ਔਰਤਾਂ ਨੂੰ ਜੇਹਾਦੀ ਬਣਾਉਣ ਵਾਸਤੇ ਮੈਗਜ਼ੀਨ ਕੱਢੀ ਗਈ

women in terrorism
ਇਸਲਾਮਾਬਾਦ, 4 ਅਗਸਤ (ਪੋਸਟ ਬਿਊਰੋ)- ਅੱਤਵਾਦੀ ਜਥੇਬੰਦੀਆਂ ਆਪਣਾ ਘੇਰਾ ਵਧਾਉਣ ਲਈ ਨਵੇਂ-ਨਵੇਂ ਤਰੀਕੇ ਵਰਤ ਰਹੀਆਂ ਹਨ। ਇਸੇ ਤਹਿਤ ਪਾਕਿਸਤਾਨੀ ਤਾਲਿਬਾਨ ਵੀ ਮੈਗਜ਼ੀਨ ਨਾਲ ਔਰਤਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿੱਚ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਨਾਂ ਦੀ ਅੱਤਵਾਦੀ ਜਥੇਬੰਦੀ ਨੇ ਔਰਤਾਂ ਲਈ ਇਕ ਪੱਤਿ੍ਰਕਾ ਕੱਢੀ ਹੈ। ਬੀਤੇ ਦਿਨੀਂ ਇਸ ਮੈਗਜ਼ੀਨ ਦਾ ਪਹਿਲਾ ਅੰਕ ਸਾਹਮਣੇ ਆਇਆ।
ਇਸ ਮੈਗਜ਼ੀਨ ਦਾ ਮਕਸਦ ਔਰਤਾਂ ਨੂੰ ਪਾਕਿਸਤਾਨ ਤਾਲਿਬਾਨ ਵਿੱਚ ਸ਼ਾਮਲ ਹੋਣ ਲਈ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਜੇਹਾਦ ਦੇ ਰਸਤੇ ‘ਤੇ ਅੱਗੇ ਲੈ ਜਾਣਾ ਹੈ। ਇਹ ਮੈਗਜ਼ੀਨ ਅੰਗਰੇਜ਼ੀ ਭਾਸ਼ਾ ਵਿੱਚ ਹੈ। ਇਸ ਮੈਗਜ਼ੀਨ ਦਾ ਨਾਂ ‘ਸੁੰਨਤ-ਏ-ਖਾਉਲਾ’ ਹੈ। ਇਸ ਦਾ ਮਤਲਬ ਹੈ- ਖਾਉਲਾ ਦੇ ਦੱਸੇ ਤਰੀਕੇ। ਖਾਉਲਾ ਪੈਗੰਬਰ ਮੁਹੰਮਦ ਦੀ ਸਭ ਤੋਂ ਸ਼ੁਰੂਆਤੀ ਮਹਿਲਾ ਸਮਰਥਕਾਂ ਵਿੱਚੋਂ ਇਕ ਸੀ। ਇਸ ਮੈਗਜ਼ੀਨ ਦੀ ਜਿਲਦ ‘ਤੇ ਇਕ ਔਰਤ ਦੀ ਤਸਵੀਰ ਹੈ, ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਨਕਾਬਪੋਸ਼ ਹੈ। ਇਸ ਔਰਤ ਨੇ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਨੂੰ ਬੁਰਕੇ ਨਾਲ ਢਕਿਆ ਹੋਇਆ ਹੈ। ਮੈਗਜ਼ੀਨ ‘ਚ ਅੰਦਰ ਟੀ ਟੀ ਪੀ ਦੇ ਸਰਗਨਾ ਫਜ਼ਲਉਲ੍ਹਾ ਖੋਰਾਸਾਨੀ ਦੀ ਪਤਨੀ ਦੀ ਇੰਟਰਵਿਊ ਹੈ। ਇਸ ਦਾ ਨਾਂ ਨਹੀਂ ਦੱਸਿਆ ਗਿਆ। ਇੰਟਰਵਿਊ ‘ਚ ਉਹ ਫਜ਼ਲਉਲ੍ਹਾ ਨਾਲ ਵਿਆਹ ਕਰਨ ਅਤੇ ਆਪਣੇ ਵਿਆਹੁਤਾ ਜੀਵਨ ਬਾਰੇ ਦੱਸਦੀ ਹੈ। ਉਸ ਨੇ ਦੱਸਿਆ ਕਿ 14 ਸਾਲ ਦੀ ਉਮਰ ‘ਚ ਉਸ ਦਾ ਵਿਆਹ ਫਜ਼ਲਉਲ੍ਹਾ ਨਾਲ ਹੋ ਗਿਆ ਸੀ। ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਸਵਾਲ ਕਰਦੀ ਹਾਂ ਕਿ ਘੱਟ ਉਮਰ ‘ਚ ਵਿਆਹ ਨੂੰ ਲੈ ਕੇ ਅੱਜ ਕੱਲ੍ਹ ਏਨਾ ਹੰਗਾਮਾ ਕਿਉਂ ਹੁੰਦਾ ਹੈ। ਸਾਨੂੰ ਸਮਝਣਾ ਪਵੇਗਾ ਕਿ ਜੇ ਜਵਾਨ ਮੁੰਡੇ ਕੁੜੀਆਂ ਨੂੰ ਇੰਝ ਹੀ ਕੁਆਰੇ ਛੱਡ ਦਿੱਤਾ ਜਾਵੇਗਾ ਤਾਂ ਉਹ ਸਮਾਜ ਦੀ ਨੈਤਿਕ ਬਰਬਾਦੀ ਦਾ ਕਾਰਨ ਬਣ ਜਾਣਗੇ।
ਮੈਗਜ਼ੀਨ ਦੀ ਸ਼ੁਰੂਆਤ ‘ਚ ਸੰਪਾਦਕੀ ‘ਚ ਫਜ਼ਲਉਲ੍ਹਾ ਦੀ ਪਤਨੀ ਕਹਿੰਦੀ ਹੈ ਕਿ ਅਸੀਂ ਇਸਲਾਮ ਦੀਆਂ ਔਰਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਗੇ ਆਉਣ ਤੇ ਮੁਜਾਹਿਦੀਨ ਬਣਨ। ਇਸ ‘ਚ ਮਹਿਲਾ ਜੇਹਾਦੀਆਂ ਲਈ ਕੁਝ ਸੁਝਾਅ ਵੀ ਹਨ। ਲੇਖ ਦੀ ਸਲਾਹ ਹੈ ਕਿ ਘਰ ‘ਚ ਗੁਪਤ ਸਭਾ ਕਰਵਾਓ ਅਤੇ ਆਪਣੇ ਹਮਖਿਆਲੀ ਔਰਤਾਂ ਨੂੰ ਵੀ ਉਸ ‘ਚ ਸ਼ਾਮਲ ਕਰੋ। ਲੇਖ ‘ਚ ਅੱਗੇ ਲਿਖਿਆ ਹੈ ਕਿ ਜੇਹਾਦੀਆਂ ਦੇ ਕੀ ਫਰਜ਼ ਹਨ, ਇਸ ਨਾਲ ਜੁੜੀਆਂ ਕਿਤਾਬਾਂ ਵੰਡੋ, ਜੇਹਾਦੀ ਭੈਣਾਂ ਲਈ ਸਰੀਰਕ ਅਭਿਆਸ ਦੀਆਂ ਕਲਾਸਾਂ ਲਗਾਓ। ਸਾਧਾਰਨ ਹਥਿਆਰ ਚਲਾਉਣੇ ਸਿੱਖੋ। ਹੱਥਗੋਲੇ ਚਲਾਉਣੇ ਸਿੱਖੋ ਤੇ ਇਸ ਦੀ ਅੱਗੇ ਸਿਖਲਾਈ ਦਿਓ। ਇਸ ਮੈਗਜ਼ੀਨ ‘ਚ ਪਾਕਿਸਤਾਨ ਦੀ ਇਕ ਮਹਿਲਾ ਡਾਕਟਰ ਵੱਲੋਂ ਲਿਖੇ ਲੇਖ ਨੂੰ ਵੀ ਸ਼ਾਮਲ ਕੀਤਾ ਗਿਆ ਹੈ।