ਕਠੂਆ ਬਲਾਤਕਾਰ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਨੇ ਪਠਾਨਕੋਟ ਤਬਦੀਲ ਕੀਤੀ

ਨਵੀਂ ਦਿੱਲੀ, 7 ਮਈ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਅੱਜ ਕਠੂਆ ਦੇ ਬਹੁ-ਚਰਚਿਤ ਗੈਂਗ-ਰੇਪ ਅਤੇ ਕਤਲ ਦੇ ਕੇਸ ਦੀ ਸੁਣਵਾਈ ਪਠਾਨਕੋਟ ਵਿੱਚ ਤਬਦੀਲ ਕਰ ਦਿੱਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਹ ਵੀ ਹਦਾਇਤ ਕੀਤੀ ਕਿ ਕੇਸ ਦੀ ਸੁਣਵਾਈ ਰੋਜ਼ਾਨਾ ਆਧਾਰ ਉੱਤੇ ਫਾਸਟ ਟਰੈਕ ਤੇ ਬਿਨਾਂ ਦੇਰੀ ਤੋਂ ਕੀਤੀ ਜਾਵੇ ਤੇ ਕੈਮਰੇ ਉੱਤੇ ਰਿਕਾਰਡ ਕੀਤੀ ਜਾਵੇ, ਪਰ ਬੈਂਚ ਨੇ ਇਹ ਕੇਸ ਸੀ ਬੀ ਆਈ ਨੂੰ ਸੌਂਪਣ ਦੀ ਥਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਪਿੱਛੋਂ ਚਾਰਜ ਸ਼ੀਟ ਦਾਇਰ ਹੋ ਚੁੱਕੀ ਹੈ, ਇਸ ਲਈ ਸੀ ਬੀ ਆਈ ਜਾਂਚ ਦੀ ਲੋੜ ਨਹੀਂ।
ਅੱਜ ਦੀ ਕਾਰਵਾਈ ਦੌਰਾਨ ਸੁਪਰੀਮ ਕੋਰਟ ਦੇ ਬੈਂਚ, ਜਿਸ ਵਿੱਚ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਇੰਦੂ ਮਲਹੋਤਰਾ ਸ਼ਾਮਲ ਸਨ, ਨੇ ਕਿਹਾ ਕਿ ਕੇਸ ਦੀ ਕਾਰਵਾਈ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ਵਿੱਚ ਸ਼ਾਮਲ ਹੋਣ ਸਮੇਂ ਪੀੜਤ ਧਿਰ, ਗਵਾਹ ਜਾਂ ਦੋਸ਼ੀ ਕਿਸੇ ਨੂੰ ਡਰ ਮਹਿਸੂਸ ਨਾ ਹੋਵੇ। ਅਦਾਲਤ ਨੇ ਕਿਹਾ ਕਿ ਕੇਸ ਦੀ ਕਾਰਵਾਈ ਜੰਮੂ ਕਸ਼ਮੀਰ ਵਿੱਚ ਲਾਗੂ ਰਣਬੀਰ ਪੀਨਲ ਕੋਡ ਅਨੁਸਾਰ ਹੀ ਚਲਾਈ ਜਾਵੇ ਤੇ ਪੀੜਤ ਪਰਿਵਾਰ ਤੇ ਦੋਸ਼ੀ ਦੋਵੇਂ ਧਿਰਾਂ ਲਈ ਨਿਆਂ ਪੂਰਨ ਢੰਗ ਨਾਲ ਸੁਣਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪੀੜਤ ਪਰਿਵਾਰ, ਉਨ੍ਹਾਂ ਦੇ ਵਕੀਲ ਅਤੇ ਗਵਾਹਾਂ ਨੂੰ ਸੁਰੱਖਿਅਤ ਢੰਗ ਨਾਲ ਕਠੂਆ ਤੋਂ ਪਠਾਨਕੋਟ ਲਿਜਾਣ ਤੇ ਉੱਥੇ ਰੱਖਣ ਦੀ ਜਿ਼ੰਮੇਵਾਰੀ ਰਾਜ ਸਰਕਾਰ ਨੂੰ ਸੌਂਪੀ ਗਈ ਹੈ ਅਤੇ ਮਾਰੀ ਗਈ ਬੱਚੀ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਵਕੀਲ ਦੀ ਸੁਰੱਖਿਆ ਜਾਰੀ ਰੱਖਣ ਦਾ ਹੁਕਮ ਦੇਣ ਦੇ ਨਾਲ ਹੀ ਕੇਸ ਦੇ ਬਿਆਨਾਂ ਤੇ ਰਿਕਾਰਡ ਦਾ ਉਰਦੂ ਤੋਂ ਅੰਗਰੇਜ਼ੀ ਵਿੱਚ ਤਰਜਮਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਕੇਸ ਦੇ ਇਕ ਨਾਬਾਲਗ ਦੋਸ਼ੀ ਨੂੰ ਦਿੱਤੀ ਸੁਰੱਖਿਆ ਵੀ ਜਾਰੀ ਰੱਖਣ ਨੂੰ ਕਿਹਾ ਗਿਆ ਹੈ। ਅਦਾਲਤ ਨੇ ਅਗਲੀ ਸੁਣਵਾਈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 9 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਜੰਮੂ ਕਸ਼ਮੀਰ ਦੇ ਕਠੂਆ ਨੇੜੇ ਇਕ ਪਿੰਡ ਵਿੱਚ ਬੀਤੀ 10 ਜਨਵਰੀ ਨੂੰ ਅੱਠ ਸਾਲਾ ਬੱਚੀ ਲਾਪਤਾ ਹੋ ਗਈ ਅਤੇ ਇੱਕ ਹਫ਼ਤੇ ਬਾਅਦ ਉਸ ਦੀ ਲਾਸ਼ ਜੰਗਲੀ ਇਲਾਕੇ ਵਿੱਚੋਂ ਮਿਲੀ ਸੀ। ਸਟੇਟ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਸੱਤ ਜਣਿਆਂ ਵਿਰੁੱਦ ਦੋਸ਼ ਪੱਤਰ ਦਾਇਰ ਕੀਤਾ ਸੀ ਤੇ ਇਕ ਨਾਬਾਲਗ ਦੋਸ਼ੀ ਖ਼ਿਲਾਫ਼ ਵੱਖਰੇ ਤੌਰ ਉੱਤੇ ਦੋਸ਼ ਪੱਤਰ ਦਾਇਰ ਕੀਤਾ ਸੀ। ਇਸ ਵਿੱਚ ਬੱਚੀ ਨੂੰ ਅਗਵਾ ਕਰ ਕੇ ਉਸ ਨੂੰ ਧਾਰਮਿਕ ਸਥਾਨ ਵਿੱਚ ਬੇਹੋਸ਼ ਕਰ ਕੇ ਰੱਖਣ ਤੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਬਾਅਦ ਉਸ ਦੀ ਹੱਤਿਆ ਕਰਨ ਦੇ ਵੇਰਵੇ ਦਿੱਤੇ ਗਏ ਸਨ।