ਓਨਟਾਰੀਓ ਵਿੱਚ ਹੁਣ ਬਹੁਤ ਹੀ ਸਸਤੇ ਮੁੱਲ ਮਿਲੇਗੀ ਗਰਭਪਾਤ ਦੀ ਦਵਾਈ

3
ਓਨਟਾਰੀਓ, 3 ਅਗਸਤ (ਪੋਸਟ ਬਿਊਰੋ): ਓਨਟਾਰੀਓ ਵੱਲੋਂ ਸਰਜੀਕਲ ਗਰਭਪਾਤ ਦੇ ਬਦਲ ਵਜੋਂ ਔਰਤਾਂ ਲਈ ਮਾਈਫਜਿ਼ਮੀਸੋ ਨਾਂ ਦੀ ਦਵਾਈ ਬਹੁਤ ਹੀ ਸਸਤੇ ਮੁੱਲ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਨੂੰ ਸਰਜੀਕਲ ਗਰਭਪਾਤ ਦੀ ਥਾਂ ਕਾਫੀ ਸੁਰੱਖਿਅਤ ਤੇ ਅਸਰਕਾਰੀ ਮੈਡੀਕਲ ਬਦਲ ਦੱਸਿਆ ਜਾ ਰਿਹਾ ਹੈ।
ਮਨਿਸਟਰ ਆਫ ਦ ਸਟੇਟਸ ਆਫ ਵੁਮਨ ਇੰਦਰਾ ਨਾਇਡੂ-ਹੈਰਿਸ, ਹੈਲਥ ਐਂਡ ਲਾਂਗ ਟਰਮ ਕੇਅਰ ਮੰਤਰੀ ਡਾ. ਐਰਿਕ ਹੌਸਕਿਨਜ਼ ਦੇ ਪੱਖ ਉੱਤੇ ਅੱਜ ਟੋਰਾਂਟੋ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਵੁਮਨਜ਼ ਹੈਲਥ ਇਨ ਵੁਮਨਜ਼ ਹੈਂਡ (ਔਰਤ ਦੀ ਸਿਹਤ ਔਰਤ ਦੇ ਹੱਥ ਹੈ) ਵਿਸੇ਼ ਉੱਤੇ ਐਲਾਨ ਕਰਨ ਪਹੁੰਚੇ ਸਨ। ਉਨ੍ਹਾਂ ਆਖਿਆ ਕਿ 10 ਅਗਸਤ, 2017 ਤੋਂ ਜਿਨ੍ਹਾਂ ਔਰਤਾਂ ਕੋਲ ਯੋਗ ਹੈਲਥ ਕਾਰਡ ਹੋਵੇਗਾ ਤੇ ਜਿਨ੍ਹਾਂ ਕੋਲ ਆਪਣੇ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਦਾ ਲਿਖਿਆ ਨੁਸਖਾ ਹੋਵੇਗਾ ਉਨ੍ਹਾਂ ਨੂੰ ਇਹ ਦਵਾਈ ਸਸਤੇ ਮੁੱਲ ਮਿਲਿਆ ਕਰੇਗੀ। ਪ੍ਰੋਵਿੰਸ ਭਰ ਵਿੱਚ ਇਸ ਪ੍ਰੋਗਰਾਮ ਨਾਲ ਜੁੜੇ ਫਾਰਮਾਸਿਸਟਜ਼ ਕੋਲੋਂ ਹੀ ਇਹ ਦਵਾਈ ਸਸਤੇ ਮੁੱਲ ਮਿਲ ਸਕੇਗੀ।
ਮਾਈਫਜਿ਼ਮੀਸੋ ਨਾਂ ਦੀ ਇਹ ਦਵਾਈ ਮੈਡੀਕਲ ਤੌਰ ਉੱਤੇ ਗਰਭਪਾਤ ਲਈ ਗਰਭ ਠਹਿਰਣ ਤੋਂ ਕੁੱਝ ਸਮੇਂ ਦੇ ਅੰਦਰ ਅੰਦਰ ਲਈ ਜਾ ਸਕਦੀ ਹੈ। ਇਹ ਸੁਰੱਖਿਅਤ ਹੈ, ਅਸਰਦਾਰ ਹੈ ਤੇ ਸਰਜੀਕਲ ਗਰਭਪਾਤ ਲਈ ਚੰਗਾ ਬਦਲ ਹੈ ਜਿਹੜਾ ਔਰਤਾਂ ਆਪ ਹੀ ਅਪਣਾ ਸਕਦੀਆਂ ਹਨ। ਇਸ ਨੂੰ ਸਸਤੇ ਮੁੱਲ ਉੱਤੇ ਮੁਹੱਈਆ ਕਰਵਾਕੇ ਓਨਟਾਰੀਓ ਔਰਤਾਂ ਨੂੰ ਆਪਣੀ ਰੀਪਰੋਡਕਟਿਵ ਸਿਹਤ ਲਈ ਵਧੇਰੇ ਖੁਦਮੁਖ਼ਤਿਆਰੀ ਦੇ ਰਿਹਾ ਹੈ। ਇਸ ਤੋਂ ਇਲਾਵਾ ਵਿੱਤੀ ਅੜਿੱਕਾ ਵੀ ਖ਼ਤਮ ਕੀਤਾ ਜਾ ਰਿਹਾ ਹੈ ਤੇ ਪੇਂਡੂ ਅਤੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਮੈਡੀਕਲ ਤੌਰ ਉੱਤੇ ਗਰਭਪਾਤ ਕਰਵਾਉਣ ਵਿੱਚ ਆਉਣ ਵਾਲੀ ਦਿੱਕਤ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ।
ਓਨਟਾਰੀਓ ਸਿਹਤ ਸੰਭਾਲ ਤੱਕ ਔਰਤਾਂ ਦੀ ਪਹੁੰਚ ਵਧਾ ਰਿਹਾ ਹੈ, ਉਡੀਕ ਸਮੇਂ ਵਿੱਚ ਕਟੌਤੀ ਕਰ ਰਿਹਾ ਹੈ ਅਤੇ ਅੱਜ ਤੇ ਭਵਿੱਖ ਲਈ ਸਿਹਤ ਸੰਭਾਲ ਨੂੰ ਹੋਰ ਮਹਿਫੂਜ਼ ਬਣਾ ਰਿਹਾ ਹੈ।