ਓਂਟਾਰੀਓ ਮਤੇ ਵਿਰੁੱਧ ਮੋਦੀ ਸਰਕਾਰ ਦੇ ਸਟੈਂਡ ਦਾ ਅਕਾਲੀ ਮੈਂਬਰਾਂ ਵੱਲੋਂ ਪਾਰਲੀਮੈਂਟ ਵਿੱਚ ਵਿਰੋਧ

84ਨਵੀਂ ਦਿੱਲੀ, 10 ਅਪਰੈਲ, (ਪੋਸਟ ਬਿਊਰੋ)- ਅਕਾਲੀ ਦਲ ਦੇ ਮੈਂਬਰਾਂ ਨੇ ਅੱਜ ਵਿਦੇਸ਼ ਮੰਤਰਾਲੇ ਨੂੰ ਉਹ ਬਿਆਨ ਵਾਪਸ ਲੈਣ ਨੂੰ ਆਖਿਆ, ਜਿਸ ਵਿੱਚ ਮੰਤਰਾਲੇ ਨੇ ਕੈਨੇਡਾ ਦੇ ਓਂਟਾਰੀਓ ਰਾਜ ਦੀ ਅਸੈਂਬਲੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਖ਼ਿਲਾਫ਼ ਪਾਸ ਕੀਤੇ ਮਤੇ ਨੂੰ ਰੱਦ ਕੀਤਾ ਗਿਆ ਹੈ। ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਇਹ ਮੁੱਦਾ ਰਾਜ ਸਭਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਵਿੱਚ ਜ਼ੀਰੋ ਆਵਰ ਦੌਰਾਨ ਉਠਾਇਆ।
ਵਰਨਣ ਯੋਗ ਹੈ ਕਿ ਓਂਟਾਰੀਓ ਮਤੇ ਵਿੱਚ 1984 ਦੀ ਘਟਨਾ ਨੂੰ ‘ਸਿੱਖ ਨਸਲਕੁਸ਼ੀ’ ਕਰਾਰ ਦਿੱਤੇ ਜਾਣ ਦਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਵਿਰੋਧ ਕੀਤਾ ਸੀ। ਅਕਾਲੀ ਪਾਰਲੀਮੈਂਟ ਮੈਂਬਰ ਨਰੇਸ਼ ਗੁਜਰਾਲ ਨੇ ਇਸ ਨੂੰ ਮੌਕੇ ਦੇ ਪੁਲੀਸ ਤੰਤਰ ਤੇ ਸਰਕਾਰੀ ਸ਼ਹਿ ਉੱਤੇ ਹੋਇਆ ਕਤਲੇਆਮ ਮੰਨਦੇ ਹੋਏ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਤਿੰਨ ਦਿਨ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ ਤੇ ਸਰਕਾਰ ਅਤੇ ਪੁਲੀਸ ਨੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਘੱਟ ਗਿਣਤੀ ਉਸ ਕੌਮ ਦੇ ਲੋਕ ਉਨ੍ਹਾਂ ਦੀਆਂ ਪੱਗਾਂ-ਦਾੜ੍ਹੀਆਂ ਅਤੇ ਨਾਵਾਂ ਕਾਰਨ ਮਾਰ ਦਿੱਤੇ ਗਏ, ਜਿਨ੍ਹਾਂ ਨੇ ਦੇਸ਼ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਓਂਟਾਰੀਓ ਮਤੇ ਦੇ ਖਿਲਾਫ ਦਿੱਤੇ ਆਪਣੇ ਬਿਆਨ ਨੂੰ ਵਾਪਸ ਲਵੇ ਅਤੇ ਸਦਨ ਅੰਦਰ ਵਿਦੇਸ਼ ਮੰਤਰੀ ਬਿਆਨ ਦੇਵੇ।
ਕਾਂਗਰਸ ਪਾਰਟੀ ਦੇ ਆਨੰਦ ਸ਼ਰਮਾ ਨੇ ਇਹ ਮੁੱਦਾ ਉਠਾਏ ਜਾਣ ਉੱਤੇ ਇਤਰਾਜ਼ ਕੀਤਾ। ਡਿਪਟੀ ਚੇਅਰਮੈਨ ਪੀ ਜੇ ਕੁਰੀਅਨ ਨੇ ਕਿਹਾ ਕਿ ਇਤਰਾਜ਼ ਯੋਗ ਟਿੱਪਣੀਆਂ ਨੂੰ ਰਿਕਾਰਡ ਤੋਂ ਹਟਾ ਦਿੱਤਾ ਜਾਵੇਗਾ। ਵਰਨਣ ਯੋਗ ਹੈ ਕਿ ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਸੀ ਕਿ ਭਾਰਤ ਦੇ ਪੱਖ ਤੋਂ ਕੈਨੇਡਾ ਦੀ ਸਰਕਾਰ ਤੇ ਰਾਜਸੀ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਭਾਰਤ ਇਸ ਮਤੇ ਨੂੰ ਰੱਦ ਕਰਦਾ ਹੈ।
ਲੋਕ ਸਭਾ ਵਿੱਚ ਪ੍ਰੋ. ਚੰਦੂਮਾਜਰਾ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਓਂਟਾਰੀਓ ਅਸੈਂਬਲੀ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਕਰਾਰ ਦੇਣ ਦੇ ਮਤੇ ਬਾਰੇ ਲਿਆ ਸਟੈਂਡ ਵਾਪਸ ਲਵੇ। ਉਨ੍ਹਾਂ ਕਿਹਾ ਕਿ ਇਸ ਮਤੇ ਨੂੰ ‘ਗੁੰਮਰਾਹਕੁੰਨ’ ਦੱਸ ਕੇ ਵਾਪਸ ਲੈਣ ਦੀਆਂ ਬੇਤੁਕੀਆਂ ਗੱਲਾਂ ਕਰਨ ਦੀ ਥਾਂ ਸਰਕਾਰ ਨੂੰ ਖੁਦ ਪਾਰਲੀਮੈਂਟ ਵਿਚ ਇਸ ਨਸਲਕੁਸ਼ੀ ਦੀ ਨਿੰਦਾ ਦਾ ਮਤਾ ਪਾਸ ਕਰ ਕੇ ਸਿੱਖਾਂ ਦੀਆਂ ਵਲੂਧਰੀਆਂ ਭਾਵਨਾਵਾਂ ਨੂੰ ਸ਼ਾਂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਸਮੇਤ ਕਰੀਬ ਤਿੰਨ ਹਜ਼ਾਰ ਬੇਕਸੂਰ ਸਿੱਖਾਂ ਨੂੰ ਤਸੀਹੇ ਦੇ ਕੇ ਦਿਨ-ਦਿਹਾੜੇ ਕਤਲ ਕਰ ਦੇਣਾ ਨਸਲਕੁਸ਼ੀ ਤੋਂ ਘੱਟ ਨਹੀਂ ਸੀ। ਅਕਾਲੀ ਆਗੂ ਨੇ ਕਿਹਾ ਕਿ ਉਦੋਂ ਭਾਜਪਾ ਸਮੇਤ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਨਾਲ ਅਟਲ ਬਿਹਾਰੀ ਵਾਜਪਾਈ ਤੇ ਚੰਦਰ ਸ਼ੇਖਰ ਵਰਗੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਵੀ ਇਸ ਨੂੰ ਨਸਲਕੁਸ਼ੀ ਕਿਹਾ ਸੀ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਕੈਨੇਡਾ ਦੇ ਇੱਕ ਰਾਜ ਦੀ ਅਸੈਂਬਲੀ ਵਲੋਂ ‘ਨਸਲਕੁਸ਼ੀ’ ਕਰਾਰ ਦੇਣ ਵਿਰੁੱਧ ਭਾਰਤ ਸਰਕਾਰ ਵਲੋਂ ਲਏ ਸਟੈਂਡ ਦੀ ਘੋਖ ਕਰਨ ਕਿਉਂਕਿ ਇਹ ਕਤਲੇਆਮ ਦੇਸ਼ ਦੇ ਇਕ ਪਰਿਵਾਰ ਦੇ ਇਸ਼ਾਰੇ ਉੱਤੇ ਕੀਤੀ ਗਈ ਯੋਜਨਾਬੱਧ ਨਸਲਕੁਸ਼ੀ ਸੀ। ਇਥੇ ਜਾਰੀ ਕੀਤੇ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੱਕਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਓਂਟਾਰੀਓ ਅਸੈਂਬਲੀ ਦੇ ਪਾਸ ਕੀਤੇ ਮਤੇ ਦੀ ਦੁਨੀਆਂ ਭਰ ਦੇ ਸਿੱਖਾਂ ਨੇ ਸ਼ਲਾਘਾ ਕੀਤੀ ਹੈ।