ਓਮਰ ਖਾਦਰ ਤੋਂ ਬਾਅਦਜਰੂਰੀ ਹੈਲਿਬਰਲਾਂ ਲਈ ਔਰਤਾਂ ਦੇ ਹੱਕ ਵਿੱਚ ਖੜਨਾ!

zzzzzzzz-300x1111
ਪੰਜਾਬੀ ਪੋਸਟ ਸੰਪਾਦਕੀ

“ਮੰਤਰੀ ਉਹਨਾਂ ਔਰਤਾਂ ਵੱਲੋਂ ਹੰਢਾਈਆਂ ਜਾਂਦੀਆਂ ਚੁਣੌਤੀਆਂ ਬਾਰੇ ਹਮਦਰਦੀ ਰੱਖਦੀ ਹੈ ਜਿਹੜੀਆਂ EI ਭਾਵ ਇੰਪਲਾਇਮੈਂਟ ਇਨਸ਼ੂਰੈਂਸ ਊੱਤੇ ਹੋਣ ਵੇਲੇ ਕੈਂਸਰ ਦਾ ਸਿ਼ਕਾਰ ਹੋ ਜਾਂਦੀਆਂ ਹਨ”। ਇਹ ਸ਼ਬਦ ਸੋਸ਼ਲ ਡੀਵੈਲਮੈਂਟ ਵਿਭਾਗ ਦੀ ਮੰਤਰੀ ਜੌਨ ਵੈਸ ਡੁਕਲੋਸ ਦੇ ਦਫ਼ਤਰ ਵਿੱਚ ਕੰਮ ਕਰਦੀ ਇੱਕ ਸਟਾਫ ਦੇ ਹਨ ਜੋ ਮੰਤਰੀ ਦੀ ਤਰਫ਼ ਤੋਂ ਬਿਆਨ ਦੇ ਰਹੀ ਸੀ।

ਪਿਛਲੀਆਂ ਚੋਣਾਂ ਦੌਰਾਨ ਸੱਤਾ ਵਿੱਚ ਆਉਣ ਲਈ ਤਤਪਰ ਲਿਬਰਲ ਅਤੇ ਐਨ ਡੀ ਪੀ ਵੱਲੋਂ ਹਰ ਉਸ ਨੀਤੀ ਨੂੰ ਰੱਦੀ ਦੇ ਡੱਬੇ ਵਿੱਚ ਪਾਉਣ ਦਾ ਵਾਅਦਾ ਕੀਤਾ ਜਿਸ ਬਾਰੇ ਗੱਲ ਕਰਕੇ ਸੱਤਾ ਵਿੱਚ ਆਉਣ ਦਾ ਰਾਹ ਖੋਲਿਆ ਜਾ ਸਕਦਾ ਸੀ। ਪਿੱਛੇ15 ਸਾਲ ਤੋਂ ਵੱਧ ਅਰਸੇ ਤੋਂ ਚਲੇ ਆਉਂਦੇ ਇੱਕ ਕਨੂੰਨ ਮੁਤਾਬਕ ਜੋ ਔਰਤਾਂ ਮੈਟਰਨਿਟੀ ਲੀਵ ਉੱਤੇ ਜਾਣ ਲਈ ਇੰਪਲਾਇਮੈਂਟ ਇਨਸ਼ੂਰੈਂਸ (EI) ਉੱਤੇ ਹੁੰਦੀਆਂ ਸਨ, ਜੇਕਰ EI ਉੱਤੇ ਹੋਣ ਦੌਰਾਨ ਉਹਨਾਂ ਨੂੰ ਕੈਂਸਰ ਆਦਿ ਦੀ ਬਿਮਾਰੀ ਹੋ ਜਾਵੇ ਤਾਂ ਉਹਨਾਂ ਨੂੰ ਸਿਹਤ ਲਾਭ ਨਹੀਂ ਸਨ ਦਿੱਤੇ ਜਾਂਦੇ। ਸੋ ਸੁਭਾਵਿਕ ਸੀ ਕਿ ਲਿਬਰਲ ਅਤੇ ਐਨ ਡੀ ਪੀ ਦੋਵਾਂ ਨੇ ਵਾਅਦਾ ਕੀਤਾ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਉਹ ਇਸ ਕਨੂੰਨ ਨੂੰ ਤੁਰੰਤ ਰੱਦ ਕਰ ਦੇਣਗੇ ਅਤੇ ਪੀੜਤ ਔਰਤਾਂ ਨੂੰ ਇਨਸਾਫ ਦੇਣਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰੀਂ ਤਾਂ ਔਰਤਾਂ ਦੇ ਅਧਿਕਾਰਾਂ ਨੂੰ ਸੁਰਖਿਅਤ ਰੱਖਣ ਲਈ ਵੈਸੇ ਹੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਪਹੁੰਚ ਕਾਰਣ ਉਹਨਾਂ ਦੀ ਵਿਸ਼ਵ ਭਰ ਵਿੱਚ ਭੱਲ ਬਣੀ ਹੋਈ ਹੈ। ਆਪਣੀ ਵਜ਼ਾਰਤ ਵਿੱਚ 50% ਦੇ ਕਰੀਬ ਔਰਤਾਂ ਨੂੰ ਥਾਂ ਦੇ ਕੇ ਟਰੂਡੋ ਹੋਰੀਂ ਪਹਿਲਾਂ ਹੀ ਬਹੁਤ ਉੱਚਾ ਸਥਾਨ ਹਾਸਲ ਕਰ ਚੁੱਕੇ ਹਨ।ਸ਼ਾਇਦ ਇਸ ਲਈ ਹੋਰ ਖੇਤਰਾਂ ਵਿੱਚ ਪੀੜਤ ਹੋ ਰਹੀਆਂ ਔਰਤਾਂ ਵੱਲ ਧਿਆਨ ਦੇਣ ਦਾ ਵਕਤ ਨਹੀਂ ਮਿਲਦਾ। EI ਉੱਤੇ ਹੋਣ ਦੌਰਾਨ ਕੈਂਸਰ ਆਦਿ ਦੀਆਂ ਸਿ਼ਕਾਰ ਹੋ ਚੁੱਕੀਆਂ ਸੈਂਕੜੇ ਔਰਤਾਂ ਇਸ ਕੈਟੇਗਰੀ ਵਿੱਚ ਹੀ ਸ਼ਾਮਲ ਹੋਣਗੀਆਂ।

ਸੱਤਾ ਵਿੱਚ ਆਉਣ ਤੋਂ ਬਾਅਦ ਲਿਬਰਲ ਸਰਕਾਰ ਨੇ EI ਉੱਤੇ ਹੋਣ ਦੌਰਾਨ ਬਿਮਾਰ ਹੋਣ ਵਾਲੀਆਂ ਔਰਤਾਂ ਨੂੰ ਹਰਾਉਣ ਲਈ ਅਦਾਲਤੀ ਖਰਚਿਆਂ ਉੱਤੇ 3 ਲੱਖ ਡਾਲਰ ਖਰਚ ਕਰ ਦਿੱਤੇ ਹਨ ਪਰ ਉਹਨਾਂ ਨਾਲ ਗੱਲ ਕਰਨ ਦੀ ਖੇਚਲ ਨਹੀਂ ਕੀਤੀ। ਕੁੱਲ ਮਿਲਾ ਕੇ ਇਸ ਅਦਾਲਤੀ ਕੇਸ ਉੱਤੇ ਫੈਡਰਲ ਸਰਕਾਰ ਢਾਈ ਮਿਲੀਅਨ ਡਾਲਰ ਖਰਚ ਕਰ ਚੁੱਕੀ ਹੈ।

ਸਰਕਾਰ ਨੂੰ ਅਦਾਲਤ ਵਿੱਚ ਜੈਨੀਫਰ ਮੈਕ-ਕਰੀਆ (Jennifer McCrea) ਲੈ ਕੇ ਗਈ ਸੀ ਜਿਸਨੂੰ 2011 ਵਿੱਚ ਮੈਟਰਨਿਟੀ ਲੀਵ ਉੱਤੇ ਜਾਣ ਦੌਰਾਨ ਛਾਤੀ ਦਾ ਕੈਂਸਰ ਹੋ ਗਿਆ ਸੀ। ਉਸਨੂੰ ਬਿਮਾਰੀ ਦੇ ਲਾਭਾਂ ਤੋਂ ਇਨਕਾਰ ਕਰ ਦਿੱਤਾ ਸੀ। ਇਨਕਾਰ ਕਰਨ ਵਾਲਾ ਇਹ ਕਨੂੰਨ 2002 ਵਿੱਚ ਲਿਬਰਲ ਪ੍ਰਧਾਨ ਮੰਤਰੀ ਜੌਨ ਕਰੈਚੀਅਨ ਵੇਲੇ ਬਣਾਇਆ ਗਿਆ ਸੀ। ਇਸ ਕਨੂੰਨੀ ਖਾਮੀ ਕਾਰਣ ਵੱਡੀ ਪੱਧਰ ਉੱਤੇ ਕੈਨੇਡੀਅਨ ਔਰਤਾਂ ਪ੍ਰਭਾਵਿਤ ਹੋਈਆਂ। ਇਹਨਾਂ ਪੀੜਤਾਂ ਦੀ ਤਰਫ਼ ਤੋਂ ਜੈਨੀਫਰ ਮੈਕਕਰੀਆ ਨੇ ਫੈਡਰਲ ਸਰਕਾਰ ਉੱਤੇ 450 ਮਿਲੀਅਨ ਡਾਲਰ ਦਾ ਕਲਾਸ ਐਕਸ਼ਨ ਕੇਸ ਕੀਤਾ ਹੋਇਆ ਹੈ। ਫੈਡਰਲ ਵਕੀਲਾਂ ਦਾ ਅੱਜ ਕੱਲ ਇਸ ਗੱਲ ਉੱਤੇ ਜੋਰ ਲੱਗਿਆ ਜਾਪਦਾ ਹੈ ਕਿ ਕਿਵੇਂ ਹੋਰ ਔਰਤਾਂ ਨੂੰ ਇਸ ਕੇਸ ਦਾ ਹਿੱਸਾ ਬਣਨੋਂ ਰੋਕਿਆ ਜਾ ਸਕਦਾ ਹੈ ਕਿਉਂਕਿ ਐਨੇ ਵੱਡੇ ਅਰਸੇ ਦੌਰਾਨ ਹੋਈਆਂ ਪੀੜਤ ਔਰਤਾਂ ਦੀ ਲਿਸਟ ਤਿਆਰ ਕਰਨੀ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ।
ਜੈਨੀਫਰ ਮੈਕਕਰੀਆ ਦੇ ਇਹਨਾਂ ਸ਼ਬਦਾਂ ਨਾਲ ਸਹਿਮਤ ਹੋਣਾ ਬਣਦਾ ਹੈ ਕਿ ਜੇਕਰ ਲਿਬਰਲ ਸਰਕਾਰ ਸਾਬਕਾ ਅਤਿਵਾਦੀ ਓਮਰ ਖਾਦਰ ਨੂੰ ਸਾਢੇ ਦਸ ਮਿਲੀਅਨ ਡਾਲਰ ਦੇ ਕੇ ਅਦਾਲਤ ਤੋਂ ਬਾਹਰ ਸਮਝੌਤਾ ਕਰ ਸਕਦੀ ਹੈ ਤਾਂ ਸੈਂਕੜੇ ਕੈਨੇਡੀਅਨ ਔਰਤਾਂ ਨਾਲ ਕਿਉਂ ਨਹੀਂ? ਜੈਨੀਫਰ ਇਹ ਸੁਆਲ ਵੀ ਕਰਦੀ ਹੈ ਕਿ ਜੇਕਰ ਸਰਕਾਰ 60ਵਿਆਂ ਦੇ ਦਹਾਕੇ ਵਿੱਚ ਘਰਾਂ ਤੋਂ ਵਿਛੋੜੇ ਗਏ ਮੂਲਵਾਸੀ ਬੱਚਿਆਂ ਦੇ ਕੇਸ ਵਿੱਚ ਸਮਝੌਤਾ ਕਰ ਸਕਦੀ ਹੈ ਤਾਂ ਮੁਲਕ ਦੀਆਂ ਪੀੜਤ ਔਰਤਾਂ ਨਾਲ ਕਿਉਂ ਨਹੀਂ? ਜੈਨੀਫਰ ਨੂੰ ਗੁੱਸਾ ਹੈ ਕਿ ਲਿਬਰਲ ਸਰਕਾਰ ਇਸ ਕਲਾਸ ਐਕਸ਼ਨ ਕੇਸ ਵਿੱਚ ਆਪਣੇ ਹੀ ਮੁਲਕ ਦੀਆਂ ਧੀਆਂ ਭੈਣਾਂ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ।
ਆਖਰ ਨੂੰ ਇਹਨਾਂ ਔਰਤਾਂ ਨੂੰ ਅਦਾਲਤਾਂ ਦੇ ਚੱਕਰ ਲੁਆ ਕੇ ਕੌਣ ਜੇਤੂ ਹੋ ਰਿਹਾ ਹੈ? ਕੀ ਇਹ ਔਰਤਾਂ ਉਸ ਲੈਂਜ਼ ਵਿੱਚੋਂ ਨਜ਼ਰ ਨਹੀਂ ਆਉਂਦੀਆਂ ਜਿਸ ਵਿੱਚੋਂ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਪ੍ਰਧਾਨ ਮੰਤਰੀ ਝਾਤੀ ਮਾਰਦੇ ਹਨ। ਜੇਕਰ ਲਿਬਰਲ ਸਰਕਾਰ ਓਮਰ ਖਾਦਰ ਨਾਲ ਅਦਾਲਤ ਤੋਂ ਬਾਹਰ ਇਸ ਡਰ ਕਾਰਣ ਸਮਝੌਤਾ ਕਰ ਸਕਦੀ ਹੈ ਕਿ ਹਾਰ ਜਾਣ ਦੀ ਸੂਰਤ ਵਿੱਚ ਸਰਕਾਰ ਨੂੰ ਵੱਧ ਹਰਜਾਨਾ ਭਰਨਾ ਪੈ ਜਾਣਾ ਸੀ (ਵੈਸੇ ਸਰਕਾਰ ਦੇ ਇਸ ਤਰਕ ਨਾਲ ਬਹੁਤੇ ਕੈਨੇਡੀਅਨ ਸਹਿਮਤ ਨਹੀਂ ਹਨ) ਤਾਂ ਜੈਨੀਫਰ ਮੈਕਕਰੀ ਵਰਗੀਆਂ ਸੈਂਕੜੇ ਔਰਤਾਂ ਨੂੰ ਹਰਾਉਣ ਲਈ ਲੱਖਾਂ ਡਾਲਰ ਖਰਚ ਕਰਨੇ ਕਿਵੇਂ ਜਾਇਜ਼ ਹਨ।

ਜੇਕਰ ਕੱਲ ਨੂੰ ਇਹ ਔਰਤਾਂ ਕੇਸ ਜਿੱਤ ਗਈਆਂ ਤਾਂ?