ਐੱਸ ਪੀ ਸਲਵਿੰਦਰ ਸਿੰਘ ਨੇ 75 ਫੀਸਦੀ ਤਨਖਾਹ ਦੀ ਮੰਗ ਕੀਤੀ

salwinder singh
ਗੁਰਦਾਸਪੁਰ, 3 ਅਗਸਤ (ਪੋਸਟ ਬਿਊਰੋ)- ਪਿਛਲੇ ਸਾਲ ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਮੌਕੇ ਚਰਚਾ ਵਿੱਚ ਆਉਣ ਪਿੱਛੋਂ ਇੱਕ ਹੋਰ ਮਾਮਲੇ ਵਿੱਚ ਸਸਪੈਂਡ ਕੀਤੇ ਗਏ ਪੰਜਾਬ ਪੁਲਸ ਦੇ ਐੱਸ ਪੀ ਸਲਵਿੰਦਰ ਸਿੰਘ ਨੇ ਸਸਪੈਂਸ਼ਨ ਦੇ ਸਮੇਂ ਦੌਰਾਨ ਆਪਣੀ ਤਨਖਾਹ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਦੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ ਪਠਾਨਕੋਟ ਏਅਰਬੇਸ ਉੱਤੇ ਹਮਲੇ ਦੌਰਾਨ ਦਹਿਸ਼ਤਗਰਦਾਂ ਨੇ ਗੁਰਦਾਸਪੁਰ ਦੇ ਐੱਸ ਪੀ ਸਲਵਿੰਦਰ ਸਿੰਘ ਤੇ ਉਸ ਦੇ ਦੋਸਤ ਅਤੇ ਰਸੋਈਏ ਨੂੰ ਅਗਵਾ ਕਰਨ ਪਿੱਛੋਂ ਉਨ੍ਹਾਂ ਦੀ ਕਾਰ ਖੋਹ ਲਈ ਸੀ। ਇਸ ਕੇਸ ਵਿੱਚ ਸਲਵਿੰਦਰ ਸਿੰਘ ਦੀ ਭੂਮਿਕਾ ਬਾਰੇ ਪੈਦਾ ਹੋਏ ਕਈ ਤਰ੍ਹਾਂ ਦੇ ਸ਼ੱਕਾਂ ਕਾਰਨ ਕੇਂਦਰੀ ਜਾਂਚ ਏਜੰਸੀ ਨੇ ਲੰਮਾ ਸਮਾਂ ਉਸ ਤੋਂ ਪੁੱਛਗਿੱਛ ਕੀਤੀ ਸੀ। ਇਸ ਸਾਲ ਅਪ੍ਰੈਲ ਵਿੱਚ ਸਲਵਿੰਦਰ ਸਿੰਘ ਵੱਲੋਂ ਗੁਰਦਾਸਪੁਰ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਪਿੱਛੋਂ ਉਹ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹੈ।
ਮਿਲ ਸਕੀ ਜਾਣਕਾਰੀ ਅਨੁਸਾਰ ਸਲਵਿੰਦਰ ਸਿੰਘ ਬਾਰੇ ਪੰਜਾਬ ਪੰਜਾਬ ਪੁਲਸ ਦਾ ਰੁਖ ਕਾਫੀ ਸਖਤ ਹੈ, ਜਿਸ ਕਾਰਨ ਉਨ੍ਹਾਂ ਦੀ ਸਸਪੈਂਸ਼ਨ ਤੋਂ ਬਾਅਦ ਡੀ ਜੀ ਪੀ ਦਫਤਰ ਨੇ ਉਸ ਦੀ ਜਬਰੀ ਸੇਵਾ ਮੁਕਤੀ ਲਈ ਗ੍ਰਹਿ ਵਿਭਾਗ ਨੂੰ ਲਿਖਿਆ ਹੈ। ਦੂਜੇ ਪਾਸੇ ਨਿਯਮਾਂ ਅਨੁਸਾਰ ਸਲਵਿੰਦਰ ਸਿੰਘ ਨੂੰ ਤਨਖਾਹ ਮਿਲ ਰਹੀ ਹੈ, ਪਰ ਉਸ ਨੇ 75 ਫੀਸਦੀ ਤਨਖਾਹ ਦੇਣ ਦੀ ਮੰਗ ਕੀਤੀ ਹੈ। ਡੀ ਜੀ ਪੀ ਦਫਤਰ ਨੇ ਇਸ ਵਾਧੇ ਲਈ ਸਿਫਾਰਸ਼ ਨਹੀਂ ਕੀਤੀ ਅਤੇ ਗ੍ਰਹਿ ਵਿਭਾਗ ਸਾਰੇ ਤੱਥ ਵੇਖ ਕੇ ਫੈਸਲਾ ਲੈਣ ਲੱਗਾ ਹੋਇਆ ਹੈ ਕਿ ਡੀ ਜੀ ਪੀ ਦਫਤਰ ਦੀ ਸਿਫਾਰਸ਼ ਮੁਤਾਬਕ ਸਲਵਿੰਦਰ ਸਿੰਘ ਨੂੰ ਜਬਰੀ ਸੇਵਾਮੁਕਤ ਕੀਤਾ ਜਾਵੇ ਅਤੇ ਜਾਂ ਉਸ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੇ ਇਲਾਵਾ ਕੋਈ ਹੋਰ ਕਾਰਵਾਈ ਕੀਤੀ ਜਾਵੇ। ਇਸ ਸਥਿਤੀ ਵਿੱਚ ਗ੍ਰਹਿ ਵਿਭਾਗ ਨੇ ਪਠਾਨਕੋਟ ਹਮਲੇ ਨਾਲ ਸੰਬੰਧਤ ਸਾਰੇ ਤੱਥ ਜੁਟਾਉਣ ਦੇ ਇਲਾਵਾ ਐੱਨ ਆਈ ਏ ਦੀ ਰਿਪੋਰਟ ਵਿੱਚ ਸਲਵਿੰਦਰ ਸਿੰਘ ਨਾਲ ਸੰਬੰਧਤ ਕੇਸ ਵਿੱਚ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਘੋਖ ਸ਼ੁਰੂ ਕੀਤੀ ਹੈ, ਜਿਸ ਉਪਰੰਤ ਅਗਲੀ ਕਾਰਵਾਈ ਹੋਣ ਦੀ ਉਮੀਦ ਹੈ।