ਐੱਸ ਐੱਚ ਓ ਸਮੇਤ ਰਿਸ਼ਵਤ ਲੈਂਦੇ ਦੋ ਪੁਲਸ ਮੁਲਾਜ਼ਮ ਗ੍ਰਿਫਤਾਰ

arrested taking bribe
ਫਿਰੋਜ਼ਪੁਰ, 12 ਸਤੰਬਰ (ਪੋਸਟ ਬਿਊਰੋ)- ਗੁਰੂ ਹਰਸਹਾਏ ਡਿਵੀਜ਼ਨ ਦੇ ਥਾਣਾ ਅਮੀਰ ਖਾਸ ਦੇ ਐੱਸ ਐੱਚ ਓ ਸਾਹਿਬ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ। ਤਿੰਨ ਦਿਨ ਪਹਿਲਾਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ। ਉਸ ਉੱਤੇ ਮੋਗਾ ਵਿਜੀਲੈਂਸ ਦੇ ਡੀ ਐੱਸ ਪੀ ਪਲਵਿੰਦਰ ਸਿੰਘ ਨੇ ਪੀੜਤ ਨੂੰ ਨੋਟ ਰੰਗ ਕੇ ਅਤੇ ਉਨ੍ਹਾਂ ਦੇ ਨੰਬਰ ਲਿਖ ਕੇ ਦਿੱਤੇ ਸਨ, ਤਾਂ ਕਿ ਦੋਸ਼ੀ ਨੂੰ ਰੰਗੇ ਹੱਥੀਂ ਫੜਿਆ ਜਾ ਸਕੇ। ਐੱਸ ਐੱਚ ਓ ਨੇ ਕਣਕ ਨਾਲ ਭਰਿਆ ਟਰੱਕ ਫੜਿਆ ਸੀ, ਜਿਸ ਨੂੰ ਛੱਡਣ ਲਈ ਵਿਜੇ ਕੁਮਾਰ ਤੋਂ ਰਿਸ਼ਵਤ ਮੰਗ ਰਿਹਾ ਸੀ।
ਇਸ ਦੌਰਾਨ ਵਿਜੀਲੈਂਸ ਪਟਿਆਲਾ ਦੀ ਟੀਮ ਨੇ ਕੱਲ੍ਹ ਥਾਣਾ ਤਿ੍ਰਪੜੀ ਦੇ ਏ ਐਸ ਆਈ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਹ ਰਕਮ ਉਸ ਨੇ ਥਾਣੇ ਵਿੱਚ ਦਰਜ ਇੱਕ ਕੇਸ ਵਿੱਚ ਫਸੀ ਕਾਰ ਨੂੰ ਰਿਲੀਜ ਕਰਨ ਲਈ ਮੰਗੀ ਸੀ। ਵਿਜੀਲੈਂਸ ਨੇ ਏ ਐੱਸ ਆਈ ਵਿਰੁੱਧ ਕੇਸ ਦਰਜ ਕਰ ਕੇ ਅੱਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਇੰਸਪੈਕਟਰ ਪਰਮਜੀਤ ਦੇ ਮੁਤਾਬਕ ਥਾਣਾ ਤਿ੍ਰਪੜੀ ਪੁਲਸ ਵਿੱਚ ਨੌਂ ਸਤੰਬਰ ਨੂੰ 29 ਪੇਟੀਆਂ ਸ਼ਰਾਬ ਨਾਲ ਇੱਕ ਗੱਡੀ ਫੜ ਕੇ ਹੇਮੰਤ ਸਿੰਘ ਅਤੇ ਆਦਰਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਸ ਸਿਲਸਿਲੇ ਵਿੱਚ ਅਦਾਲਤ ਨੇ ਡਸਟਰ ਗੱਡੀ ਨੂੰ ਰਿਲੀਜ ਕਰਨ ਦਾ ਆਰਡਰ ਦਿੱਤਾ ਸੀ, ਪਰ ਏ ਐੱਸ ਆਈ ਜਗੀਰ ਸਿੰਘ ਨੇ ਗੱਡੀ ਨੂੰ ਰਿਲੀਜ ਕਰਨ ਦੀ 20 ਰੁਪਏ ਰਿਸ਼ਵਤ ਮੰਗੀ। ਫਿਰ ਸੌਦਾ 10000 ਉੱਤੇ ਹੋ ਗਿਆ। ਕੱਲ੍ਹ ਵਿਜੀਲੈਂਸ ਨੇ ਏ ਐੱਸ ਆਈ ਨੂੰ ਸ਼ਿਕਾਇਤ ਕਰਤਾ ਤੋਂ 10 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।