ਔਰਤਾਂ ਦੇ ਹੱਕਾਂ ਵਾਸਤੇ ਲੜਨ ਵਾਲੀ ਮਿਲੀਸੈਂਟ ਦਾ ਬੁੱਤ ਲੰਡਨ ਵਿੱਚ ਲਾਇਆ ਗਿਆ


ਲੰਡਨ, 25 ਅਪ੍ਰੈਲ (ਪੋਸਟ ਬਿਊਰੋ)- ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਪਾਰਲੀਮੈਂਟ ਸਕੂਏਅਰ ਵਿਚ ਦੁਨੀਆਂ ਦੇ 11 ਇਤਿਹਾਸਕ ਮਰਦਾਂ ਦੇ ਬੁੱਤ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਚਰਚਲ, ਨੈਲਸਨ ਮੰਡੇਲਾ, ਅਬਰਾਹਿਮ ਲਿੰਕਨ ਤੇ ਮਹਾਤਮਾ ਗਾਂਧੀ ਸ਼ਾਮਲ ਹਨ। ਮਿਲੀਸੈਂਟ ਫਾਵਸੈਟ ਪਹਿਲੀ ਔਰਤ ਹੈ, ਜਿਸ ਦਾ ਬੁੱਤ ਉਨ੍ਹਾਂ ਨਾਲ ਲਾਇਆ ਗਿਆ ਹੈ। ਮੰਗਲਵਾਰ 24 ਅਪ੍ਰੈਲ 2018 ਨੂੰ ਇਹ ਕੈਰੋਲਾਇਨ ਕਾਰੀਆਡੋ ਪਰੇਜ ਦੇ ਦੋ ਸਾਲ ਦੀ ਜਦੋ-ਜਹਿੱਦ ਕਰਨ ਨਾਲ ਸੰਭਵ ਹੋ ਸਕਿਆ ਜਿਸ ਨੇ 85,000 ਲੋਕਾਂ ਤੋਂ ਪਟੀਸ਼ਨ ਉੱਤੇ ਦਸਤਖਤ ਕਰਵਾ ਕੇ ਭੇਜੇ ਸਨ।
ਮਿਲੀਸੈਂਟ ਫਾਸੈਟ ਨੇ ਆਪਣੇ ਵਕਤ ਔਰਤਾਂ ਨਾਲ ਮਿਲ ਕੇ ਸਾਲ 1897 ਵਿਚ ‘ਨੈਸ਼ਨਲ ਯੂਨੀਅਨ ਆਫ ਵਿਮੈਨ ਸਫਰੇਜ ਸੋਸਾਇਟੀ’ ਨਾਂ ਦੀ ਸੰਸਥਾ ਬਣਾਈ ਸੀ। ਉਸ ਤੋਂ ਪਹਿਲਾਂ 1866 ਵਿਚ ਜਦੋਂ ਉਹ ਸਿਰਫ 19 ਸਾਲ ਦੀ ਸੀ ਤਾਂ ਉਸ ਨੇ ਔਰਤਾਂ ਦੀ ਦੁੱਖਾਂ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਦਸਤਖਤ ਕਰਵਾ ਕੇ ਪਹਿਲੀ ਪਟੀਸ਼ਨ ਪਾਰਲੀਮੈਂਟ ਨੂੰ ਦਿਤੀ ਸੀ। ਇਕ ਲੰਬੇ ਸੰਘਰਸ਼ ਤੋਂ ਬਾਅਦ 1928 ਵਿਚ ਔਰਤਾਂ ਦੇ ਹੱਕ ਲਈ ‘ਇਕੁਅਲ ਫਰੈਂਚਾਈਜ਼’ ਦਾ ਬਿੱਲ ਪਾਸ ਹੋਇਆ ਸੀ। ਇਸ ਤੋਂ ਸਿਰਫ ਇਕ ਸਾਲ ਬਾਅਦ 1929 ਨੂੰ ਉਸ ਦਾ ਦੇਹਾਂਤ ਹੋ ਗਿਆ ਤੇ ਉਸ ਦਾ ਇਕ ਵੀ ਬੁੱਤ ਕਿਤੇ ਵੀ ਨਹੀਂ ਸੀ ਲਾਇਆ ਗਿਆ। ਫਾਵਸੈਟ ਨੇ ਇਹ ਸੰਘਰਸ਼ ਅਹਿੰਸਾਵਾਦੀ ਢੰਗ ਨਾਲ ਚਲਾਇਆ ਸੀ, ਜਿਸ ਵਿਚ ਜਲਸੇ ਜਲੂਸ ਕੱਢਣੇ, ਭੁੱਖ ਹੜਤਾਲ ਤੇ ਆਪਣੇ-ਆਪ ਨੂੰ ਰੱਸੇ ਨਾਲ ਬੰਨ੍ਹਣਾ ਸ਼ਾਮਲ ਸੀ, ਜਿਸ ਨਾਲ ਪੁਲਸ ਉਨ੍ਹਾਂ ਨੂੰ ਖਦੇੜ ਨਾ ਸਕੇ। ਬਹੁਤ ਵਾਰ ਔਰਤਾਂ ਨੂੰ ਪੁਲਸ ਦੇ ਘੋੜਿਆਂ ਦੇ ਖੁਰਾਂ ਹੇਠਾਂ ਮਿੱਧਿਆ ਗਿਆ ਸੀ।
ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਜੇ ਮਿਲੀਸੈਂਟ ਫਾਵਸੈਟ ਨਾ ਹੁੰਦੀ ਤਾਂ ਅੱਜ ਮੈਂ ਪ੍ਰਧਾਨ ਮੰਤਰੀ ਨਾ ਹੁੰਦੀ ਅਤੇ ਨਾ ਹੋਰ ਔਰਤਾਂ ਪਾਰਲੀਮੈਂਟ ਮੈਂਬਰ ਹੁੰਦੀਆਂ। ਵਰਨਣ ਯੋਗ ਹੈ ਕਿ ਜਦੋਂ ਔਰਤਾਂ ਦੇ ਹੱਕਾਂ ਲਈ ਇਹ ਸੰਘਰਸ਼ ਚੱਲ ਰਿਹਾ ਸੀ ਤਾਂ ਭਾਰਤ ਤੋਂ ਡਾ. ਭੀਮ ਰਾਓ ਅੰਬੇਡਕਰ 1921-22 ਦੇ ਵਿਚ ਲੰਡਨ ਵਿੱਚ ਪੜ੍ਹਨ ਲਈ ਆਏ ਹੋਏ ਸਨ। ਉਨ੍ਹਾਂ ਨੇ ਇਸ ਲੜਾਈ ਨੂੰ ਅੱਖੀਂ ਵੇਖਿਆ ਅਤੇ ਮਹਿਸੂਸ ਕੀਤਾ ਸੀ।