਸੀਂ ਵੀ ਡਾਂਸ ਦੇ ਵੱਖ-ਵੱਖ ਫਾਰਮੇਟ ਸਿੱਖਦੇ ਹੋ?
– ਬਿਲਕੁਲ, ਹੀਰੋਇਨਾਂ ਲਈ ਹਰ ਤਰ੍ਹਾਂ ਦੇ ਡਾਂਸ ਵਿੱਚ ਮਾਹਿਰ ਹੋਣਾ ਜ਼ਰੂਰੀ ਹੁੰਦਾ ਹੈ। ਫਿਲਹਾਲ ਮੈਂ ਆਪਣੀ ਆਉਣ ਵਾਲੀ ਤੇਲਗੂ ਫਿਲਮ ‘ਨਾ ਨੂਵੇ’ ਲਈ ਟੈਂਗੋ ਸਿੱਖ ਰਹੀ ਹਾਂ। ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਡਾਂਸ ਕਰ ਰਹੀ ਹਾਂ ਅਤੇ ਮੈਨੂੰ ਇਹ ਕਹਿਣ ‘ਚ ਝਿਜਕ ਨਹੀਂ ਕਿ ਇਹ ਸੌਖਾ ਡਾਂਸ ਬਿਲਕੁਲ ਨਹੀਂ।
* ਬਾਲੀਵੁੱਡ ਵਿੱਚ ਕੋਈ ਡ੍ਰੀਮ ਰੋਲ ਨਿਭਾਉਣ ਦੀ ਇੱਛਾ ਵੀ ਹੈ?
– ਮੇਰਾ ਡ੍ਰੀਮ ਰੋਲ ਹੈ ਸੰਜੇ ਲੀਲਾ ਭੰਸਾਲੀ ਦਾ ਨਿਰਦੇਸ਼ਨ ਹੋਵੇ ਅਤੇ ਰਿਤਿਕ ਰੋਸ਼ਨ ਹੋਣ ਮੇਰੇ ਹੀਰੋ। ਨਾਲ ਹੀ ਸ਼ਾਹਰੁਖ ਅਤੇ ਸਲਮਾਨ ਦੇ ਨਾਲ ਕੰਮ ਕਰਨਾ ਚਾਹਾਂਗੀ।