ਓਨਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਹੋ ਸਕਦਾ ਹੈ ਵੱਡਾ ਉਲਟਫੇਰ

ਟੋਰਾਂਟੋ, 7 ਜੂਨ (ਪੋਸਟ ਬਿਊਰੋ) : ਅੱਜ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਵੱਡਾ ਉਲਟਫੇਰ ਵੇਖਣ ਨੂੰ ਮਿਲ ਸਕਦਾ ਹੈ। ਤਾਜ਼ਾ ਚੋਣ ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀਜ਼ ਐਨਡੀਪੀ ਨੂੰ ਹਰਾ ਕੇ ਨਵੀਂ ਬਹੁਗਿਣਤੀ ਸਰਕਾਰ ਬਣਾਉਣਗੇ।
ਭਾਵੇਂ ਐਨਡੀਪੀ ਜਾਂ ਕੰਜ਼ਰਵੇਟਿਵਾਂ ਵਿੱਚੋਂ ਕੋਈ ਵੀ ਪਾਰਟੀ ਜਿੱਤੇ ਪਰ ਇਸ ਨਾਲ 15 ਸਾਲ ਪੁਰਾਣੀ ਲਿਬਰਲ ਸਰਕਾਰ ਦੀ ਹਾਰ ਹੋਣੀ ਤਾਂ ਤੈਅ ਹੈ। ਇੱਥੋਂ ਤੱਕ ਕਿ ਪ੍ਰੀਮੀਅਰ ਕੈਥਲੀਨ ਵਿੰਨ ਨੇ ਤਾਂ ਆਪ ਪਿਛਲੇ ਹਫਤੇ ਇਹ ਮੰਨਿਆ ਹੈ ਕਿ ਇਸ ਵਾਰੀ ਉਹ ਨਹੀਂ ਜਿੱਤੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਤੇ ਐਨਡੀਪੀ ਵਿਚਾਲੇ ਫਸਵਾਂ ਮੁਕਾਬਲਾ ਦੱਸਿਆ ਜਾ ਰਿਹਾ ਹੈ। ਪੂਰੀ ਕੈਂਪੇਨ ਦੌਰਾਨ ਹੀ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਟੱਕਰ ਦਿੰਦੀਆਂ ਨਜ਼ਰ ਆਈਆਂ। ਇੱਕ ਵਾਰੀ ਡਿੱਗਣ ਤੋਂ ਬਾਅਦ ਟੋਰੀਜ਼ ਨੇ ਆਪਣੀ ਲੀਡ ਬਰਕਰਾਰ ਰੱਖੀ। ਕਿਆਸਅਰਾਈਆਂ ਇਹ ਹਨ ਕਿ ਟੋਰੀਜ਼ ਬਹੁਗਿਣਤੀ ਸੀਟਾਂ ਲੈ ਕੇ ਜਿੱਤ ਦਰਜ ਕਰਵਾਉਣਗੇ।
ਟੋਰੀ ਆਗੂ ਫੋਰਡ ਨੇ ਕਈ ਤਰ੍ਹਾਂ ਦੇ ਵਾਅਦੇ ਇਸ ਵਾਰੀ ਓਨਟਾਰੀਓ ਵਾਸੀਆਂ ਨਾਲ ਕੀਤੇ ਹਨ, ਜਿਨ੍ਹਾਂ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ਪਿੱਛੇ 10 ਸੈਂਟ ਦੀ ਕਟੌਤੀ ਤੋਂ ਲੈ ਕੇ ਹਾਈਡਰੋ ਬਿੱਲਾਂ ਵਿੱਚ ਕਟੌਤੀ ਕੀਤੇ ਜਾਣਾ ਸ਼ਾਮਲ ਹਨ। ਪਰ ਪਲੇਟਫਾਰਮ ਜਾਰੀ ਨਾ ਕੀਤੇ ਜਾਣ ਲਈ ਅਖੀਰ ਤੱਕ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਰਹੀ। ਕੈਂਪੇਨ ਮੁੱਕਣ ਵਿੱਚ ਜਦੋਂ ਇੱਕ ਹਫਤਾ ਰਹਿ ਗਿਆ ਤਾਂ ਪਾਰਟੀ ਨੇ ਵਾਅਦਿਆਂ ਦੀ ਇੱਕ ਸੂਚੀ ਜਾਰੀ ਕਰ ਦਿੱਤੀ ਤੇ ਉਸ ਦੇ ਨਾਲ ਹੀ ਇਨ੍ਹਾਂ ਉੱਤੇ ਆਉਣ ਵਾਲਾ ਖਰਚਾ ਵੀ ਬਕਾਇਦਾ ਦੱਸਿਆ ਗਿਆ। ਪਰ ਇਸ ਦੀ ਅਦਾਇਗੀ ਕਿਸ ਖਾਤੇ ਵਿੱਚੋਂ ਹੋਵੇਗੀ ਇਹ ਨਹੀਂ ਦੱਸਿਆ ਗਿਆ। ਇਸ ਕਾਰਨ ਸਰਕਾਰ ਨੂੰ ਕਿੰਨਾ ਘਾਟਾ ਪਵੇਗਾ ਤੇ ਕਿੰਨੀ ਦੇਰ ਤੱਕ ਇਹ ਚੱਲੇਗਾ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਅਖੀਰ ਵਿੱਚ ਸਾਬਕਾ ਤੇ ਮਰਹੂਮ ਮੇਅਰ ਰੌਬ ਫੋਰਡ ਦੀ ਵਿਧਵਾ ਵੱਲੋਂ ਫੋਰਡ ਉੱਤੇ ਆਪਣੇ ਭਰਾ ਦੀ ਜਾਇਦਾਦ ਨਾਲ ਛੇੜਛਾੜ ਕਰਨ ਦੇ ਸਬੰਧ ਵਿੱਚ ਮੁਕੱਦਮਾ ਕਰ ਦਿੱਤਾ ਗਿਆ। ਇਹ ਵੀ ਦੋਸ਼ ਲਾਇਆ ਗਿਆ ਕਿ ਪਰਿਵਾਰਕ ਕੰਪਨੀ ਨੂੰ ਫੋਰਡ ਨੇ ਗਲਤ ਪ੍ਰਬੰਧਨ ਰਾਹੀਂ ਕਾਫੀ ਨੁਕਸਾਨ ਪਹੁੰਚਾਇਆ ਤੇ ਉਸ ਦਾ ਤੇ ਉਸ ਦੇ ਬੱਚਿਆਂ ਦਾ ਹੱਕ ਮਾਰ ਦਿੱਤਾ। ਆਪਣਾ ਆਖਰੀ ਪੱਤਾ ਖੇਡਦਿਆਂ ਫੋਰਡ ਨੇ ਆਪਣੀ ਮਜ਼ਬੂਤ ਟੀਮ ਜਿਸ ਵਿੱਚ ਸਾਬਕਾ ਵਿਧਾਇਕ ਕ੍ਰਿਸਟੀਨ ਐਲੀਅਟ, ਵਕੀਲ ਤੇ ਬਿਜ਼ਨਸਵੁਮਨ ਕੈਰੋਲੀਨ ਮਲਰੋਨੀ ਤੇ ਸਾਬਕਾ ਪੋਸਟਮੀਡੀਆ ਐਗਜ਼ੈਕਟਿਵ ਤੇ ਓਨਟਾਰੀਓ ਲਾਟਰੀ ਐਂਡ ਗੇਮਿੰਗ ਕਾਰਪੋਰੇਸ਼ਨ ਦੇ ਸੀਈਓ ਰੌਡ ਫਿਲਿਪਜ਼ ਸ਼ਾਮਲ ਹਨ, ਨਾਲ ਓਨਟਾਰੀਓ ਵਾਸੀਆਂ ਨੂੰ ਤਸੱਲੀ ਦੇਣ ਦੀ ਕੋਸਿ਼ਸ਼ ਕੀਤੀ।
ਐਨਡੀਪੀ ਆਗੂ ਐਂਡਰੀਆ ਹੌਰਵਥ ਨੂੰ ਸਾਰਿਆਂ ਦੀ ਪਸੰਦੀਦਾ ਆਗੂ ਦੱਸਿਆ ਗਿਆ। ਇਸੇ ਲਈ ਵਾਰੀ ਵਾਰੀ ਫੋਰਡ ਵੱਲੋਂ ਇਹ ਆਖਿਆ ਗਿਆ ਕਿ ਐਨਡੀਪੀ ਦੀ ਟੀਮ ਤਜਰਬੇਕਾਰ ਨਹੀਂ ਹੈ। ਅਖੀਰ ਵਿੱਚ ਤਾਂ ਲਿਬਰਲ ਆਗੂ ਕੈਥਲੀਨ ਵਿੰਨ ਓਨਟਾਰੀਓ ਵਾਸੀਆਂ ਕੋਲੋਂ ਇਹ ਤਰਲਾ ਕਰਦੀ ਵੀ ਸੁਣੀ ਗਈ ਕਿ ਉਨ੍ਹਾਂ ਦੀ ਪਾਰਟੀ ਦੇ ਕੁੱਝ ਮੈਂਬਰਾਂ ਨੂੰ ਹੀ ਜਿਤਾ ਦਿੱਤਾ ਜਾਵੇ।