ਕਤਲ ਦੇ ਕੇਸ ਵਿੱਚ ਪੰਜ ਦੋਸ਼ੀਆਂ ਨੂੰ ਉਮਰ ਕੈਦ ਤੇ ਪੰਜ ਬਰੀ

life inprionment
ਜਲੰਧਰ, 18 ਮਈ (ਪੋਸਟ ਬਿਊਰੋ)- ਵਧੀਕ ਜ਼ਿਲਾ ਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਜਣਿਆਂ ਹਰਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮੰਗਲ ਸਿੰਘ ਵਾਸੀ ਮਹੇੜੂ, ਰਿੰਪੀ ਪੁੱਤਰ ਜਾਗੀਰ ਸਿੰਘ ਵਾਸੀ ਰਹਿਮਾਨਪੁਰ, ਦਵਿੰਦਰ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਲਿਤਰਾਂ, ਅਮਿਤ ਕੁਮਾਰ ਪੁੱਤਰ ਹੰਸ ਰਾਜ ਵਾਸੀ ਸ਼ਹੀਦ ਊਧਮ ਸਿੰਘ ਨਗਰ ਨਕੋਦਰ ਅਤੇ ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਲਸੀਆਂ ਨੂੰ ਉਮਰ ਕੈਦ ਤੇ 14-14 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।
ਇਨ੍ਹਾਂ ਸਾਰਿਆਂ ਦੇ ਖਿਲਾਫ 26 ਜੁਲਾਈ 12 ਨੂੰ ਥਾਣਾ ਮਹਿਤਪੁਰ ਵਿਖੇ ਵਿਕਾਸ ਅਰੋੜਾ ਪੁੱਤਰ ਜਗਮੋਹਨ ਲਾਲ ਵਾਸੀ ਅੰਗਾਂਕੀੜ੍ਹੀ, ਥਾਣਾ ਮਹਿਤਪੁਰ ਦੀ ਸ਼ਿਕਾਇਤ ‘ਤੇ ਉਸ ਦੇ ਛੋਟੇ ਭਰਾ ਮਨੀ ਅਰੋੜਾ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਉਹ ਦੋ ਭਰਾ ਸਨ ਤੇ ਉਹ ਮਹਿਤਪੁਰ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਛੋਟਾ ਭਰਾ ਮਨੀ ਦੁਕਾਨ ਉੱਤੇ ਖੜਾ ਸੀ, ਜਦੋਂ ਇਹ 10-12 ਵਿਅਕਤੀ ਮੋਟਰ ਸਾਈਕਲਾਂ ‘ਤੇ ਆਏ, ਜਿਨ੍ਹਾਂ ਨੇ ਹੱਥਾਂ ‘ਚ ਤੇਜ਼ਧਾਰ ਹਥਿਆਰ ਫੜੇ ਸਨ ਤੇ ਉਨ੍ਹਾਂ ਆਉਂਦੇ ਹੀ ਰੰਜ਼ਿਸ਼ ਮਨੀ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਮਨੀ ਨੂੰ ਹਸਪਤਾਲ ਲੈ ਗਏ, ਰਸਤੇ ‘ਚ ਉਸ ਦੀ ਮੌਤ ਹੋ ਗਈ ਸੀ।
ਕੱਲ੍ਹ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਇਸੇ ਕੇਸ ‘ਚ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ‘ਤੇ ਪੰਜ ਹੋਰ ਵਿਅਕਤੀਆਂ ਪ੍ਰੇਮ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਾਓਵਾਲ, ਸੁਰਿੰਦਰ ਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਬਲਨਾਓ, ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁੱਦਾਂ ਪਿੰਡ, ਕੁਲਵੰਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਮਹੇੜੂ ਤੇ ਸਤਨਾਮ ਸਿੰਘ ਪੁੱਤਰ ਸੁਖਤਿਆਰ ਸਿੰਘ ਵਾਸੀ ਰਾਮੂਵਾਲ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਕੇਸ ‘ਚ ਦੋ ਵਿਅਕਤੀਆਂ ਨੂੰ ਅਦਾਲਤ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਹੈ।