ਓਟਵਾ ਏਅਰਪੋਰਟ ਉੱਤੇ ਚੇਹਰੇ ਦੀ ਸ਼ਨਾਖ਼ਤ ਲਈ ਲਾਏ ਜਾਣਗੇ ਕਿਓਸਕ

travel-ban-preparationsਓਟਵਾ, 20 ਮਾਰਚ (ਪੋਸਟ ਬਿਊਰੋ) : ਤੁਹਾਡੀਆਂ ਛੁੱਟੀਆਂ ਮੁੱਕਣ ਹੀ ਵਾਲੀਆਂ ਹਨ, ਇਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਜਹਾਜ਼ ਵਿੱਚੋਂ ਉਤਰਦੇ ਸਮੇਂ ਫਲਾਈਟ ਅਟੈਂਡੈਂਟ ਡੈਕਲੇਰੇਸ਼ਨ ਫਾਰਮਜ਼ ਫੜਾਉਂਦੇ ਹਨ ਤੇ ਯਾਤਰੀ ਪੈੱਨ ਲੱਭਣ ਲੱਗ ਜਾਂਦੇ ਹਨ। ਪਰ ਹੁਣ ਇਸ ਪੇਪਰ ਫਾਰਮ ਦੇ ਦਿਨ ਗਿਣੇ-ਚੁਣੇ ਹੀ ਰਹਿ ਗਏ ਹਨ।
ਸੋਮਵਾਰ ਤੋਂ ਸ਼ੁਰੂ ਹੋ ਰਹੀ ਇਸ ਤਰ੍ਹਾਂ ਦੀ ਸੇਵਾ ਸਬੰਧੀ ਕੌਮਾਂਤਰੀ ਉਡਾਨਾਂ ਰਾਹੀ ਓਟਵਾ ਏਅਰਪੋਰਟ ਪਹੁੰਚਣ ਵਾਲੇ ਯਾਤਰੀਆਂ ਨੂੰ ਇੱਕ ਸੈਲਫ ਸਰਵਿਸ ਖੋਖੇ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤੇ ਇਸ ਨੂੰ ਪ੍ਰਾਇਮਰੀ ਇੰਸਪੈਕਸ਼ਨ ਕਿਓਸਕ ਦਾ ਨਾਂ ਦਿੱਤਾ ਗਿਆ ਹੈ। ਅਜਿਹਾ ਯਾਤਰੀਆਂ ਦੇ ਆਗਮਨ ਦੀ ਪ੍ਰਕਿਰਿਆ ਨੂੰ ਤੇਜ਼ ਤੇ ਸੁਖਾਲਾ ਕਰਨ ਲਈ ਕੀਤਾ ਜਾ ਰਿਹਾ ਹੈ।
ਯਾਤਰੀ ਦੀ ਪਛਾਣ ਦਾ ਪਤਾ ਲਾਉਣ ਲਈ ਇਸ ਨਵੇਂ ਖੋਖੇ ਵਿੱਚ ਆਪਣੇ ਆਪ ਯਾਤਰੀ ਦੀ ਤਸਵੀਰ ਲਈ ਜਾਵੇਗੀ ਤੇ ਉਸ ਨੂੰ ਸਬੰਧਤ ਵਿਅਕਤੀ ਦੀ ਪਾਸਪੋਰਟ ਉੱਤੇ ਲੱਗੀ ਤਸਵੀਰ ਨਾਲ ਮਿਲਾ ਕੇ ਵੇਖਿਆ ਜਾਵੇਗਾ। ਯਾਤਰੀ ਜਾਂ ਤਾਂ ਕਿਓਸਕ ਵਿੱਚ ਆਨ ਸਕਰੀਨ ਡੈਕਲੇਰੇਸ਼ਨ ਮੁਕੰਮਲ ਕਰ ਸਕਣਗੇ ਤੇ ਜਾਂ ਫਿਰ ਨਵੇਂ ਲਾਂਚ ਕੀਤੇ ਗਏ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਸਕੇਗੀ। ਇੱਕ ਵਾਰੀ ਡਾਊਨਲੋਡ ਕਰਨ ਤੋਂ ਬਾਅਦ ਯਾਤਰੀ ਇਸ ਐਪ ਦੀ ਵਰਤੋਂ ਏਅਰਪਲੇਨ ਮੋਡ ਉੱਤੇ ਵੀ ਕਰ ਸਕਣਗੇ। ਇਸ ਨਾਲ ਉਹ ਲੈਂਡ ਕਰਨ ਤੋਂ ਪਹਿਲਾਂ ਹੀ ਇਹ ਫਾਰਮ ਭਰ ਸਕਣਗੇ।
ਫਿਰ ਉਹ ਆਪਣਾ ਸਮਾਨ ਇੱਕਠਾ ਕਰਨ ਤੋਂ ਪਹਿਲਾਂ ਕਿਓਸਕ ਵਿੱਚ ਜਾ ਕੇ ਆਪਣਾ ਫੋਨ ਸਕੈਨ ਕਰ ਸਕਣਗੇ। ਨੈਕਸਸ ਮੈਂਬਰ ਇਸ ਐਪ ਦੀ ਵਰਤੋਂ ਨਹੀਂ ਕਰ ਸਕਣਗੇ ਪਰ ਉਹ ਨੈਕਸਸ ਕਿਓਸਕਸ ਦੀ ਵਰਤੋਂ ਕਰ ਸਕਣਗੇ। ਸਮਾਨ ਲੈਣ ਦਾ ਇੰਤਜ਼ਾਰ ਕਰਨ ਵਾਲੇ ਯਾਤਰੀਆਂ ਨੇ ਐਤਵਾਰ ਨੂੰ ਇਸ ਪ੍ਰਕਿਰਿਆ ਦਾ ਸਵਾਗਤ ਕੀਤਾ।