ਔਰਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ੀ ਐੱਸ ਐੱਚ ਓ ਅਦਾਲਤ ਵੱਲੋਂ ਤਲਬ

court
ਬਠਿੰਡਾ, 20 ਅਪ੍ਰੈਲ (ਪੋਸਟ ਬਿਊਰੋ)- ਪਿੰਡ ਜੰਡਾਂਵਾਲਾ ਦੀ ਇੱਕ ਔਰਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਹੇਠ ਸਥਾਨਕ ਜੁਡੀਸ਼ਲ ਮੈਜਿਸਟਰੇਟ ਪਹਿਲਾ ਦਰਜਾ ਹਰਜਿੰਦਰ ਸਿੰਘ ਦੀ ਅਦਾਲਤ ਨੇ ਥਾਣਾ ਨੇਹੀਆਂਵਾਲਾ ਦੇ ਐੱਸ ਐੱਚ ਓ ਰਹਿ ਚੁੱਕੇ ਸਬ ਇੰਸਪੈਕਟਰ ਗੁਰਦੀਪ ਸਿੰਘ, ਏ ਐੱਸ ਆਈ ਸੁਖਪਾਲ ਸਿੰਘ ਅਤੇ ਪਿੰਡ ਜੰਡਾਂਵਾਲਾ ਦੇ ਅਮਰਜੀਤ ਸਿੰਘ ਨੂੰ ਨੌਂ ਮਈ 2017 ਵਾਸਤੇ ਤਲਬ ਕਰ ਲਿਆ ਹੈ।
ਪੀੜਤ ਗੁਰਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਜੰਡਾਂਵਾਲਾ ਨੇ ਆਪਣੇ ਵਕੀਲਾਂ ਉਦੈ ਪ੍ਰਤਾਪ ਸਿੰਘ ਸਿੱਧੂ ਤੇ ਹਰਪਿੰਦਰ ਸਿੰਘ ਸਿੱਧੂ ਰਾਹੀਂ ਅਦਾਲਤ ਵਿੱਚ ਇਨ੍ਹਾਂ ਪੁਲਸ ਅਫਸਰਾਂ ਅਤੇ ਵਿਅਕਤੀ ਵਿਰੁੱਧ ਇਸਤਗਾਸਾ ਕੀਤਾ ਸੀ, ਜਿਸ ਵਿੱਚ ਉਸ ਨੇ ਏ ਐੱਸ ਆਈ ਸੁਖਪਾਲ ਸਿੰਘ ਉਪਰ ਅਮਰਜੀਤ ਸਿੰਘ ਦੇ ਕਹਿਣ ਉੱਤੇ ਉਸ (ਗੁਰਪ੍ਰੀਤ ਕੌਰ) ਨੂੰ ਘਰੋਂ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਧਮਕਾਉਣ ਦੇ ਦੋਸ਼ ਲਾਏ ਸਨ। ਇਸੇ ਤਹਿਤ ਅਦਾਲਤ ਨੇ ਕੱਲ੍ਹ ਉਕਤ ਪੁਲਸ ਅਫਸਰਾਂ ਤੇ ਵਿਅਕਤੀ ਨੂੰ ਤਲਬ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਦੇ ਪਰਵਾਰ ਅਤੇ ਅਮਰਜੀਤ ਸਿੰਘ ਦਾ ਝਗੜਾ ਚੱਲਦਾ ਸੀ, ਜਿਸ ਵਿੱਚ ਗੁਰਪ੍ਰੀਤ ਕੌਰ ਦਾ ਪਤੀ ਪਹਿਲਾਂ ਹੀ ਪੁਲਸ ਹਿਰਾਸਤ ਵਿੱਚ ਸੀ। ਗੁਰਪ੍ਰੀਤ ਕੌਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਏ ਐੱਸ ਆਈ ਸੁਖਪਾਲ ਸਿੰਘ ਨੇ ਉਸ ਨੂੰ 20 ਅਪ੍ਰੈਲ 2016 ਨੂੰ ਘਰੋਂ ਸਵੇਰੇ ਲਿਆ ਕੇ ਸਾਰਾ ਦਿਨ ਥਾਣਾ ਨੇਹੀਆਂਵਾਲਾ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਧਮਕਾਇਆ। ਸ਼ਾਮ ਨੂੰ ਪਿੰਡ ਦੇ ਮੋਹਤਬਰ ਲੋਕ ਗੁਰਪ੍ਰੀਤ ਕੌਰ ਨੂੰ ਛੁਡਾ ਕੇ ਲੈ ਗਏ। ਫਿਰ 21 ਅਪ੍ਰੈਲ 2016 ਨੂੰ ਏ ਐੱਸ ਆਈ ਨੇ ਗੁਰਪ੍ਰੀਤ ਕੌਰ ਨੂੰ ਘਰੋਂ ਲਿਆ ਕੇ ਕਿਸੇ ਰਿਪੋਰਟ ਜਾਂ ਕੇਸ ਦੇ ਬਿਨਾਂ ਥਾਣੇ ਵਿੱਚ ਰੱਖਿਆ, ਜਿਸ ‘ਤੇ ਪਿੰਡ ਦੇ ਰਾਜਪਾਲ ਸਿੰਘ, ਜਿਸ ਦੀ ਹਾਜ਼ਰੀ ‘ਚ ਗੁਰਪ੍ਰੀਤ ਕੌਰ ਨੂੰ ਏ ਐੱਸ ਆਈ ਲੈ ਕੇ ਗਿਆ ਸੀ, ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਦੀ ਅਦਾਲਤ ਵਿੱਚ ਪ੍ਰੋਡਕਸ਼ਨ ਪਟੀਸ਼ਨ ਦਾਇਰ ਕਰ ਦਿੱਤੀ। ਸੈਸ਼ਨ ਜੱਜ ਨੇ ਜੂਨੀਅਰ ਮੈਜਿਸਟਰੇਟ ਮਨਪ੍ਰੀਤ ਕੌਰ ਨੂੰ ਵਾਰੰਟ ਅਫਸਰ ਵਜੋਂ ਥਾਣਾ ਨੇਹੀਆਂਵਾਲਾ ਵਿੱਚ ਰੇਡ ਕਰਨ ਦੇ ਹੁਕਮ ਦਿੱਤੇ, ਵਾਰੰਟ ਅਫਸਰ ਨੇ ਗੁਰਪ੍ਰੀਤ ਕੌਰ ਨੂੰ ਥਾਣਾ ਨੇਹੀਆਂਵਾਲਾ ਵਿੱਚੋਂ ਬਰਾਮਦ ਕਰ ਲਿਆ। ਐੱਸ ਐੱਚ ਓ ਨੂੰ ਗੁਰਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਰੱਖਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ। ਵਾਰੰਟ ਅਫਸਰ ਨੇ ਥਾਣੇ ਦਾ ਰਿਕਾਰਡ ਵੇਖਿਆ ਤਾਂ ਗੁਰਪ੍ਰੀਤ ਕੌਰ ਦੇ ਵਿਰੁੱਧ ਕੋਈ ਰਿਪੋਰਟ ਜਾਂ ਕੇਸ ਵੀ ਨਹੀਂ ਸੀ। ਉਨ੍ਹਾਂ ਨੇ ਰਿਕਾਰਡ ‘ਤੇ ਦਸਖਤ ਕਰਨ ਪਿੱਛੋਂ ਪੀੜਤਾ ਦਾ ਡਾਕਟਰੀ ਮੁਆਇਨਾ ਕਰਵਾ ਕੇ ਛੱਡਣ ਦੇ ਹੁਕਮ ਜਾਰੀ ਕੀਤੇ। ਵਾਰੰਟ ਅਧਿਕਾਰੀ ਮਨਪ੍ਰੀਤ ਕੌਰ ਨੇ ਇਸ ਦੀ ਰਿਪੋਰਟ 30 ਅਪ੍ਰੈਲ 2016 ਨੂੰ ਨਵੇਂ ਆਏ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਜੀਤ ਸਿੰਘ ਨੂੰ ਸੌਂਪ ਦਿੱਤੀ ਸੀ।