ਕਤਾਰ ਵਿੱਚ ਲੱਗ ਕੇ ਤੰਦਰੁਸਤੀ ਲਓ

-ਨੂਰ ਸੰਤੋਖਪੁਰੀ
ਲਓ ਜੀ, ਪੰਜਾਬ ਦੀ, ਪੰਜਾਬੀਆਂ ਦੀ ਹਰ ਬਿਮਾਰੀ ਦੇ ਫੱਟੇ ਚੁੱਕ ਦਿੱਤੇ ਜਾਣਗੇ। ਏਥੇ ਕਿਸੇ ਕਿਸਮ ਦੀ ਬਿਮਾਰੀ ਰਹਿਣ ਨਹੀਂ ਦਿੱਤੀ ਜਾਣੀ। ਕਿਸੇ ਪ੍ਰਕਾਰ ਦਾ ਕੋਈ ਕੀਟਾਣੂ, ਰੋਗਾਣੂ, ਵਿਸ਼ਾਣੂ ਨਾ ਪੈਦਾ ਹੋਣ ਦੇਣਾ ਤੇ ਨਾ ਵਧਣ-ਫੁੱਲਣ ਦੇਣਾ ਹੈ। ਪੂਰੇ ਪੰਜਾਬ ਨੂੰ ਤੇ ਤਕਰੀਬਨ ਸਾਰੇ ਪੰਜਾਬੀਆਂ ਨੂੰ ਤੰਦਰੁਸਤ ਕਰਨ ਦਾ ਟੀਚਾ ਮਿੱਥਿਆ ਹੈ। ਬੜੇ ਲੰਮੇ ਸਮੇਂ ਤੋਂ ਇਥੇ ਕਈ ਤਰ੍ਹਾਂ ਦੇ ਰੋਗਾਂ ਨੇ ਸਭ ਨੂੰ ਘੇਰਾ ਪਾ ਕੇ ਲੰਮੇ ਪਾਇਆ ਹੋਇਆ ਸੀ। ਸਾਨੂੰ ਮਾਰੇ ਦੁੱਖਾਂ-ਤਕਲੀਫਾਂ ਦੇ ਹੂੰਘਣ, ਰੋਣ, ਕੁਰਲਾਉਣ, ਹੋਹੱਥੜੀਂ ਪਿੱਟਣ ‘ਤੇ ਮਜਬੂਰ ਕੀਤਾ ਪਿਆ ਸੀ। ਕਈ ਮਾਰੂ ਰੋਗ ਅਜਿਹੇ ਹਨ ਕਿ ਉਹ ਦੁੱਖ-ਤਕਲੀਫ ਹੱਦ ਤੋਂ ਵੱਧ ਦਿੰਦੇ ਹਨ, ਪਰ ਰੋਣ ਨਹੀਂ ਦਿੰਦੇ, ਕੁਰਲਾਉਣ ਨਹੀਂ ਦਿੰਦੇ। ਹਾਲ ਦੁਹਾਈ ਵੀ ਪਾਉਣ ਨਹੀਂ ਦਿੰਦੇ।
ਫਿਕਰ ਕਰਨ ਵਾਲੀ ਕੋਈ ਗੱਲ ਰਹਿਣ ਨਹੀਂ ਦੇਣੀ। ਕੋਈ ਬੀਮਾਰੀ ਰਹਿਣ ਨਹੀਂ ਦੇਣੀ, ਜੋਸ਼ੋ-ਖਰੋਸ਼ ਨਾਲ ਧੂਮ-ਧੜੱਕੇ ਨਾਲ ‘ਤੰਦਰੁਸਤ ਪੰਜਾਬ’ ਦਾ ਮਿਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਬ ਨੂੰ ਚਿੱਚੜਾਂ, ਜੋਕਾਂ, ਖਟਮਲਾਂ ਵਾਂਗ ਚਿੰਬੜੇ ਸਾਰੇ ਰੋਗਾਂ ਨੂੰ ਲਾਹ ਕੇ ਪਰ੍ਹਾਂ ਸੁੱਟ ਦਿੱਤਾ ਜਾਵੇਗਾ। ਸੂਬੇ ਦੀਆਂ ਹੱਦਾਂ ਤੋਂ ਪਾਰ ਘੱਲ ਦਿੱਤਾ ਜਾਵੇਗਾ। ਕਿਸੇ ਕਿਸਮ ਦੀ ਬੀਮਾਰੀ ਕਾਰਨ ਪੰਜਾਬ ਨੂੰ ‘ਹਾਏ, ਓਏ, ਲੋਕੋ! ਮੈਂ ਮਰ ਗਿਆ! ਮੈਂ ਲੁੱਟਿਆ-ਪੁੱਟਿਆ ਗਿਆ’ ਆਦਿ ਕਹਿ ਕੇ ਰੋਣ-ਕੁਰਲਾਉਣ ਨਹੀਂ ਦਿੱਤਾ ਜਾਵੇਗਾ। ਤੜਫਣ ਨਹੀਂ ਦਿੱਤਾ ਜਾਵੇਗਾ। ‘ਤੰਦਰੁਸਤ ਪੰਜਾਬ’ ਮਿਸ਼ਨ ਹੇਠ ਪੰਜਾਬ ਨੂੰ ਨੌਂ-ਬਰ ਨੌਂ ਕਰਨ ਦਾ ਹਰ ਹੀਲਾ ਤੇ ਹਰ ਵਸੀਲਾ ਵਰਤਿਆ ਜਾਵੇਗਾ। ਜਿੱਥੇ ਲੋੜ ਪਈ, ਗੋਲੀਆਂ, ਕੈਪਸੂਲਾਂ, ਸਿਰਪ, ਟੀਕਿਆਂ, ਮੱਲ੍ਹਮ-ਪੱਟੀਆਂ, ਆਪਰੇਸ਼ਨਾਂ ਵਗੈਰਾ ਦਾ ਸਹਾਰਾ ਲਿਆ ਜਾਵੇਗਾ ਅਤੇ ਜਿੱਥੇ ਲੋੜ ਪਈ, ਉਥੇ ਖੂੰਡਾ ਵੀ ਵਾਹਿਆ ਜਾਵੇਗਾ।
ਜੇ ਕੋਈ ਜ਼ਬਰਦਸਤ, ਭਾਵ ਬਹੁਤ ਜ਼ਿਆਦਾ ਬਿਮਾਰ ਹੋਵੇ, ਉਸ ਦਾ ਇਲਾਜ ਵੀ ਜ਼ਬਰਦਸਤ, ਅਸਰਦਾਰ ਕਰਨਾ ਹੁੰਦਾ ਹੈ ਅਤੇ ਤਕੜੇ ਹੋ ਕੇ ਕਰਨਾ ਹੁੰਦਾ ਹੈ। ਕਿਸੇ ਕਿਸਮ ਦੀ ਤੰਦਰੁਸਤੀ, ਖੁਸ਼ੀ, ਖੁਸ਼ਹਾਲੀ, ਤਾਜ਼ਗੀ ਐਵੇਂ-ਕਿਵੇਂ ਯਾਨੀ ਬੈਠੇ-ਬਿਠਾਏ ਨਹੀਂ ਮਿਲ ਜਾਂਦੀ। ਪੰਜਾਬ ਐਨਾ ਜ਼ਿਆਦਾ ਬਿਮਾਰ, ਉਦਾਸ, ਨਿਰਾਸ਼ ਹੋ ਚੁੱਕਾ ਹੈ, ਇਸ ਦਾ ਚਿਹਰਾ ਐਨਾ ਜ਼ਿਆਦਾ ਮੁਰਝਾ ਚੁੱਕਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਪੰਜਾਬੀ ਇਹ ਭੁੱਲ ਚੁੱਕੇ ਹਨ ਕਿ ਕਦੇ ਬੜੇ ਮਾਣ ਤੇ ਫਖਰ ਨਾਲ ਕਿਹਾ ਜਾਂਦਾ ਸੀ, ‘ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ! ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ।’
ਕਈ ਸਿਰਫਿਰੇ, ਅਕਲ ਦੇ ਵੈਰੀ ਕਹਿੰਦੇ ਫਿਰਦੇ ਨੇ ਕਿ ਪੰਜਾਬ ਨੂੰ ਕਿਸੇ ਕਿਸਮ ਦੀ ਤੰਦਰੁਸਤੀ ਦੀ ਕੀ ਜ਼ਰੂਰਤ ਹੈ। ਉਹ ਪੁੱਛਦੇ ਫਿਰਦੇ ਹਨ ਕਿ ਵਾਕਿਆ ਈ, ਸੱਚਮੁੱਚ ਪੰਜਾਬ ਬੀਮਾਰ ਹੈ? ਹਾਲੋਂ-ਬੇਹਾਲ ਹੈ? ਇਹਦਾ ਮੰਦੜਾ ਹਾਲ ਹੈ? ਸਾਨੂੰ ਇਹ ਬੀਮਾਰ ਨਹੀਂ ਲੱਗਦਾ। ਥੋੜ੍ਹਾ-ਬਹੁਤ ਢਿੱਲਾ-ਢੁੱਲਾ ਹਰ ਕੋਈ ਹੋ ਜਾਂਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਉਸ ਨੂੰ ਬਿਮਾਰ ਮੰਨ ਲਿਆ ਜਾਵੇ। ਅਕਲ ਦੇ ਜਾਨੀ ਦੁਸ਼ਮਣਾਂ ਨੂੰ ਦੱਸਣਾ ਚਾਹੀਦਾ ਹੈ ਕਿ ਜੇ ‘ਤੰਦਰੁਸਤ ਪੰਜਾਬ’ ਮਿਸ਼ਨ ਸ਼ੁਰੂ ਕੀਤਾ ਹੈ ਤਾਂ ਇਹਦੀ ਨਿੱਘਰੀ ਹੋਈ, ਪਸਤ ਹੋਈ ਹਾਲਤ ਵੇਖ ਕੇ ਹੀ ਸ਼ੁਰੂ ਕੀਤਾ ਹੈ।’
ਤੰਦਰੁਸਤੀ ਤੋਂ ਵੱਡਾ ਖਜ਼ਾਨਾ ਹੋਰ ਕੋਈ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਸਮੇਂ-ਸਮੇਂ ਦੇ ਹਾਕਮ, ਨੌਕਰਸ਼ਾਹ, ਅਫਸਰਾਨ, ਮੁਲਾਜ਼ਮ, ਲੀਡਰ, ਸਰਕਾਰੀ ਖਜ਼ਾਨੇ ਦੀ ਸਿਹਤ ਖਰਾਬ ਕਰ ਕੇ ਆਪਣੀ ਅਤੇ ਆਪਣੇ ਪਰਵਾਰਕ ਜੀਆਂ ਦੀ ਤੰਦਰੁਸਤੀ ਹਾਸਲ ਕਰਦੇ ਰਹਿੰਦੇ ਹਨ। ਉਹ ਇਲਾਜ ਕਰਨ-ਕਰਵਾਉਣ ਉਤੇ ਕਰੋੜਾਂ ਰੁਪਏ ਖਰਚ ਦਿੰਦੇ ਹਨ। ਉਹ ਸੋਚਦੇ ਹਨ ਕਿ ਜੇ ਉਹ ਤੰਦਰੁਸਤ ਹੋਣਗੇ ਤਾਂ ਬਾਕੀ ਲੋਕਾਂ ਨੂੰ ‘ਠੀਕ-ਠਾਕ’ ਸਮਝ ਸਕਣਗੇ, ਨਹੀਂ ਤਾਂ ਲੋਕਾਂ ਦੀ ਕਿਸੇ ਵੀ ਕਿਸਮ ਦੀ ਬੀਮਾਰੀ ਨੂੰ, ‘ਦੁੱਖ ਤਕਲੀਫ ਨੂੰ, ਤੰਗੀ-ਤੁਰਸ਼ੀ ਨੂੰ ਬਹਾਨੇ, ਡਰਾਮੇ, ਢਕੋਸਲੇ ਸਮਝਦੇ ਰਹਿਣਗੇ। ਐਪਰ ਅੱਗੇ ਤੋਂ ਆਮ ਪੰਜਾਬੀਆਂ ਨੂੰ ਘਬਰਾਉਣ ਦੀ ਉਕਾ ਲੋੜ ਨਹੀਂ।
‘ਤੰਦਰੁਸਤ ਪੰਜਾਬ’ ਮਿਸ਼ਨ ਹੇਠ ਇਕੱਲੇ ਇਕੱਲੇ ਪੰਜਾਬੀ ਨੂੰ ਤੰਦਰੁਸਤੀ ਦਾ ਤੋਹਫਾ ਦਿੱਤਾ ਜਾਵੇਗਾ। ਹਰੇਕ ਦੁੱਖ ਤਕਲੀਫ ਨੂੰ ਦੂਰ ਕੀਤਾ ਜਾਵੇਗਾ। ਜਿਹੜੇ ਹੋਰ ਮੁਲਕਾਂ ਤੇ ਸੂਬਿਆਂ ਦੇ ਲੋਕ ਪੰਜਾਬ ਦੀ ਪ੍ਰਦੂਸ਼ਿਤ ਹਵਾ ‘ਚ ਸਾਹ ਲੈ ਰਹੇ ਹਨ, ਇਥੋਂ ਦੀ ਪਲੀਤ ਹੋ ਚੁੱਕੀ ਮਿੱਟੀ ‘ਚੋਂ ਵੱਡੀ ਮਾਤਰਾ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ, ਨਦੀਨ ਨਾਸ਼ਕਾਂ ਦੀ ਵਰਤੋਂ ਕਰ ਕੇ ਪੈਦਾ ਕੀਤਾ ਅੰਨ ਖਾ ਰਹੇ ਹਨ, ਨਾ ਪੀਣ ਯੋਗ ਪਾਣੀ ਪੀ ਕੇ ਇਥੇ ਰਹਿ ਰਹੇ ਹਨ, ਰਾਹਜ਼ਨਾਂ ਤੇ ਲੁਟੇਰਿਆਂ ਦੀ ਖੋਹ ਤੇ ਲੁੱਟ ਦਾ ਸੌਖਿਆਂ ਸ਼ਿਕਾਰ ਹੁੰਦੇ ਹਨ, ਉਹ ਆਪਣੀ ਤੰਦਰੁਸਤੀ ਦਾ, ਹਿਫਾਜ਼ਤ ਦਾ ਖੁਦ ਇੰਤਜ਼ਾਮ ਜਾਂ ਜੁਗਾੜ ਕਰਨ। ਉਹ ਹਰ ਬਿਮਾਰੀ ਫੈਲਾਉਣ ਵਾਲੇ, ਲੁੱਟਮਾਰ ਤੇ ਖੋਹ ਕਰਨ ਵਾਲੇ, ਗੁੰਡਾਗਰਦੀ, ਗੈਂਗਸਟਰੀ ਕਰਨ ਵਾਲੇ ਸਭ ਨੂੰ, ਭਾਵ ਪੰਜਾਬੀਆਂ ਤੇ ਗੈਰ ਪੰਜਾਬੀਆਂ ਨੂੰ, ਪ੍ਰਵਾਸੀਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਹਨ, ਉਹ ਕਿਸੇ ਨਾਲ ਭਿੰਨ-ਭੇਦ ਨਹੀਂ ਕਰਦੇ। ਕਦੇ ਪੰਜਾਬ ਇੰਨਾ ਤੰਦਰੁਸਤ ਤੇ ਸਿਹਤਮੰਦ ਹੁੰਦਾ ਸੀ ਕਿ ਇਹਦੇ ਗੱਭਰੂ, ਛੈਲ ਛਬੀਲੇ, ਲੰਮੇ ਕੱਦ ਵਾਲੇ, ਚੌੜੀਆਂ ਛਾਤੀਆਂ ਵਾਲੇ ਹੁੰਦੇ ਸਨ। ਝੋਟਿਆਂ, ਸਾਨ੍ਹਾਂ ਜਿੰਨਾ ਬਲ ਹੁੰਦਾ ਸੀ ਉਨ੍ਹਾਂ ਵਿੱਚ। ਉਹ ਦੁੱਧ ਪੀਂਦੇ ਸਨ। ਦੇਸੀ ਘਿਓ ਖਾਂਦੇ ਸਨ। ਤੇਲ ਮਾਲਿਸ਼ਾਂ ਕਰਦੇ ਸਨ। ਸਾਦੇ ਕੱਪੜੇ ਪਹਿਨਦੇ ਸਨ। ਬਹੁਤ ਘੱਟ ਐਬ ਤੇ ਐਸ਼ਪ੍ਰਸਤੀ ਕਰਦੇ ਸਨ। ਉਹ ਆਪਣੀ ਸਿਹਤ ਵੱਲ ਖਾਸ ਤਵੱਜੋਂ ਦਿੰਦੇ ਸਨ।
ਅੱਜਕੱਲ੍ਹ ਨਾ ਕਿਸੇ ਨੂੰ ਸ਼ੁੱਧ ਪਾਣੀ ਪੀਣ ਲਈ ਮਿਲਦਾ ਹੈ ਤੇ ਨਾ ਸ਼ੁੱਧ ਦੁੱਧ। ਮਿਲਾਵਟ ਨੇ ਅਕਲ ਵੀ ਖਰਾਬ ਕਰ ਦਿੱਤੀ ਹੈ। ਕਈ ਨੌਜਵਾਨ ਦੁੱਧ ਦੀ ਥਾਂ ਕੋਰੈਕਸ, ਫੈਂਸੀਡ੍ਰਿਲ ਆਦਿ ਪੀਂਦੇ ਹਨ। ਦੇਸੀ ਘਿਓ ਦੀ ਥਾਂ ਨਸ਼ੇ ਦੇ ਕੈਪਸੂਲ, ਗੋਲੀਆਂ ਖਾਂਦੇ ਹਨ। ਗਾਂਜਾ, ਅਫੀਮ, ਸਮੈਕ, ਹੈਰੋਇਨ, ਚਿੱਟਾ, ਮਿਆਊਂ-ਮਿਆਊਂ ਦਾ ਸੇਵਨ ਕਰਦੇ ਹਨ। ਜਦੋਂ ਪੰਜਾਬ ਤੰਦਰੁਸਤ ਤੇ ਸਿਹਤਮੰਦ ਹੁੰਦਾ ਸੀ, ਉਦੋਂ ਕੁਸ਼ਤੀ, ਕਬੱਡੀ, ਫੁੱਟਬਾਸਲ, ਹਾਕੀ, ਦੌੜਾਂ ਆਦਿ ਖੇਡਾਂ ਦੇ ਨਾਮੀ ਗਿਰਾਮੀ ਖਿਡਾਰੀ ਤੇ ਖਿਡਾਰਨਾਂ ਪੈਦਾ ਕਰਦਾ ਸੀ। ਅੱਜ ਕੱਲ੍ਹ ਗੈਰ ਤੰਦਰੁਸਤ ਪੰਜਾਬ ਹਰਾਮੀ ਨਸ਼ਿਆਂ ਦੇ ਸੌਦਾਗਰ, ਨਸ਼ੇੜੀ, ਆਲ੍ਹਾ, ਭਿ੍ਰਸ਼ਟਾਚਾਰੀਏ, ਗੈਂਗਸਟਰ, ਮਸ਼ਹੂਰ ਚੋਰ, ਠੱਗ, ਲੁਟੇਰੇ, ਕੁੜੀਮਾਰ, ਦਾਜ ਦੇ ਲੋਭੀ, ਚੋਟੀ ਦੇ ਬਲੈਕੀਏ, ਬਲਾਤਕਾਰੀਏ, ਢੌਂਗੀ ਬਾਬੇ ਪੈਦਾ ਕਰ ਰਿਹਾ ਹੈ।
ਪਹਿਲਾਂ ਪੰਜਾਬਣਾਂ ਦਾ ਰੂਪ ਝੱਲਿਆ ਨਹੀਂ ਸੀ ਜਾਂਦਾ। ਅੱਜ ਕੱਲ੍ਹ ਨੱਬੇ ਪ੍ਰਸੈਂਟ ਪੰਜਾਬਣਾਂ, ਜੁਆਨੀ ਵਿੱਚ ਹੀ ਥੱਕੀਆਂ-ਹਾਰੀਆਂ ਬੁੱਢੀਆਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਕਿਸੇ ਪੰਜਾਬਣ ਨੱਢੀ ਨੇ ਅੱਡੀ ਮਾਰ ਕੇ ਗੱਡੀ ਦਾ ਪਹੀਆ ਕੀ ਭੰਨਣਾ, ਬਹੁਤੀਆਂ ਦੀਆਂ ਅੱਡੀਆਂ, ਹੱਡੀਆਂ, ਗੋਡੇ, ਮੋਢੇ, ਲੱਕ, ਹੱਥ-ਪੈਰ ਰੋਗਾਂ ਕਾਰਨ ਦੁਖਦੇ ਰਹਿੰਦੇ ਹਨ। ਇਹੋ ਹਾਲ ਪੰਜਾਬ ਦੇ ਮਰਦਾਂ ਦਾ ਹੈ। ‘ਮਿਸ਼ਨ ਤੰਦਰੁਸਤ ਪੰਜਾਬ’ ਹੇਠ ਸਭ ਨੂੰ ਤੰਦਰੁਸਤੀ ਮਿਲੇਗੀ। ਕਿਰਪਾ ਕਰ ਕੇ ਕਤਾਰ ਵਿੱਚ ਲੱਗ ਕੇ ਆਪੋ-ਆਪਣੀ ਵਾਰੀ ਦੀ ਉਡੀਕ ਕਰੋ।