ਓਜ਼ੋਨ ਪਰਤ ਦਾ ਨੁਕਸਾਨ ਕਰਨ ਵਾਲੀ ਗੈਸ ਦੀ ਵਰਤੋਂ ਕਰਦੀਆਂ ਹਨ ਚੀਨੀ ਕੰਪਨੀਆਂ

ਪੇਈਚਿੰਗ, 11 ਜੁਲਾਈ (ਪੋਸਟ ਬਿਊਰੋ)- ਬੀਤੇ ਦਿਨੀਂ ਇਕ ਵਾਤਾਵਰਣ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਕਾਰਖਾਨੇ ਨਾਜਾਇਜ਼ ਰੂਪ ਨਾਲ ਪਾਬੰਦੀ ਸ਼ੁਦਾ ਸੀ ਐਫ ਸੀ ਗੈਸ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਗਰੁੱਪ ਨੇ ਕਿਹਾ ਕਿ ਉਸ ਨੇ ਹਾਲ ਵਿੱਚ ਓਜ਼ੋਨ ਦੇ ਵਾਧੇ ਨੂੰ ਦੇਖਿਆ ਹੈ, ਜਿਸ ਦੇ ਨਾਲ ਵਿਗਿਆਨੀ ਪਰੇਸ਼ਾਨ ਹਨ। ਵਾਤਾਵਰਣ ਜਾਂਚ ਏਜੰਸੀ (ਈ ਆਈ ਏ) ਨੇ ਕਿਹਾ ਕਿ 10 ਚੀਨੀ ਪ੍ਰਾਂਤਾਂ ਵਿੱਚ ਚੱਲਦੇ 18 ਕਾਰਖਾਨਿਆਂ ਨੇ ਪਾਬੰਦੀ ਸ਼ੁਦਾ ਕਲੋਰੋਫਲੋਰੋਕਾਰਬਨ (ਸੀ ਐਫ ਸੀ) ਦਾ ਇਸਤੇਮਾਲ ਕੀਤਾ ਹੈ।
ਇਸ ਦੌਰਾਨ ਉਤਪਾਦਕਾਂ ਤੇ ਵਪਾਰੀਆਂ ਨੇ ਈ ਆਈ ਏ ਖੋਜ ਕਰਤਾਵਾਂ ਦੇ ਸਾਹਮਣੇ ਮੰਨਿਆ ਕਿ ਚੀਨ ਦੀਆਂ ਕੰਪਨੀਆਂ ਬੇਹਤਰ ਗੁਣਵੱਤਾ ਅਤੇ ਘੱਟ ਲਾਗਤ ਦੇ ਕਾਰਨ ਸੀ ਐਫ ਸੀ ਦਾ ਇਸਤੇਮਾਲ ਕਰਦੀਆਂ ਹਨ। ਦਰਅਸਲ ਸੀ ਐਫ ਸੀ ਅਜਿਹੇ ਰਸਾਇਣ ਹੁੰਦੇ ਹਨ, ਜੋ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਓਜ਼ੋਨ ਇਕ ਪਤਲੀ ਗੈਸ ਦੀ ਪਰਤ ਹੈ, ਜੋ ਖਤਰਨਾਕ ਕਿਰਨਾਂ ਨਾਲ ਪ੍ਰਿਥਵੀ ‘ਤੇ ਜੀਵਨ ਦੀ ਰੱਖਿਆ ਕਰਦੀ ਹੈ।
ਸਾਲ 2010 ਵਿੱਚ ਸੀ ਐਫ ਸੀ ਦਾ ਵਿਕਾਸਸ਼ੀਲ ਦੇਸ਼ਾਂ ਵਿੱਚ ਅਧਿਕਾਰਕ ਤੌਰ ‘ਤੇ ਉਤਪਾਦਨ ਬੰਦ ਕਰ ਦਿੱਤਾ ਗਿਆ ਸੀ। ਚੀਨ ਦੇ ਅਧਿਕਾਰੀਆਂ ਨੇ ਪਹਿਲਾ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ 2007 ਤੋਂ ਕਾਰਖਾਨਿਆਂ ਵਿੱਚ ਸੀ ਐਫ ਸੀ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਗਿਆ ਹੈ। ਇਕ ਰਿਪੋਰਟ ਵਿੱਚ ਕਿਹਾ ਗਿਆ ਕਿ ਚੀਨੀ ਕੰਪਨੀਆਂ ਖੁਦ ਸੀ ਐਫ ਸੀ ਦਾ ਉਤਪਾਦਨ ਕਰਦੀਆਂ ਹਨ। ਕੁਝ ਫੈਕਟਰੀਆਂ ਰੋਜ਼ਾਨਾ 40 ਟਨ ਟੀ ਐਫ ਸੀ ਪੈਦਾ ਕਰ ਸਕਦੀਆਂ ਹਨ।