ਓਸੀ ਟਰਾਂਸਪੋ ਬੱਸਾਂ ਵਿੱਚ ਜਿਨਸੀ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਓਟਵਾ, 12 ਮਾਰਚ (ਪੋਸਟ ਬਿਊਰੋ) : ਓਟਵਾ ਪੁਲਿਸ ਨੇ ਓਸੀ ਟਰਾਂਸਪੋ ਬੱਸਾਂ ਵਿੱਚ ਜਿਨਸੀ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ। ਦਸ ਮਹੀਨੇ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਿਆ ਹੈ। 34 ਸਾਲਾ ਰੇਸੀਅਲ ਹਿਲਨ ਨੂੰ 27 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਖਿਲਾਫ ਜਿਨਸੀ ਹਮਲਾ ਕਰਨ ਦੇ ਪੰਜ ਮਾਮਲੇ ਤੇ ਨਿਆਂਇਕ ਰਿਹਾਈ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਸਬੰਧੀ ਦਸ ਮਾਮਲੇ ਦਰਜ ਕੀਤੇ ਗਏ ਸਨ। ਜਿਨਸੀ ਹਮਲੇ ਸਬੰਧੀ ਚਾਰਜ 22 ਨਵੰਬਰ, 2012 ਤੇ 15 ਜਨਵਰੀ, 2013 ਦਰਮਿਆਨ ਓਸੀ ਟਰਾਂਸਪੋ ਬੱਸਾਂ ਉੱਤੇ ਵਾਪਰੀਆਂ ਘਟਨਾਵਾਂ ਦੇ ਅਧਾਰ ਉੱਤੇ ਲਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਹੀ ਪਿਛਲੇ ਸਾਲ ਜਿਨਸੀ ਹਮਲੇ ਦੇ ਤਿੰਨ ਮਾਮਲਿਆਂ ਤੇ ਓਸੀ ਟਰਾਂਸਪੋ ਬੱਸਾਂ ਵਿੱਚ ਦਸੰਬਰ 2011 ਤੇ ਫਰਵਰੀ 2012 ਦਰਮਿਆਨ ਵਾਪਰੀਆਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਨ ਦੇ ਤਿੰਨ ਮਾਮਲਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਮਾਮਲਾ ਵੀ ਅਜੇ ਅਦਾਲਤ ਦੇ ਵਿਚਾਰ ਅਧੀਨ ਹੈ। ਹਿਲਨ ਦੇ ਬੁੱਧਵਾਰ ਨੂੰ ਮੁੜ ਅਦਾਲਤ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਹੈ।