ਓਨਟਾਰੀਓ ਸਕੂਲ ਬੋਰਡਜ਼ ਵੱਲੋਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਹਮਾਇਤ ਮਗਰੋਂ ਮਿਲਣ ਲੱਗੀਆਂ ਧਮਕੀਆਂ

muslim hate
ਟੋਰਾਂਟੋ, 21 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਸਕੂਲ ਬੋਰਡ ਵੱਲੋਂ ਮੁਸਲਮਾਨ ਵਿਦਿਆਰਥੀਆਂ ਦੇ ਨਮਾਜ਼ ਅਦਾ ਕਰਨ ਵਾਸਤੇ ਹਰ ਸੁ਼ੱਕਰਵਾਰ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਥਾਂ ਦੇ ਮੁੱਦੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਹੁਣ ਮੁਸਲਮਾਨ ਵਿਦਿਆਰਥੀਆਂ ਨੂੰ ਜਾਨੋਂ ਮਾਰਨ ਅਤੇ ਮਸਜਿਦ ਨੂੰ ਅੱਗ ਲਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਮਿਸੀਸਾਗਾ ਦੇ ਇਮਾਮ ਇਬ੍ਰਾਹਿਮ ਹਿੰਡੀ ਨੇ ਦੱਸਿਆ ਕਿ ਸੁ਼ੱਕਰਵਾਰ ਨੂੰ ਉਸ ਨੂੰ ਇੱਕ ਈ-ਮੇਲ ਮਿਲੀ ਜਿਸ ਵਿੱਚ ਇੱਕ ਵਿਅਕਤੀ ਨੂੰ ਫਾਹੇ ਲਾਏ ਜਾਣ ਦੀ ਤਸਵੀਰ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਸੋਸ਼ਲ ਮੀਡੀਆ ਉੱਤੇ ਵੀ ਉਸ ਨੂੰ ਇਹ ਮੈਸੇਜ ਮਿਲਿਆ ਕਿ ਮਸਜਿਦ, ਜੋ ਕਿ ਕਈ ਸੈ਼ਤਾਨਾਂ ਦੇ ਲੁਕਣ ਦੀ ਸੁਰੱਖਿਅਤ ਥਾਂ ਹੈ, ਨੂੰ ਵੀ ਸਾੜ ਦਿੱਤਾ ਜਾਣਾ ਚਾਹੀਦਾ ਹੈ।
ਹਿੰਡੀ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਹੀ ਪੁਲਿਸ ਨਾਲ ਸੰਪਰਕ ਕੀਤਾ ਤੇ ਪੁਲਿਸ ਨੇ ਮਸਜਿਦ ਦੁਆਲੇ ਗਸ਼ਤ ਵਧਾਏ ਜਾਣ ਦਾ ਵਾਅਦਾ ਕੀਤਾ। ਪੀਲ ਰੀਜਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਹਰਿੰਦਰ ਸੋਹੀ ਨੇ ਬੁੱਧਵਾਰ ਨੂੰ ਇੱਕ ਈ-ਮੇਲ ਵਿੱਚ ਆਖਿਆ ਕਿ ਹਿੰਡੀ ਵੱਲੋਂ ਕੀਤੀ ਗਈ ਸਿ਼ਕਾਇਤ ਦੀ ਪੁਲਿਸ ਜਾਂਚ ਕਰ ਰਹੀ ਹੈ। ਅਸੀਂ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਇਸ ਲਈ ਢੁਕਵੇਂ ਸਰੋਤ ਵੀ ਲਾਏ ਗਏ ਹਨ ਤੇ ਇਸਲਾਮਿਕ ਸੈਂਟਰਾਂ ਦੁਆਲੇ ਗਸ਼ਤ ਵੀ ਵਧਾਈ ਜਾ ਰਹੀਹੈ।
ਹਿੰਡੀ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਮਲਟੀਫੇਥ ਗਰੁੱਪ ਦੇ ਵੀ ਮੈਂਬਰ ਹਨ। ਇਹ ਗਰੁੱਪ ਸਾਲ ਵਿੱਚ ਚਾਰ ਵਾਰੀ ਮਿਲਦਾ ਹੈ ਤੇ ਐਜੂਕੇਟਰਜ਼ ਨੂੰ ਇਹ ਸਲਾਹ ਦਿੰਦਾ ਹੈ ਕਿ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਵਿਦਿਆਰਥੀਆਂ ਦੇ ਖਾਸ ਧਾਰਮਿਕ ਦਿਨਾਂ ਉੱਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਬਣਦੀ ਖੁੱਲ੍ਹ ਦਿੱਤੀ ਜਾਵੇ। ਮੁਸਲਮਾਨ ਵਿਦਿਆਰਥੀਆਂ ਨੂੰ ਨਮਾਜ਼ ਅਦਾ ਕਰਨ ਲਈ ਸਕੂਲਾਂ ਵੱਲੋਂ ਵੱਖਰੀ ਥਾਂ ਮੁਹੱਈਆ ਕਰਵਾਏ ਜਾਣ ਦੇ ਮਾਮਲੇ ਵਿੱਚ ਪਿਛਲੇ ਕੁੱਝ ਮਹੀਨਿਆਂ ਵਿੱਚ ਮੁਸਲਮਾਨ ਵਿਰੋਧੀ ਅਨਸਰ ਸਰਗਰਮ ਹੋ ਗਏ ਹਨ। ਇੱਥੋਂ ਤੱਕ ਕਿ ਟੋਰਾਂਟੋ ਦੇ ਪੱਛਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੀ ਸਕਿਊਰਿਟੀ ਦੀ ਚਿੰਤਾ ਸਤਾਉਣ ਲੱਗੀ ਹੈ।
ਹਿੰਡੀ ਨੇ ਆਖਿਆ ਕਿ ਧਮਕੀਆਂ ਮਿਲਣ ਤੋਂ ਬਾਅਦ ਉਹ ਆਪਣੀ ਪਤਨੀ ਤੇ ਬੱਚਿਆਂ ਲਈ ਕਾਫੀ ਚਿੰਤਤ ਹਨ। ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਇਹ ਤਾਂ ਮੁਸਲਮਾਨਾਂ ਨੂੰ ਚੁੱਪ ਕਰਵਾਉਣ ਦੀ ਕੋਸਿ਼ਸ਼ ਹੈ। ਉਨ੍ਹਾਂ ਫੇਸਬੁੱਕ ਉੱਤੇ ਬਿਆਨ ਪਾ ਕੇ ਕਮਿਊਨਿਟੀ ਨੂੰ ਅੱਤਵਾਦ ਤੇ ਨਫਰਤ ਖਿਲਾਫ ਖੜ੍ਹੇ ਹੋਣ ਦਾ ਸੱਦਾ ਦਿੱਤਾ। ਆਲੋਚਕਾਂ ਦਾ ਤਰਕ ਹੈ ਕਿ ਧਰਮਨਿਰਪੱਖ ਸਕੂਲ ਸਿਸਟਮ ਵਿੱਚ ਧਰਮ ਨੂੰ ਵੱਖਰੇ ਤੌਰ ਉੱਤੇ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਓਨਟਾਰੀਓ ਦੇ ਬੋਰਡਜ਼, ਪਬਲਿਕ ਤੇ ਕੈਥੋਲਿਕ, ਨੂੰ ਕਾਨੂੰਨੀ ਤੌਰ ਉੱਤੇ ਅਜਿਹੇ ਪ੍ਰਬੰਧ ਕਰਕੇ ਦੇਣੇ ਪੈਂਦੇ ਹਨ ਜਦੋਂ ਉਨ੍ਹਾਂ ਤੋਂ ਧਰਮ ਦੇ ਨਾਂ ਉੱਤੇ ਕੋਈ ਖਾਸ ਗੁਜ਼ਾਰਿਸ਼ ਕੀਤੀ ਜਾਂਦੀ ਹੈ।