ਕਠੂਆ ਗੈਂਗਰੇਪ ਕੇਸ: ਯੂ ਐੱਨ ਸੈਕਟਰੀ ਜਨਰਲ ਨੇ ‘ਪੂਰੀ ਘਟਨਾ ਡਰਾਉਣੀ’ ਕਰਾਰ ਦਿੱਤੀ


ਜੈਨੇਵਾ, 15 ਅਪ੍ਰੈਲ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਅੱਠ ਸਾਲ ਦੀ ਬੱਚੀ ਨਾਲ ਹੋਈ ਦਰਿੰਦਗੀ ਦਾ ਮਾਮਲਾ ਯੂ ਐੱਨ ਤੱਕ ਪਹੁੰਚ ਗਿਆ ਹੈ। ਯੂ ਐਨ ਦੇ ਸੈਕਟਰੀ ਜਨਰਲ ਐਂਟੋਨੀਓ ਨੇ ਬੱਚੀ ਨਾਲ ਹੋਏ ਗੈਂਗਰੇਪ ਤੇ ਕਤਲ ਦੇ ਮਾਮਲੇ ਨੂੰ ਭਿਆਨਕ ਦੱਸ ਕੇ ਇਸ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀ ਆਸ ਪ੍ਰਗਟਾਈ ਹੈ।
ਖਾਨਾ ਬਦੋਸ਼ ਬੱਕਰਵਾਲ ਮੁਸਲਿਮ ਸਮਾਜ ਦੀ ਮਾਸੂਮ ਬੱਚੀ 10 ਜਨਵਰੀ ਨੂੰ ਆਪਣੇ ਘਰ ਨੇੜੇ ਗੁੰਮ ਹੋ ਗਈ ਸੀ। ਉਸ ਦੀ ਲਾਸ ਦੋ ਹਫਤੇ ਪਿੱਛੋਂ ਇਲਾਕੇ ਵਿੱਚੋਂ ਮਿਲੀ ਸੀ। ਬੱਚੀ ਨਾਲ ਪਿੰਡ ਦੇ ਇੱਕ ਮੰਦਰ ਵਿੱਚ ਇੱਕ ਹਫਤੇ ਤੱਕ ਛੇ ਵਿਅਕਤੀ ਨੇ ਜਬਰ-ਜ਼ਨਾਹ ਕੀਤਾ ਸੀ। ਬੱਚੀ ਨੂੰ ਨਸ਼ੀਲੀ ਦਵਾਈ ਪਿਆ ਕੇ ਜਬਰ-ਜ਼ਨਾਹ ਕੀਤਾ ਗਿਆ ਸੀ।
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਉਨਾਵ ਬਲਾਤਕਾਰ ਕੇਸ ਵਿੱਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਸੱਤ ਦਿਨ ਲਈ ਜਾਂਚ ਏਜੰਸੀ ਨੂੰ ਰਿਮਾਂਡ ‘ਤੇ ਦੇ ਦਿੱਤਾ ਹੈ। ਕੇਸ ਦੀ ਜਾਂਚ ਕਰ ਰਹੀ ਸੀ ਬੀ ਆਈ ਨੇ ਸੇਂਗਰ ਨੂੰ ਅਦਾਲਤ ਪੇਸ਼ ਕੀਤਾ ਤਾਂ ਮੈਜਿਸਟਰੇਟ ਸੁਨੀਲ ਸਿੰਘ ਨੇ ਸੀ ਬੀ ਆਈ ਅਤੇ ਦੋਸ਼ੀ ਦੇ ਵਕੀਲਾਂ ਦੀ ਬਹਿਸ ਸੁਣਨ ਪਿੱਛੋਂ ਵਿਧਾਇਕ ਨੂੰ ਸੱਤ ਦਿਨ ਦੇ ਰਿਮਾਂਡ ‘ਤੇ ਭੇਜਣ ਦਾ ਫੈਸਲਾ ਲਿਆ। ਕੇਸ ਦੀ ਅਗਲੀ ਸੁਣਵਾਈ 21 ਅਪ੍ਰੈਲ ਨੂੰ ਹੋਵੇਗੀ। ਉਸ ਦਿਨ ਸੇਂਗਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।