ਓਨਟਾਰੀਓ ਵਿਨਾਇਲ ਪ੍ਰੋਡਕਟਸ ਫੈਕਟਰੀ ਵਿੱਚ ਲੱਗੀ ਅੱਗ ਉੱਤੇ ਪਾਇਆ ਗਿਆ ਕਾਬੂ


ਓਨਟਾਰੀਓ, 6 ਫਰਵਰੀ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਵਿਨਾਇਲ ਪ੍ਰੋਡਕਟਸ ਫੈਕਟਰੀ ਨੂੰ ਲੱਗੀ ਅੱਗ ਕਾਰਨ ਪੋਰਟ ਕੌਲਬੋਰਨ, ਓਨਟਾਰੀਓ ਵਿੱਚ ਚਾਰੇ ਪਾਸੇ ਧੂੰਏ ਦੇ ਬੱਦਲ ਛਾ ਗਏ।
ਵਿਨਾਇਲ ਵਰਕਜ਼ ਕੈਨੇਡਾ ਫੈਸਿਲਿਟੀ ਉੱਤੇ ਲੱਗੀ ਇਸ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਅਮਲੇ ਨੂੰ ਕਾਫੀ ਮਸ਼ੱਕਤ ਕਰਨੀ ਪਈ। ਇੱਥੋਂ ਨਿਕਲਣ ਵਾਲਾ ਧੂੰਆਂ ਕਈ ਕਿਲੋਮੀਟਰ ਦੂਰ ਤੱਕ ਨਜ਼ਰ ਆ ਰਿਹਾ ਸੀ। ਮੰਗਲਵਾਰ ਦੁਪਹਿਰ ਤੱਕ ਅੱਗ ਉੱਤੇ ਕਾਬੂ ਪਾ ਲਿਆ ਗਿਆ। ਪਰ ਫਾਇਰ ਅਮਲੇ ਵੱਲੋਂ ਕਈ ਥਾਵਾਂ ਉੱਤੇ ਅੱਗ ਬੁਝਾਉਣ ਲਈ ਮਸੱ਼ਕਤ ਵੀ ਕੀਤੀ ਜਾ ਰਹੀ ਹੈ।
ਡਿਪਟੀ ਫਾਇਰ ਚੀਫ ਮਾਈਕ ਬੈਂਡੀਆ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਕਾਫੀ ਹੈਰਾਨੀ ਹੈ ਕਿ ਅੱਗ ਦੀਆਂ ਲਪਟਾਂ ਕਿੰਨੀ ਜਲਦੀ ਇਮਾਰਤ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਫੈਲੀਆਂ। ਇਹ ਇਮਾਰਤ ਹੁਣ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਬੁੱਧਵਾਰ ਸਵੇਰ ਤੱਕ 55 ਫਾਇਰਫਾਈਟਰਜ਼ ਅੱਗ ਉੱਤੇ ਕਾਬੂ ਪਾਉਣ ਲਈ ਮਸੱ਼ਕਤ ਕਰ ਰਹੇ ਸਨ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਬੈਂਡੀਆ ਨੇ ਆਖਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਹੁਣੇ ਕੁੱਝ ਦੱਸਣਾ ਜਲਦਬਾਜ਼ੀ ਵਾਲਾ ਕੰਮ ਹੋਵੇਗਾ।
ਨਾਇਗਰਾ ਰੀਜਨਲ ਪੁਲਿਸ ਵੱਲੋਂ ਇੰਡਸਟਰੀਅਲ ਪਾਰਕ ਦੇ ਨੇੜੇ ਦੋ ਸੜਕਾਂ ਬਲਾਕ ਕਰ ਦਿੱਤੀਆਂ ਗਈਆਂ। ਇੱਥੇ ਨੇੜੇ ਹੀ ਇਹ ਇਮਾਰਤ ਸਥਿਤ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਇਸ ਪਾਸੇ ਜਾਣ ਤੋਂ ਵੀ ਮਨ੍ਹਾ ਕੀਤਾ ਗਿਆ ਹੈ। ਇਸ ਇਮਾਰਤ ਦੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੇ ਘਰਾਂ ਅੰਦਰ ਰਹਿਣ ਤੇ ਖਿੜਕੀਆਂ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ। ਮਨਿਸਟਰੀ ਆਫ ਦ ਐਨਵਾਇਰਮੈਂਟ ਵੱਲੋਂ ਹਵਾ ਦੇ ਮਿਆਰ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਸ ਉੱਤੇ ਨਜ਼ਰ ਰੱਖੀ ਜਾ ਰਹੀ ਹੈ।