ਓਸਕਰ ਪਿਸਟੋਰੀਅਸ ਦੀ ਸਜ਼ਾ ਵਿੱਚ ਹੋਇਆ ਵਾਧਾ

ਸਮਰਸੈਟ ਵੈਸਟ, ਸਾਊਥ ਅਫਰੀਕਾ, 24 ਨਵੰਬਰ (ਪੋਸਟ ਬਿਊਰੋ) : ਸਾਊਥ ਅਫਰੀਕਾ ਦੀ ਸੁਪਰੀਮ ਕੋਰਟ ਆਫ ਅਪੀਲ ਵੱਲੋਂ ਬਲੇਡ ਰਨਰ ਵਜੋਂ ਮਸ਼ਹੂਰ ਓਸਕਰ ਪਿਸਟੋਰੀਅਸ ਦੀ ਕੈਦ ਦੀ ਸਜ਼ਾ ਨੂੰ ਵਧਾ ਕੇ 13 ਸਾਲ ਪੰਜ ਮਹੀਨੇ ਕਰ ਦਿੱਤਾ ਗਿਆ ਹੈ। ਆਪਣੀ ਗਰਲਫਰੈਂਡ ਰੀਵਾ ਸਟੀਨਕੈਂਪ ਦੇ ਕਤਲ ਦੇ ਦੋਸ਼ ਵਿੱਚ ਹੁਣ ਪਿਸਟੋਰੀਅਸ ਦੀ ਸਜ਼ਾ ਦੀ ਮਿਆਦ ਵੱਧ ਕੇ ਲੱਗਭਗ ਦੁੱਗਣੀ ਹੋ ਗਈ ਹੈ।
ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਦੇ ਜੱਜ ਵਿੱਲੀ ਸੈਰਿਤੀ ਨੇ ਆਖਿਆ ਕਿ ਪਿਸਟੋਰੀਅਸ ਦੀ ਅਸਲ ਛੇ ਸਾਲ ਦੀ ਸਜ਼ਾ ਦੇ ਖਿਲਾਫ ਪ੍ਰੌਸੀਕਿਊਟਰਜ਼ ਵੱਲੋਂ ਕੀਤੀ ਗਈ ਅਪੀਲ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਜਿ਼ਕਰਯੋਗ ਹੈ ਕਿ 2013 ਵਿੱਚ ਆਪਣੇ ਹੀ ਘਰ ਵਿੱਚ ਪਿਸਟੋਰੀਅਸ ਨੇ ਆਪਣੀ ਗਰਲਫਰੈਂਡ ਨੂੰ ਕਈ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਸਟੀਨਕੈਂਪ ਦੇ ਮਾਪੇ ਇਸ ਸਮੇਂ ਬਹੁਤ ਹੀ ਭਾਵੁਕ ਹੋ ਗਏ, ਉਨ੍ਹਾਂ ਅਦਾਲਤ ਦੀ ਸਾਰੀ ਕਾਰਵਾਈ ਨੂੰ ਘਰੇ ਬੈਠ ਕੇ ਟੈਲੀਵਿਜ਼ਨ ਉੱਤੇ ਵੇਖਿਆ। ਇਹ ਜਾਣਕਾਰੀ ਪਰਿਵਾਰਕ ਵਕੀਲ ਤਾਨੀਆ ਕੋਇਨ ਨੇ ਦਿੱਤੀ। ਕੋਇਨ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੂੰ ਲੱਗ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਧੀ ਨੂੰ ਇਨਸਾਫ ਮਿਲ ਗਿਆ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਹੁਣ ਸੱਭ ਕੁੱਝ ਠੀਕ ਹੋ ਗਿਆ ਹੈ ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਰੀਵਾ ਦੀ ਕਮੀ ਖਲਦੀ ਹੈ।
ਪਹਿਲਾਂ ਇਸ ਮਾਮਲੇ ਵਿੱਚ ਪਿਸਟੋਰੀਅਸ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਪ੍ਰੌਸੀਕਿਊਟਰਜ਼ ਦਾ ਮੰਨਣਾ ਸੀ ਕਿ ਇਹ ਸਜ਼ਾ ਬਹੁਤ ਹੀ ਘੱਟ ਸੀ। ਇਸ ਗੱਲ ਉੱਤੇ ਸੁਪਰੀਮ ਕੋਰਟ ਨੇ ਵੀ ਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਐਨੇ ਘਿਨਾਉਣੇ ਜੁਰਮ ਲਈ ਇਹ ਸਜ਼ਾ ਬਹੁਤ ਹੀ ਘੱਟ ਹੈ। ਸੁਪਰੀਮ ਕੋਰਟ ਨੇ ਇਹ ਵੀ ਆਖਿਆ ਕਿ ਪਿਸਟੋਰੀਅਸ ਨੂੰ ਆਪਣੇ ਕੀਤੇ ਉੱਤੇ ਉੱਕਾ ਵੀ ਪਛਤਾਵਾ ਨਹੀਂ ਹੈ ਤੇ ਨਾ ਹੀ ਉਸ ਨੂੰ ਆਪਣੇ ਵੱਲੋਂ ਕੀਤੇ ਗਏ ਜੁਰਮ ਦੀ ਗੰਭੀਰਤਾ ਦਾ ਹੀ ਕੋਈ ਅਹਿਸਾਸ ਹੈ। ਇਸ ਮਾਮਲੇ ਵਿੱਚ ਪਿਸਟੋਰੀਅਸ ਇੱਕ ਸਾਲ ਤੇ ਸੱਤ ਮਹੀਨਿਆਂ ਦੀ ਸਜ਼ਾ ਭੁਗਤ ਚੁੱਕਿਆ ਹੈ ਤੇ ਇਸ ਸਜ਼ਾ ਨੂੰ ਬਣਦੀ ਕੁੱਲ ਸਜ਼ਾ ਵਿੱਚੋਂ ਮਨਫੀ ਕਰ ਦਿੱਤਾ ਜਾਵੇਗਾ।