ਓਸਾਨ ਬੋਲਟ ਆਖਰੀ ਦੌੜ ਪੂਰੀ ਨਹੀਂ ਕਰ ਪਾਇਆ

ussain bolt
ਲੰਡਨ, 14 ਅਗਸਤ (ਪੋਸਟ ਬਿਊਰੋ)- ਵਿਸ਼ਵ ਦੇ ਮਹਾਨ ਅਥਲੀਟਾਂ ‘ਚੋਂ ਇਕ ਜਮੈਕਾ ਦਾ ਦੌੜਾਕ ਉਸੈਨ ਬੋਲਟ ਆਪਣੇ ਕੈਰੀਅਰ ਦੀ ਆਖਰੀ ਦੌੜ ਨੂੰ ਪੂਰੀ ਨਹੀਂ ਕਰ ਪਾਇਆ। ਟਰੈਕ ਉੱਤੇ ਦੌੜਦੇ ਹੋਏ ਜੋ ਬੋਲਟ ਨਾਲ ਹੋਇਆ, ਉਸ ਬਾਰੇ ਕਿਸੇ ਨੂੰ ਵੀ ਉਮੀਦ ਨਹੀਂ ਸੀ। ਬੋਲਟ 4100 ਮੀਟਰ ਰਿਲੇਅ ਦੌੜ ਮੁਕਾਬਲੇ ਲਈ ਜਮੈਕਾ ਦੀ ਟੀਮ ‘ਚ ਸ਼ਾਮਲ ਸੀ ਅਤੇ ਆਖਰੀ ਰਾਊਂਡ ‘ਚ ਟੀਮ ਵੱਲੋਂ ਦੌੜ ਲਾਉਂਦੇ ਹੋਏ ਥੋੜ੍ਹੀ ਦੂਰੀ ਤੈਅ ਕਰਨ ਬਾਅਦ ਸੱਟ ਲੱਗਣ ਕਾਰਨ ਟਰੈਕ ‘ਤੇ ਡਿੱਗ ਗਿਆ। ਸੱਟ ਕਾਰਨ ਬੋਲਟ ਆਪਣੇ ਕੈਰੀਅਰ ਦੀ ਇਸ ਆਖਰੀ ਦੌੜ ਨੂੰ ਪੂਰਾ ਨਹੀਂ ਕਰ ਪਾਇਆ।
ਮਿਲੀਆਂ ਖਬਰਾਂ ਅਨੁਸਾਰ ਬੋਲਟ ਦੇ ਖੱਬੇ ਪੈਰ ‘ਚ ਸੱਟ ਲੱਗੀ। ਇਸ ਮੁਕਾਬਲੇ ‘ਚ ਪਹਿਲੇ ਸਥਾਨ ‘ਤੇ ਆ ਕੇ ਗ੍ਰੇਟ ਬ੍ਰਿਟੇਨ ਨੇ ਸੋਨ ਤਗਮਾ ਜਿੱਤਿਆ, ਜਦ ਕਿ ਅਮਰੀਕਾ ਨੇ ਚਾਂਦੀ ਤੇ ਜਾਪਾਨ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਮੁਕਾਬਲੇ ਦੌਰਾਨ ਜਦੋਂ ਬੈਟਨ ਉਸੈਨ ਬੋਲਟ ਨੇ ਫੜੀ, ਉਸ ਸਮੇਂ ਬੋਲਟ ਤੋਂ ਅੱਗੇ ਸਿਰਫ ਦੋ ਖਿਡਾਰੀ ਸਨ ਤੇ ਉਨ੍ਹਾਂ ਨੂੰ ਪਾਰ ਕਰਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਕਰਨ ‘ਚ ਅਸਫਲ ਰਿਹਾ। ਕਿਹਾ ਜਾ ਰਿਹਾ ਹੈ ਕਿ ਉਹ ਖੱਬੀ ਲੱਤ ਦੀਆਂ ਮਾਸਪੇਸ਼ੀਆਂ ‘ਚ ਸੱਟ ਕਾਰਨ ਅਚਾਨਕ ਰੁੱਕ ਗਿਆ ਅਤੇ ਕੁਝ ਹੀ ਦੇਰ ਬਾਅਦ ਜ਼ਮੀਨ ‘ਤੇ ਡਿੱਗ ਗਿਆ।
ਵਰਨਣ ਯੋਗ ਹੈ ਕਿ ਇਸ ਦੌਰਾਨ ਬੋਲਟ ਲਈ ਮੈਦਾਨ ‘ਤੇ ਵੀਲ੍ਹਚੇਅਰ ਲਿਆਂਦੀ ਗਈ, ਪਰ ਉਸ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਫੀਨਿਸ਼ ਲਾਈਨ ਨੂੰ ਪਾਰ ਕੀਤਾ। ਅਧਿਕਾਰਕ ਤੌਰ ‘ਤੇ ਉਹ ਦੌੜ ਤੋਂ ਬਾਹਰ ਹੋ ਗਏ। ਬੋਲਟ ਦੇ ਟਰੈਕ ‘ਤੇ ਡਿੱਗਣ ਵਾਲੀ ਵੀਡੀਓ ਤੋਂ ਦੇਖਿਆ ਜਾ ਸਕਦਾ ਹੈ ਕਿ ਸੱਟ ਦੇ ਬਾਵਜੂਦ ਉਹ ਦੌੜ ਪੂਰੀ ਕਰਨ ਲਈ ਪ੍ਰਤੀਬੱਧ ਰਿਹਾ, ਬਾਅਦ ਵਿੱਚ ਟੀਮ ਦੇ ਦੌੜਾਕ ਮੈਕਲਾਡ ਨੇ ਦੱਸਿਆ ਕਿ ਬੋਲਟ ਲਗਾਤਾਰ ਟੀਮ ਦੇ ਬਾਕੀ ਮੈਂਬਰਾਂ ਤੋਂ ਮੁਆਫੀ ਮੰਗ ਰਿਹਾ ਸੀ, ਪਰ ਉਸ ਨੂੰ ਅਜਿਹਾ ਕਰਨ ਦੀ ਲੋੜ ਨਹੀਂ, ਬੋਲਟ ਵਿਸ਼ਵ ਅਥਲੀਟਾਂ ਦੀ ਸੂਚੀ ‘ਚ ਹਮੇਸ਼ਾ ਚੋਟੀ ‘ਤੇ ਰਹੇਗਾ।