ਓਸ਼ਾਵਾ ਦੀ ਝੀਲ ਵਿੱਚੋਂ ਮਿਲਿਆ ਧੜ ਲਾਪਤਾ ਲੜਕੀ ਦਾ ਨਿਕਲਿਆ

ਓਸ਼ਾਵਾ, ਓਨਟਾਰੀਓ, 10 ਨਵੰਬਰ (ਪੋਸਟ ਬਿਊਰੋ) : ਦਰਹਾਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਡੀਐਨਏ ਜਾਂਚ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਓਸ਼ਾਵਾ ਦੇ ਲੇਕਫਰੰਟ ਤੋਂ ਮਿਲਿਆ ਧੜ ਕਿਸੇ ਹੋਰ ਦਾ ਨਹੀਂ ਸਗੋਂ ਲਾਪਤਾ ਲੜਕੀ ਦਾ ਹੀ ਹੈ।
ਜਿ਼ਕਰਯੋਗ ਹੈ ਕਿ ਓਸ਼ਾਵਾ ਦੀ 18 ਸਾਲਾ ਰੋਰੀ ਹਾਚੇ ਦੇ ਲਾਪਤਾ ਹੋਣ ਦੀ ਰਿਪੋਰਟ ਉਸ ਦੇ ਪਰਿਵਾਰ ਵੱਲੋਂ ਲਿਖਵਾਈ ਗਈ ਸੀ ਤੇ ਉਸ ਨੂੰ ਆਖਰੀ ਵਾਰੀ 29 ਅਗਸਤ ਨੂੰ ਵੇਖਿਆ ਗਿਆ ਸੀ। 11 ਸਤੰਬਰ ਨੂੰ ਇੱਕ ਮਛੁਆਰੇ ਨੂੰ ਓਸ਼ਾਵਾ ਹਾਰਬਰ ਨੇੜਲੇ ਪਾਣੀ ਵਿੱਚ ਇੱਕ ਮਹਿਲਾ ਦਾ ਧੜ ਤੈਰਦਾ ਮਿਲਿਆ।
ਜਾਂਚਕਾਰਾਂ ਨੇ ਦੱਸਿਆ ਕਿ ਉਹ ਕਿਸੇ ਅਜਿਹੇ ਨਾਲ ਗੱਲ ਕਰਨੀ ਚਾਹੁੰਦੇ ਸਨ ਜਿਸ ਦਾ ਸਬੰਧ ਹਾਚੇ ਨਾਲ ਹੋਵੇ ਤੇ ਇਹ ਗੱਲ ਉਸ ਦਾ ਧੜ ਮਿਲਣ ਤੋਂ ਇੱਕ ਦਿਨ ਪਹਿਲਾਂ ਦੀ ਹੈ। ਇਹ ਕਤਲ ਦਰਹਾਮ ਖਿੱਤੇ ਵਿੱਚ ਹੋਇਆ ਇਸ ਸਾਲ ਦਾ ਅੱਠਵਾਂ ਕਤਲ ਹੈ।