ਓਲੰਪਿਕ ਖੇਡਾਂ ਤੋਂ ਪਹਿਲਾਂ ਅਮਰੀਕਾ ਨੇ ਕੋਰੀਆ ਵੱਲ ਰਵਾਨਾ ਕੀਤੇ ਆਪਣੇ ਜੰਗੀ ਬੇੜੇ ਤੇ ਬਾਂਬਰਜ਼

ਟੋਕੀਓ, 15 ਜਨਵਰੀ (ਪੋਸਟ ਬਿਊਰੋ) : ਅਗਲੇ ਮਹੀਨੇ ਹੋਣ ਜਾ ਰਹੀਆਂ ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਹੀ ਅਮਰੀਕਾ ਵੱਲੋਂ ਕੋਰੀਆਈ ਮਹਾਦੀਪ ਦੁਆਲੇ ਆਪਣੀ ਹੋਂਦ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਾਂਬਰਜ਼, ਬੇੜੇ ਤੇ ਏਅਰਕ੍ਰਾਫਟ ਕੈਰੀਅਰ ਨੂੰ ਵੀ ਇੱਥੇ ਤਾਇਨਾਤ ਕੀਤਾ ਜਾ ਰਿਹਾ ਹੈ।
ਦੱਖਣੀ ਕੋਰੀਆ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਸਰਦ ਰੁੱਤ ਦੀਆਂ ਖੇਡਾਂ ਕਾਰਨ ਅਮਰੀਕਾ ਵੱਲੋਂ ਆਪਣੀਆਂ ਸਾਲਾਨਾ ਫੌਜੀ ਮਸ਼ਕਾਂ ਨੂੰ ਅੱਗੇ ਪਾ ਦਿੱਤੇ ਜਾਣ ਲਈ ਸਹਿਮਤੀ ਦੇ ਦਿੱਤੀ ਗਈ ਹੈ। ਵੀਕੈਂਡ ਉੱਤੇ ਛਪੀ ਕਮੈਂਟਰੀ ਵਿੱਚ ਉੱਤਰੀ ਕੋਰੀਆ ਦੀ ਹਾਕਮ ਧਿਰ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਸਿਓਲ ਨਾਲ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਗੱਲਬਾਤ ਕਾਰਨ ਅਮਰੀਕਾ ਵੀ ਹੁਣ ਨਰਮਾਈ ਵਰਤਣ ਦੀ ਕੋਸਿ਼ਸ਼ ਕਰ ਰਿਹਾ ਹੈ। ਸੋਮਵਾਰ ਨੂੰ ਦੋਵਾਂ ਕੋਰੀਆਈ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਫੌਜ ਰਹਿਤ ਜ਼ੋਨ ਨੇੜੇ ਗੱਲਬਾਤ ਦਾ ਦੂਜਾ ਗੇੜ ਆਯੋਜਿਤ ਕਰਵਾਇਆ ਗਿਆ ਤਾਂ ਕਿ ਪਯੌਂਗਚੈਂਗ ਖੇਡਾਂ ਵਿੱਚ ਉੱਤਰੀ ਕੋਰੀਆਈ ਵਫਦ ਨੂੰ ਸ਼ਾਮਲ ਕੀਤਾ ਜਾ ਸਕੇ।
ਅਮਰੀਕਾ ਵੱਲੋਂ ਇਸ ਗੱਲਬਾਤ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ ਗਿਆ ਹੈ। ਅਮਰੀਕੀ ਫੌਜ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀ ਕਾਰਵਾਈ ਰੂਟੀਨ ਟਰੇਨਿੰਗ ਹੈ। ਅਜੇ ਤਣਾਅ ਵਾਲੀ ਸਥਿਤੀ ਮੁੱਕੀ ਨਹੀਂ ਹੈ ਤੇ ਇਸ ਖਿੱਤੇ ਵਿੱਚ ਫੌਜ ਦੀ ਤਾਇਨਾਤੀ ਦੀ ਆਪਣੀ ਅਹਿਮੀਅਤ ਹੈ। ਪਿਛਲੇ ਹਫਤੇ ਪੈਸੇਫਿਕ ਏਅਰ ਫੋਰਸਿਜ਼ ਨੇ ਤਿੰਨ ਬੀ-2 ਸਪਿਰਿਟ ਬਾਂਬਰਜ਼, ਜਿਨ੍ਹਾਂ ਉੱਤੇ 200 ਕਰਮਚਾਰੀ ਮੌਜੂਦ ਹਨ, ਮਿਸੂਰੀ ਦੇ ਵਾੲ੍ਹੀਟਮੈਨ ਏਅਰ ਫੋਰਸ ਟਿਕਾਣੇ ਤੋਂ ਗੁਆਮ ਦੇ ਪੈਸੇਫਿਕ ਆਈਲੈਂਡ ਉੱਤੇ ਤਾਇਨਾਤ ਕੀਤੇ ਹਨ। ਬਿਆਨ ਵਿੱਚ ਆਖਿਆ ਗਿਆ ਹੈ ਕਿ ਖਿੱਤੇ ਦੀ ਸਥਿਰਤਾ ਬਣਾਈ ਰੱਖਣ ਲਈ ਇਹ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ।
ਅਮਰੀਕਾ ਅਨੁਸਾਰ ਖੇਡਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਫੌਜੀ ਐਮਰਜੰਸੀ ਲਈ ਅਮਰੀਕਾ ਆਪਣੇ ਬੇੜਿਆਂ ਤੇ ਬਾਂਬਰਜ਼ ਨਾਲ ਤਿਆਰ ਰਹੇਗਾ। ਪਰ ਉੱਤਰੀ ਕੋਰੀਆ ਇਸ ਨੂੰ ਧਮਕੀ ਮੰਨ ਸਕਦਾ ਹੈ।